ਵਿਚਾਰ ਅਤੇ ਰੰਗ ਮੰਚ ਦਾ ਸੁਮੇਲ ਪੰਜਾਬੀ ਚੇਤਨਾ ਜਗਾਉਣ ਵਿਚ ਹੋਵੇਗਾ ਸਹਾਈ — ਡਾ. ਸਵਰਾਜ ਸਿੰਘ

ਮਾਲਵਾ ਰਿਸਰਚ ਸੈਂਟਰ ਅਤੇ ਗੁਰਮਤਿ ਲੋਕਧਾਰਾ ਵਿਚਾਰ ਮੰਚ ਵੱਲੋਂ ਭਾਸ਼ਾ ਭਵਨ ਪਟਿਆਲਾ ਵਿਚ ਇੱਕ ਰੰਗਾ ਰੰਗ ਪ੍ਰੋਗਰਾਮ ਅਜ਼ਾਦੀ: ਭਗਤ ਸਿੰਘ ਦਾ ਸੁਪਨਾ ਆਯੋਜਿਤ ਕੀਤਾ ਗਿਆ। ਡਾ. ਸਵਰਾਜ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਅਨਾਇਤ ਦੀ ਸਕਰਿਪਟ ਅਤੇ ਨਿਰਦੇਸ਼ਣ ਹੇਠ ਨਾਟਕ ਜਿਥੇ ਸੂਰਜ ਕਦੇ ਨਹੀਂ ਡੁੱਬਦਾ ਪੇਸ਼ ਕੀਤਾ। ਡਾ. ਸਵਰਾਜ ਸਿੰਘ ਨੇ ਕਿਹਾ ਕਿ “ਅਸੀਂ ਇੱਕ ਵਿਲੱਖਣ ਤਜਰਬਾ ਕਰ ਰਹੇ ਹਾਂ ਜਿਸ ਵਿਚ ਵਿਚਾਰ ਅਤੇ ਰੰਗਮੰਚ ਦਾ ਸੁਮੇਲ ਕਰਕੇ ਪੰਜਾਬੀ ਚੇਤਨਾ ਨੂੰ ਜਗਾਉਣ ਦਾ ਯਤਨ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਭਗਤ ਸਿੰਘ ਬਾਰੇ ਬੇਲੋੜਾ ਵਿਵਾਦ ਮੰਦਭਾਗਾ ਹੈ, ਅਸੀਂ ਭਗਤ ਸਿੰਘ ਦੀ ਇਤਿਹਾਸਕ ਭੂਮਿਕਾ ਬਾਰੇ ਸੰਵਾਦ ਰਚਾਉਣ ਦਾ ਯਤਨ ਕੀਤਾ ਹੈ, ਭਗਤ ਸਿੰਘ ਦੇ ਅਜ਼ਾਦੀ ਬਾਰੇ ਖਦਸ਼ਿਆਂ ਪ੍ਰਤੀ ਚਿੰਤਾਵਾਂ ਤੋਂ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਸਦੀ ਸੋਚ ਦਾ ਪੱਧਰ ਕੀ ਸੀ। ਉਸਨੇ ਕਿਹਾ ਸੀ ਕਿ ਅਜ਼ਾਦੀ ਤੋਂ ਬਾਅਦ ਗੋਰੇ ਅੰਗਰੇਜਾਂ ਦੀ ਥਾਂ ਕਾਲੇ ਅੰਗਰੇਜ਼ ਲੈ ਸਕਦੇ ਹਨ ਅਤੇ ਅਜ਼ਾਦੀ ਦੇ ਲਾਭ ਇੱਕ ਸੀਮਤ ਸ਼ਰੇਸ਼ਠ ਵਰਗ ਤੱਕ ਸੀਮਤ ਹੋ ਸਕਦੇ ਹਨ ਅਤੇ ਬਹੁਤ ਸਾਰੇ ਲੋਕ ਇਨ੍ਹਾਂ ਤੋਂ ਵਾਂਝੇ ਰਹਿ ਸਕਦੇ ਹਨ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਪੰਜਾਬ ਦੀ ਵੰਡ, ਹਰਾ ਇਨਕਲਾਬ ਅਤੇ ਹੁਣ ਦਾ ਪਰਵਾਸ ਸਭ ਪੰਜਾਬ ਤੇ ਸਾਮਰਾਜੀ ਮਸਲੇ ਦਾ ਨਤੀਜਾ ਹਨ। ਪੰਜਾਬੀਆਂ ਨੂੰ ਆਪਣਾ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਸਾਮਰਾਜੀ ਖਪਤਕਾਰੀ ਸਭਿਆਚਾਰ ਦੇ ਹਮਲੇ ਤੋਂ ਬਚਾਉਣ ਲਈ ਸੰਘਰਸ਼ ਕਰਨਾ ਪਏਗਾ। ਇਸ ਮੰਤਵ ਲਈ ਬੁੱਧੀਜੀਵੀ ਅਤੇ ਰੰਗ ਮੰਚੀ ਉਸਾਰੂ ਭੂਮਿਕਾ ਨਿਭਾਅ ਸਕਦੇ ਹਨ। ਨਾਟਕ ਜਿੱਥੇ ਸੂਰਜ ਕਦੇ ਹੀਂ ਡੁੱਬਦਾ ਪੰਜਾਬ ਦੀ ਵੰਡ ਦਾ ਦੁਖਾਂਤ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ, ਨਾਟਕ ਇਹ ਦਰਸਾਉਂਦਾ ਹੈ ਕਿ ਸਾਨੂੰ ਮਿਲਣ ਵਾਲੀ ਅਜ਼ਾਦੀ ਭਗਤ ਸਿੰਘ ਦੇ ਸੁਪਨਿਆਂ ਤੋ਼ ਕਿੰਨੀ ਦੂਰ ਹੈ। ਕੁਝ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ ਅਤੇ ਗਾਇਕਾਂ ਨੇ ਗੀਤ ਵੀ ਸੁਣਾਏ। ਜ਼ਸਨਪ੍ਰੀਤ ਸਿੰਘ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਬਹੁਤ ਸੋਹਣੀ ਦਸਤਾਰ ਸਜਾਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਪ੍ਰੋਗਰਾਮ ਵਿਚ ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ, ਇਕਬਾਲ ਗੱਜਣ, ਟਿੱਮੀ ਗਿੱਲ, ਗੋਪਾਲ ਸ਼ਰਮਾ, ਬਲਵਿੰਦਰ ਸਿੰਘ ਭੱਟੀ, ਗੁਰਿੰਦਰਜੀਤ ਕੌਰ ਖਹਿਰਾ, ਡਾ. ਜਗਰਾਜ ਸਿੰਘ, ਸਦੀਵ ਗਿੱਲ, ਦਰਸ਼ਨ ਕੌਰ ਭੀਖੀ, ਸੰਦੀਪ ਸਿੰਘ, ਚਰਨਜੀਤ ਸਿੰਘ, ਗੁਰਦੀਪ, ਡਾ. ਮਿਨਾਕਸ਼ੀ ਵਰਮਾ, ਰਾਮ ਸਿੰਘ, ਪ੍ਰਿੰਸੀਪਲ ਸੀ.ਆਰ. ਮਿੱਤਲ, ਇੰਜੀਨੀਅਰ, ਆਰ.ਐਸ ਸਿਆਣੂ, ਇੰਜ. ਠਾਣਾ ਸਿੰਘ, ਇੰਜ ਜੇ.ਪੀ. ਸਿੰਘ, ਰੇਵਿਨ, ਅੰਜੂ, ਸੰਦੀਪ ਕੈਲੇ, ਇੰਜ. ਗੁਰਨੇਕ ਭੱਟੀ ਅਤੇ ਜ਼ੋਗਾ ਸਿੰਘ ਵੀ ਹਾਜ਼ਰ ਸਨ, ਲਕਸ਼ਮੀ ਨਰਾਇਣ ਭੀਖੀ ਨੇ ਸਟੇਜ਼ ਦੀ ਕਾਰਵਾਈ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ।