ਨਿਊ ਸਾਊਥ ਵੇਲਜ਼ ਅੰਦਰ ਨੌਜਵਾਨ ਸਲਾਹਕਾਰਾਂ ਦੀ ਕਾਂਸਲ ਲਈ ਅਰਜ਼ੀਆਂ ਦੀ ਮੰਗ

ਭਾਈਚਾਰਕ ਸਾਂਝਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਉਸਾਰੂ ਕੰਮਾਂ ਲਈ ਨਿਊ ਸਾਊਥ ਵੇਲਜ਼ ਸਰਕਾਰ ਨੇ 2021 ਦੇ ਨਿਊ ਸਾਊਥ ਵੇਲਜ਼ ਯੂਥ ਐਡਵਾਈਜ਼ਰੀ ਕਾਂਸਲ ਲਈ ਨੌਜਵਾਨ ਲੀਡਰਾਂ ਅਤੇ ਵਕੀਲਾਂ ਕੋਲੋਂ ਅਰਜ਼ੀਆਂ ਮੰਗੀਆਂ ਹਨ। ਸਬੰਧਤ ਵਿਭਾਗਾਂ ਦੇ ਮੰਤਰੀ ਗਰੈਥ ਵਾਰਡ ਨੇ ਕਿਹਾ ਕਿ ਉਕਤ 12 ਮੈਂਬਰੀ ਕਾਂਸਲ ਦਾ ਸਮਾਜਿਕ ਪੱਧਰ ਉਪਰ ਬਹੁਤ ਗਹਿਰਾ ਪ੍ਰਭਾਵ ਹੁੰਦਾ ਹੈ ਅਤੇ ਇਸ ਦਾ ਸਿੱਧਾ ਸਿੱਧਾ ਅਸਰ ਰਾਜ ਪੱਧਰੀ ਨੌਜਵਾਨਾਂ ਦੀ ਸੋਚ ਸਮਝ ਉਪਰ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਂਸਲ ਨਾਲ ਸਾਡੇ ਅੱਜ ਅਤੇ ਆਉਣ ਵਾਲੇ ਕੱਲ੍ਹ ਬਾਰੇ ਗੰਭੀਰ ਵਿਚਾਰਾਂ ਕੀਤੀਆਂ ਜਾ ਸਕਦੀਆਂ ਹਨ ਅਤੇ ਨੀਤੀਆਂ ਨੂੰ ਉਸੇ ਸਵਰੂਪ ਵਿੱਚ ਢਾਲਿਆ ਵੀ ਜਾ ਸਕਦਾ ਹੈ। ਇਸ ਵਿੱਚ ਸ਼ਾਮਿਲ ਨੌਜਵਾਨਾਂ ਕੋਲੋਂ ਉਨ੍ਹਾਂ ਦੇ ਦਿਲ ਦੇ ਨਜ਼ਦੀਕ ਦੀਆਂ ਗੱਲਾਂ ਅਤੇ ਉਨ੍ਹਾਂ ਦੀਆਂ ਭਾਵਨਾਤਮਕ ਸ਼ੈਲੀਆਂ ਦੇ ਮੱਦੇਨਜ਼ਰ ਹੀ ਸਮਾਜ ਦਾ ਰੂਪ ਦੇਖਿਆ ਜਾਂਦਾ ਹੈ। ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਉਕਤ ਕਾਂਸਲ, ਰਾਜ ਸਰਕਾਰ ਦੇ ਅਧਿਕਾਰੀਆਂ ਦੇ ਬਹੁਤ ਨਜ਼ਦੀਕ ਰਹਿੰਦੀ ਹੈ ਅਤੇ ਆਪਣੀ ਸੋਚਣੀ ਅਤੇ ਸਮਝਣੀ ਮੁਤਾਬਿਕ ਹਰ ਪੱਖ ਵਿੱਚ ਆਪਣੀ ਉਸਾਰੂ ਰਾਇ ਪੇਸ਼ ਕਰਦੀ ਹੈ। ਦਿਮਾਗੀ ਸਿਹਤ, ਖੇਤਰੀ ਯੂਥ ਅਤੇ ਵੂਮੇਨ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਬਰੋਨੀ ਟੇਲਰ ਦਾ ਕਹਿਣਾ ਹੈ ਕਿ ਯੂਥ ਐਡਵਾਈਜ਼ਰੀ ਕਾਂਸਲ ਹੋਰ ਮੁੱਦਿਆਂ ਦੇ ਨਾਲ ਨਾਲ ਖੇਤਰੀ ਅਤੇ ਪਿੰਡਾਂ ਵਾਲੇ ਪਿਛੋਕੜ ਦੀਆਂ ਆਵਾਜ਼ਾਂ, ਭਾਵਨਾਵਾਂ ਅਤੇ ਲੋੜੀਂਦੀਆਂ ਜ਼ਰੂਰਤਾਂ ਆਦਿ ਦੀਆਂ ਆਵਾਜ਼ਾਂ ਨੂੰ ਵੀ ਬੁਲੰਦ ਕਰਦੀ ਹੈ ਅਤੇ ਸਰਕਾਰ ਤੱਕ ਸਿੱਧੇ ਤੌਰ ਤੇ ਪਹੁੰਚਾਉਂਦੀ ਹੈ। ਇਸ ਕਾਂਸਲ ਵਿੱਚ 12 ਤੋਂ 24 ਸਾਲਾਂ ਤੱਕ ਦੇ ਨੌਜਵਾਨ ਆਪਦੀਆਂ ਅਰਜ਼ੀਆਂ ਨੂੰ 12 ਮਾਰਚ ਤੱਕ ਸਰਕਾਰ ਕੋਲ ਜਮ੍ਹਾਂ ਕਰਵਾ ਸਕਦੇ ਹਨ ਅਤੇ ਇਸ ਸਬੰਧੀ ਜ਼ਿਆਦਾ ਜਾਣਕਾਰੀ ਵਾਸਤੇ https://www.acyp.nsw.gov.au/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×