
ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਸਮੁੰਦਰੀ ਕਿਨਾਰਿਆਂ ਆਦਿ ਜਿੱਥੇ ਕਿ ਪਾਣੀ ਨਾਲ ਸਬੰਧਤ ਖੇਡਾਂ ਕੀਤੀਆਂ ਜਾਂਦੀਆਂ ਹਨ, ਜਿਵੇਂ ਕਿ ਬੋਟਿੰਗ ਆਦਿ, ਉਥੇ ਸਮੁੰਦਰੀ ਪਾਣੀਆਂ ਵਿੱਚੋਂ ਗਾਰ ਆਦਿ ਕੱਢਣ ਅਤੇ ਸਾਫ ਸਫਾਈ ਦਾ ਕੰਮ ਅਧਿਕਾਰਿਕ ਤੌਰ ਤੇ ਬੀਤੇ ਕੱਲ੍ਹ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਵਾਸਤੇ ਸਥਾਨਕ ਕਾਂਸਲਾਂ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਤਾਂ ਕਿ ਉਨ੍ਹਾਂ ਦੇ ਇਲਾਕਿਆਂ ਵਿੱਚ ਸਥਾਨਕ ਤੌਰ ਤੇ ਹੀ ਇਸ ਕੰਮ ਨੂੰ ਪ੍ਰਵਾਨ ਚੜ੍ਹਾਉਣ ਵਾਸਤੇ ਫੰਡ ਮੁਹੱਈਆ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਇਸ ਸਾਫ ਸਫਾਈ ਨਾਲ ਨੇਵੀਗੇਸ਼ਨ ਚੈਨਲਾਂ ਨੂੰ ਸਿੱਧਾ ਫਾਇਦਾ ਪਹੁੰਚੇਗਾ ਅਤੇ ਇਸ ਨਾਲ ਸਿੱਧੇ ਤੌਰ ਉਪਰ ਯਾਤਰੀਆਂ ਦੇ ਆਵਾ-ਗਮਨ ਉਪਰ ਵੀ ਚੰਗਾ ਅਸਰ ਪੈਦਾ ਸੁਭਾਵਿਕ ਹੀ ਹੈ ਅਤੇ ਇਸ ਨਾਲ ਸੈਰ-ਸਪਾਟੇ ਨੂੰ ਬੜਾਵਾ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਥਾਨਕ ਕਾਂਸਲਾਂ ਨੂੰ ਆਪਣੇ ਖੇਤਰ ਵਿੱਚਲੇ ਹੋਣ ਵਾਲੇ ਸਾਫ ਸਫਾਈ ਦੇ ਕੰਮਾਂ ਦਾ ਪੂਰਾ ਵੇਰਵਾ ਦੇਣਾ ਹੋਵੇਗਾ ਅਤੇ ਇਸ ਵਾਸਤੇ ਸਰਕਾਰ ਉਨ੍ਹਾਂ ਨੂੰ 75% ਤੱਕ ਦਾ ਖਰਚਾ ਦੇਵੇਗੀ ਅਤੇ 25% ਉਨ੍ਹਾਂ ਨੂੰ ਆਪਣੇ ਤੌਰ ਉਪਰ ਵੀ ਲਗਾਉਣਾ ਪਵੇਗਾ। ਇਸ ਵਾਸਤੇ ਸਰਕਾਰ ਵੱਲੋਂ ਜ਼ਿਆਦਾ ਤੋਂ ਜ਼ਿਆਦਾ, 500,000 ਡਾਲਰਾਂ ਦੀ ਕੁੱਲ ਲਾਗਤ ਦੀ ਹੱਦ ਵੀ ਰੱਖੀ ਗਈ ਹੈ।
ਇਸ ਪ੍ਰਾਜੈਕਟ ਨੂੰ ਸਰਕਾਰ ਵੱਲੋਂ ਬੀਤੇ ਸਾਲ ਅਕਤੂਬਰ ਦੇ ਮਹੀਨੇ ਤੋਂ ਚਲਾਏ ਜਾ ਰਹੇ 205 ਮਿਲੀਅਨ ਦੇ ਮੈਰੀਟਾਈਮ ਢਾਂਚੇ ਨੂੰ ਸੰਵਾਰਨ ਵਾਲੇ ਪ੍ਰੋਗਰਾਮ ਦਾ ਹੀ ਹਿੱਸਾ ਮੰਨਿਆ ਜਾ ਰਿਹਾ ਹੈ।
ਅਰਜ਼ੀਆਂ ਅਪ੍ਰੈਲ 30, 2021 ਤੱਕ ਦਿੱਤੀਆਂ ਜਾ ਸਕਦੀਆਂ ਹਨ ਅਤੇ ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ https://www.rms.nsw.gov.au/maritime/projects/nsw-boating-access-dredging-program/index.html ਉਪਰ ਜਾ ਕੇ ਵਿਜ਼ਿਟ ਕੀਤਾ ਜਾ ਸਕਦਾ ਹੈ।