ਕਹਿੰਦੇ ਨੇ ਸਮਾਂ ਇਕੋ ਜਿਹਾ ਨਹੀਂ ਰਹਿੰਦਾ ਪਰ ਹੁਣ ਤਾਂ ਸਮਾਂ ਦੱਸਣ ਵਾਲੀ ਘੜੀ ਵੀ ਇਕੋ ਜਿਹੀ ਨਹੀਂ ਰਹਿੰਦੀ। ਜ਼ਮਾਨਾ ਹਾਈਟੈਕ ਹੈ ਅਤੇ ਹਰ ਕੋਈ ਹਾਈ ਸਪੀਡ ਉਤੇ ਭੱਜ ਰਿਹਾ ਹੈ। ਐਪਲ ਕੰਪਨੀ ਨੇ ਨਵੀਂ ਸਮਾਟ ਘੜੀ ਪੇਸ਼ ਕਰਕੇ ਇਕ ਨਵਾਂ ਚੈਪਟਰ ਖੋਲ੍ਹ ਦਿੱਤਾ ਹੈ। ਪਿਛਲੇ ਚਾਰ ਸਾਲਾਂ ਤੋਂ ਐਪਲ ਕੰਪਨੀ ਵੱਲੋਂ ਆਈ. ਪੈਡ ਅਤੇ ਆਈ. ਫੋਨ ਦੇ ਮਾਡਲ ਤਾਂ ਬਦਲੇ ਜਾਂਦੇ ਰਹੇ ਪਰ ਇਸ ਵਾਰ ਐਪਲ ਕੰਪਨੀ ਨੇ ਆਪਣੇ ਗਾਹਕਾਂ ਦੀ ਮੰਗ ਅਨੁਸਾਰ ‘ਸਮਾਟ ਐਪਲ ਘੜੀ’ ਜਾਰੀ ਕਰਕੇ ਜਿੱਥੇ ਨਵਾਂ ਉਤਪਾਦ ਮਾਰਕੀਟ ਦੇ ਵਿਚ ਉਤਾਰਿਆ ਹੈ ਉਥੇ ਆਈ. ਫੋਨ ਦਾ ਨਵਾਂ ਰੂਪ ਆਈ.ਫੋਨ ਸਿਕਸ ਅਤੇ ਆਈ. ਫੋਨ ਸਿਕਸ ਪਲੱਸ ਵੀ ਆਪਣੇ ਟੈਲੀਫੋਨ ਗਾਹਕਾਂ ਨੂੰ ਦਿੱਤਾ ਹੈ। ਕੰਪਨੀ ਦੇ ਚੀਫ਼ ਐਗਜ਼ੀਕਿਊਟਿਵ ਟਿੱਮ ਕੁੱਕ ਨੇ ਅੱਜ ਸਵੇਰੇ ਇਹ ਨਵੇਂ ਉਤਪਾਦ ਲੋਕਾਂ ਦੇ ਸਾਹਮਣੇ ਰੱਖੇ। ਇਨ੍ਹਾਂ ਦੀ ਵਿਕਰੀ ਅਗਲੇ ਦੋ ਹਫਤਿਆਂ ਦੇ ਅੰਦਰ ਸ਼ੁਰੂ ਕੀਤੀ ਜਾ ਰਹੀ ਹੈ। ਸਮਾਟ ਘੜੀ 38 ਮਿਲੀਮੀਟਰ ਅਤੇ 42 ਮਿਲੀਮੀਟਰ ਸਾਈਜ਼ ਦੇ ਵਿਚ ਉਪਲਬਧ ਕਰਵਾਈ ਗਈ ਹੈ। ਤਿੰਨ ਤਰ੍ਹਾਂ ਦੀਆਂ ਘੜੀਆਂ ਹਨ ਜਿਵੇਂ ਐਪਲ ਵਾਚ, ਐਪਲ ਵਾਚ ਸਪੋਰਟਸ ਅਤੇ ਐਪਲ ਵਾਚ ਅਡੀਸ਼ਨ। ਗੁੱਟ ਉਤੇ ਬੰਨ੍ਹਣ ਵਾਲੇ ਤਰ੍ਹਾਂ-ਤਰ੍ਹਾਂ ਦੇ ਸਟ੍ਰੈਪਸ ਹਨ। ਐਪਲ ਵਾਚ ਦੇ 18 ਵੱਖ-ਵੱਖ ਰੂਪ ਹਨ ਜਦ ਕਿ ਐਪਲ ਸਪੋਰਟਸ ਦੇ 10 ਰੂਪ ਹਨ। ਘੜੀ ਦੀ ਕੀਮਤ 349 ਅਮਰੀਕੀ ਡਾਲਰ ਹੈ ਅਤੇ 2015 ਦੇ ਸ਼ੁਰੂ ਵਿਚ ਇਹ ਮਿਲਣ ਲੱਗੇਗੀ। ਇਹ ਘੜੀ ਆਈ. ਫੋਨ 6 ਅਤੇ 6 ਪਲੱਸ ਦੇ ਨਾਲ ਬਲੂ ਟੁੱਥ ਅਤੇ ਵਾਈ-ਫਾਈ ਨੈਟਵਰਕ ਉਤੇ ਕੰਮ ਕਰੇਗੀ। ਇਸ ਘੜੀ ਨੂੰ ਰਾਤ ਸੌਣ ਵੇਲੇ ਚਾਰਜ਼ ਕਰਨਾ ਪਿਆ ਕਰੇਗਾ। ਇਸ ਐਪਲ ਵਾਚ ਦੇ ਰਾਹੀਂ ਫੋਨ ਦਾ ਜਵਾਬ ਦਿੱਤਾ ਜਾ ਸਕਦਾ, ਜੀ.ਪੀ. ਐਸ. ਵੇਖਿਆ ਜਾ ਸਕਦਾ ਹੈ, ਦਿਲ ਦੀ ਧੜਕਣ ਗਿਣੀ ਦਾ ਸਕਦੀ ਹੈ। ਜੋ ਐਪਲ ਵਾਚ ਅਡੀਸ਼ਨ ਹੈ ਉਹ 18 ਕੈਰੇਟ ਸੋਨੇ ਦੀ ਬਣਾਈ ਗਈ ਹੈ। ਟੈਕਸਟ ਆਦਿ ਦਾ ਜਵਾਬ ਦੇਣਾ ਹੋਵੇ ਤਾਂ ਬੋਲ ਕੇ ਦਿੱਤਾ ਜਾ ਸਕੇਗਾ।
ਆਈ. ਫੋਨ 6 ਦੀ ਸਕਰੀਨ 4.7 ਇੰਚ ਅਤੇ 6 ਪਲੱਸ ਦੀ 5.5 ਇੰਚ ਰੱਖੀ ਗਈ ਹੈ। ਨਿਊਜ਼ੀਲੈਂਡ ਦੇ ਵਿਚ 16 ਜੀ.ਬੀ. ਆਈ. ਫੋਨ ਦੀ ਕੀਮਤ 999 ਡਾਲਰ ਅਤੇ 6 ਪਲੱਸ ਦੀ 1149 ਡਾਲਰ ਹੋਵੇਗੀ। ਐਪਲ ਦੇ ਖਾਸ ਫੀਚਰਾਂ ਵਿਚ ਸ਼ਾਮਿਲ ਹੈ ਟੱਚ ਆਈ.ਡੀ. ਅਤੇ ਐਪਲ ਪੇਅ। ਐਪਲ ਪੇਅ ਇਕ ਅਜਿਹੀ ਫੀਚਰ ਹੈ ਜਿਸ ਦੇ ਨਾਲ ਤੁਸੀਂ ਵੱਖ-ਵੱਖ ਤਰਾਂ ਦੀਆਂ ਪੇਮੇਂਟਾਂ ਬਿਨਾਂ ਕੋਈ ਕਾਰਡ ਸਵਾਈਪ ਕੀਤੇ ਕਰ ਸਕਦੇ ਹੋ। ਤੁਹਾਡੀ ਫਿੰਗਰ ਪਿੰ੍ਰਟਸ ਦੇ ਨਾਲ ਹੀ ਕਿਤੇ ਵੀ ਪੇਮੇਂਟ ਕਰ ਸਕਦੇ ਹੋ। ਨਵੇਂ ਸਟਾਈਲ ਦੇ ਵਿਚ ਜੋ ਪੇਵੇਵ ਆਪਸ਼ਨ ਦੇ ਨਾਲ ਪੈਸੇ ਪੇਅ ਕੀਤੇ ਜਾਂਦੇ ਹਨ ਉਹ ਹੁਣ ਤੁਸੀਂ ਕਾਰਡ ਦੀ ਬਜ਼ਾਏ ਆਪਣਾ ਫੋਨ ਦੇ ਰਾਹੀਂ ਆਪਣੀ ਫਿੰਗਰ ਪ੍ਰਿੰਟਸ ਦੀ ਸਕਿਊਰਿਟੀ ਉਤੇ ਪੈਸੇ ਦੇ ਸਕਦੇ ਹੋ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਫੀਚਰ ਸ਼ਾਮਿਲ ਕੀਤੇ ਗਏ ਹਨ। ਆਈ. ਓ. ਐਸ.-8 ਵੀ 17 ਸਤੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।