ਆਪਣਾ ਪੰਜਾਬ ਹੋਵੇ…….

NISHAN SINGH RATHAUR DR 180805 APNA PUNJAB HOVE

ਪੰਜਾਬ ਦੀ ਧਰਤ ਮੁੱਢ ਤੋਂ ਹੀ ਖੁਸ਼ਹਾਲ ਮਨੁੱਖੀ ਜੀਵਨ ਦੀ ਪਨਾਹਗਾਹ ਰਹੀ ਹੈ। ਇੱਥੇ ਦੀ ਧਰਤ ਨੇ ਮਨੁੱਖੀ ਜੀਵਨ ਨੂੰ ਸਦਾ ਸੁਗਾਤਾਂ ਨਾਲ ਨਿਵਾਜਿਆ ਹੈ। ਖ਼ਾਸ ਗੱਲ ਇਹ ਹੈ ਕਿ ਸਮੁੱਚੇ ਹਿੰਦੋਸਥਾਨ ਦੀ ਧਰਤੀ, ਪੰਜਾਬ ਦੀ ਧਰਤ ਨਾਲੋਂ ਘੱਟ ਉਪਜਾਊ ਹੈ/ ਵਾਹੀ ਯੋਗ ਹੈ। ਪੰਜਾਬ ਨਾਮ ਤੋਂ ਹੀ ਭਾਵ ਹੈ ਪੰਜ + ਆਬ ਮਤਲਬ ਪੰਜਾਂ ਪਾਣੀਆਂ ਦਾ ਦੇਸ/ ਪੰਜਾਂ ਦਰਿਆਵਾਂ ਦਾ ਦੇਸ। ਇਹ ਗੱਲ ਵਿਗਿਆਨਕ ਆਧਾਰ ਤੇ ਦਰੁੱਸਤ ਹੈ ਕਿ ਪਾਣੀ ਹੀ ਸਮੁੱਚੀ ਕਾਇਨਾਤ ਦਾ ਮੁੱਢ ਹੈ। ਪਾਣੀ ਤੋਂ ਬਿਨਾਂ ਕੁਦਰਤ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ, ਤਾਹੀਂਓ ਤਾਂ ਗੁਰਬਾਣੀ ਵਿਚ ਆਖਿਆ ਗਿਆ ਹੈ;

‘ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤ ਮਹੁਤ॥’ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਨੰ. ੧੩੪੩)

ਪਾਣੀ ਨੂੰ ਜਗਤ ਦਾ ਪਿਤਾ ਕਿਹਾ ਗਿਆ ਹੈ ਅਤੇ ਪੰਜਾਬ ਦੀ ਧਰਤ ਨੂੰ ਪਾਣੀਆਂ ਦੀ ਧਰਤ ਹੋਣ ਦਾ ਮਾਣ ਹਾਸਲ ਹੈ। ਅਸਲ ਵਿਚ ਪਾਣੀ ਤੋਂ ਬਗ਼ੈਰ ਨਾ ਤਾਂ ਜੀਵਨ ਸੰਭਵ ਹੈ ਅਤੇ ਨਾ ਹੀ ਕੁਦਰਤ। ਪਾਣੀ ਨਾਲ ਹੀ ਅੰਨ ਪੈਦਾ ਕੀਤਾ ਜਾ ਸਕਦਾ ਹੈ ਅਤੇ ਪਾਣੀ ਰਾਹੀਂ ਹੀ ਵਪਾਰ ਦੇ ਵਸੀਲੇ ਪੈਦਾ ਕੀਤੇ ਜਾ ਸਕਦੇ ਹਨ। ਪੰਜਾਬ ਨੂੰ ਇਹ ਰੱਬੀ ਸੁਗਾਤਾਂ ਮੁੱਢੋਂ ਹੀ ਪ੍ਰਾਪਤ ਹੋਈਆਂ ਹਨ। ਇਸੇ ਲਈ ਪੰਜਾਬ ਦੀ ਧਰਤ ਨੂੰ ਖੁਸ਼ਹਾਲ ਧਰਤ ਵੱਜੋਂ ਜਾਣਿਆ ਜਾਂਦਾ ਹੈ। ਪਰ! ਅਫ਼ਸੋਸ ਅੱਜ ਕੱਲ ਇਹ ਪਾਕੇ- ਆਬ, ਨਸ਼ਿਆਂ ਦੇ ਹੜ੍ਹ ਵਿਚ ਡੁੱਬੀ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੁਏ ਦੇ ਪੰਜਾਬੀ ਪੁੱਤਰ ਅੱਜ ਕੱਲ ਅਨਿਆਈ ਮੌਤ (ਨਸ਼ੇ) ਕਰਕੇ ਮਰ ਰਹੇ ਹਨ। ਇਹ ਬਹੁਤ ਮੰਦਭਾਗਾ ਹੈ।
ਕਦੇ ਵੇਲਾ ਸੀ ਪੰਜਾਬ ਦੀ ਧਰਤ ਨੂੰ ਸੂਰਬੀਰਾਂ ਦੀ ਧਰਤ ਕਰਕੇ ਜਾਣਿਆ ਜਾਂਦਾ ਸੀ ਪਰ ! ਅੱਜ ਹਾਲਤ ਬਦਲ ਗਏ ਹਨ। ਪੰਜਾਬ ਦੀ ਪਵਿੱਤਰ ਧਰਤ ਦੇ ਬਸ਼ਿੰਦੇ ਘਾਤਕ ਨਸ਼ਿਆਂ ਕਰਕੇ ਜਹਾਨ ਤੋਂ ਬੇਵਕਤ ਹੀ ਰੁਖ਼ਸਤ ਹੋ ਰਹੇ ਹਨ। ਮਾਂਵਾਂ ਦੀਆਂ ਚੀਕਾਂ/ਕੀਰਨੇ ਹਰ ਪਾਸੇ ਸੁਣਾਈ ਦਿੰਦੇ ਹਨ। ਇਸ ਨਸ਼ੇ ਦੇ ਪਿੱਛੇ ਜਿੱਥੇ ਰਾਜਸੀ ਤਾਕਤ ਕੰਮ ਕਰਦੀ ਹੈ ਉੱਥੇ ਸਾਡਾ ਇਖ਼ਲਾਕੀ ਜੀਵਨ ਵੀ ਇਸ ਰੁਝਾਨ ਦੇ ਵੱਧਣ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ।
ਪੰਜਾਬੀਆਂ ਨੂੰ ਹੱਸਣ-ਖੇਡਣ ਅਤੇ ਖਾਣ-ਪੀਣ ਵਾਲੇ ਸੁਭਾਅ ਦੇ ਮਾਲਕ ਬੰਦੇ ਸਮਝਿਆ ਜਾਂਦਾ ਹੈ। ਸ਼ਾਇਦ ਇਸੇ ਕਰਕੇ ਪੰਜਾਬ ਨੂੰ ਨਸ਼ਿਆਂ ਦਾ ਗੜ੍ਹ ਬਣਾ ਕੇ ਰੱਖ ਦਿੱਤਾ ਗਿਆ ਹੈ। ਸਾਡੇ ਸੁਭਾਅ ਦੇ ਖੁੱਲੇਪਣ ਨੇ ਸਾਨੂੰ ਨਸ਼ੇੜੀ ਬਣਾ ਕੇ ਰੱਖ ਦਿੱਤਾ ਹੈ। ਪੰਜਾਬੀ ਜਨ-ਜੀਵਨ ਵਿਚ ਪ੍ਰਾਹਣੇ ਦਾ ਆਉਣਾ ਅਤੇ ਸ਼ਰਾਬ ਦਾ ਆਉਣਾ ਮੰਦਾ ਨਹੀਂ ਸਮਝਿਆ ਜਾਂਦਾ ਪਰ ! ਇਹ ਰੁਝਾਨ ਹੁਣ ਸ਼ਰਾਬ ਤੋਂ ਕੋਹਾਂ ਦੂਰ ਅੱਗੇ ਘਾਤਕ ਨਸ਼ਿਆਂ ਦੇ ਬੂਹੇ ਲੰਘ ਗਿਆ ਹੈ ਅਤੇ ਚਿੱਟੇ ਦੇ ਮਾਰੂ ਪ੍ਰਭਾਵ ਤੱਕ ਅੱਪੜ ਗਿਆ ਹੈ। ਇਸ ‘ਚਿੱਟੇ’ ਨੇ ਪੰਜਾਬ ਦੇ ਪਿੰਡਾਂ ਵਿਚ ਸੱਥਰ ਵਿਛਾ ਦਿੱਤੇ ਹਨ। ਨੌਜਵਾਨ ਵੱਧ ਨਸ਼ੇ ਦੇ ਪ੍ਰਭਾਵ ਕਰਕੇ ਮਰ ਰਹੇ ਹਨ ਅਤੇ ਪੂਰੀ ਦੁਨੀਆਂ ਹਰੀ ਸਿੰਘ ਨਲਵੇ ਦੇ ਵਾਰਸਾਂ ਨੂੰ ਮਰਦਿਆਂ ਦੇਖ ਰਹੀ ਹੈ। ਇਹ ਬਹੁਤ ਖ਼ਤਰਨਾਕ ਰੁਝਾਨ ਹੈ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੇ ਆਪਣੇ ਫ਼ਰਜ਼ਾਂ ਨੂੰ ਸਦਾ ਅੱਗੇ ਹੋ ਕੇ ਨਿਭਾਇਆ ਹੈ। ਸੰਸਾਰ ਦੇ ਕਿਸੇ ਵੀ ਹਿੱਸੇ ਵਿਚ ਕੋਈ ਆਫ਼ਤ ਆਵੇ ਤਾਂ ਪੰਜਾਬੀ ਝੱਟ ਅੱਪੜ ਜਾਂਦੇ ਹਨ ਮਦਦ ਲਈ। ਪਰ, ਅੱਜ ਪੰਜਾਬ ਨੂੰ ਜ਼ਰੂਰਤ ਹੈ ਤਾਂ ਕੋਈ ਸੰਸਥਾ ਅਤੇ ਸਰਕਾਰ ਪੰਜਾਬੀਆਂ ਨੂੰ ਮਦਦ ਨਹੀਂ ਕਰ ਰਹੀ। ਜਿਨ੍ਹਾਂ ਸੂਬਿਆਂ ਵਿਚ ਨਸ਼ੇ ਦਾ ਪ੍ਰਭਾਵ ਨਹੀਂ ਕੀ ਉਹਨਾਂ ਸੂਬਿਆਂ ਦੀਆਂ ਸਰਕਾਰਾਂ ਨੇ ਪੰਜਾਬੀਆਂ ਦੀ ਕੋਈ ਸਾਰ ਲਈ। ਜਿੱਥੇ ਪੰਜਾਬੀਆਂ ਨੇ ਕੁਦਰਤੀ ਆਫ਼ਤਾਂ ਵੇਲੇ ਲੰਗਰ ਚਲਾਏ, ਆਰਥਕ ਮਦਦ ਕੀਤੀ, ਕੀ ਉਹਨਾਂ ਲੋਕਾਂ ਨੇ ਪੰਜਾਬੀਆਂ ਦੀ ਬਾਂਹ ਫੜੀ? ਸ਼ਾਇਦ ਨਹੀਂ। ਇਸ ਅਟੱਲ ਸਚਾਈ ਹੈ ਕਿ ਦੁੱਖ- ਸੁੱਖ ਆਉਂਦੇ ਜਾਂਦੇ ਰਹਿੰਦੇ ਹਨ। ਇਹ ਉਹ ਪੰਜਾਬੀ ਹਨ ਜਿਹੜੇ ਅਬਦਾਲੀ ਤੋਂ ਨਹੀਂ ਹਾਰੇ, ਜਿਹੜੇ ਧਾੜਵੀ ਹਮਲਾਵਰਾਂ ਤੋਂ ਨਹੀਂ ਹਾਰੇ। ‘ਪੰਜਾਬ ਵਿਚੋਂ ਨਸ਼ੇ ਦਾ ਪ੍ਰਭਾਵ ਵੀ ਆਖ਼ਰ ਨੂੰ ਮੁੱਕ ਹੀ ਜਾਣਾ ਹੈ।’ ਇਹ ਸੋਚ ਹਰ ਪੰਜਾਬੀ ਦੇ ਮਨ-ਮੰਦਰ ਵਿਚ ਹੋਣੀ ਚਾਹੀਦੀ ਹੈ।
ਇਸ ਨਸ਼ੇ ਦੇ ਖਿਲਾਫ਼ ਲੋਕ- ਲਹਿਰ ਖੜ੍ਹੀ ਕਰਨ ਦਾ ਵੇਲਾ ਆ ਗਿਆ ਹੈ। ਸਰਕਾਰਾਂ ਅਤੇ ਦੂਜਿਆਂ ਦੇ ਸਿਰ ਤੇ ਕਦੇ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਜੰਗਾਂ ਜਿੱਤਣ ਲਈ ਜਜ਼ਬੇ ਅਤੇ ਜੋਸ਼ ਦੀ ਲੋੜ ਹੁੰਦੀ ਹੈ। ਪੰਜਾਬੀਆਂ ਵਿਚ ਜਜ਼ਬੇ ਅਤੇ ਜੋਸ਼ ਦੀ ਕੋਈ ਥੋੜ ਨਹੀਂ ਹੈ, ਬਸ ਇਕ ਨਾਅਰਾ ਹਰ ਇਕ ਪੰਜਾਬੀ ਦੇ ਮੂੰਹ ਉੱਤੇ ਹੋਣਾ ਚਾਹੀਦਾ ਹੈ ਕਿ ‘ਆਪਣਾ ਪੰਜਾਬ ਹੋਵੇ… ਹੱਥ ‘ਚ ਕਿਤਾਬ ਹੋਵੇ।’ ਪੰਜਾਬੀਆਂ ਨੂੰ ਆਪਣਾ ਸਾਹਿਤ, ਵਿਰਸਾ, ਸੱਭਿਆਚਾਰ ਅਤੇ ਇਤਿਹਾਸ ਪੜ੍ਹਨ ਦੀ ਲੋੜ ਹੈ। ਇਤਿਹਾਸ ਤੋਂ ਸਬਕ ਲੈਣ ਦੀ ਲੋੜ ਹੈ।
ਸਮਾਜ ਵਿਗਿਆਨੀਆਂ ਦਾ ਕਥਨ ਹੈ ਕਿ ਲੋਕ- ਲਹਿਰ ਖੜ੍ਹੀ ਕਰਨ ਲਈ ਪੁਸਤਕਾਂ ਅਹਿਮ ਰੋਲ ਅਦਾ ਕਰਦੀਆਂ ਹਨ। ਪੁਸਤਕਾਂ ਨੂੰ ਪੜ੍ਹਨ ਦਾ ਰੁਝਾਨ ਵਧਾਉਣਾ ਚਾਹੀਦਾ ਹੈ। ਪਿੰਡ- ਪਿੰਡ/ਸ਼ਹਿਰ- ਸ਼ਹਿਰ ਪੁਸਤਕ ਮੇਲੇ ਲਾਉਣੇ ਚਾਹੀਦੇ ਹਨ। ਨੌਜਵਾਨਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਆਪਣੇ ਗੌਰਵਮਈ ਵਿਰਸੇ ਦਾ ਗਿਆਨ ਹੋਵੇ।
ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੀ ਲੋੜ ਹੈ। ਉਂਝ, ਪੰਜਾਬ ਕੋਲ ਕਿਸੇ ਚੀਜ਼ ਦੀ ਥੋੜ ਨਹੀਂ ਹੈ। ਪੰਜਾਬ ਕੋਲ ਉਪਜਾਊ ਧਰਤ ਹੈ, ਸੱਚਾ- ਸੁਚਾ ਧਰਮ ਹੈ ਅਤੇ ਮਿਹਨਤਕਸ਼ ਲੋਕ ਹਨ। ਬਸ ਇਸ ਨਸ਼ੇ ਦੇ ਪ੍ਰਭਾਵ ਤੋਂ ਬਚਣ ਦਾ ਉੱਪਰਾਲਾ ਕਰਨਾ ਪੈਣਾ ਹੈ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀ ਸਦਾ ਹੀ ਮੁਸੀਬਤਾਂ ਤੋਂ ਪਾਰ ਪਾਉਂਦੇ ਰਹੇ ਹਨ।
ਸ਼ਾਲਾ ! ਰੱਬ ਕਰੇ ਅਸੀਂ ਇਸ ਨਸ਼ੇ ਦੇ ਪ੍ਰਭਾਵ ਤੋਂ ਆਪਣੀ ਜਵਾਨੀ ਨੂੰ ਬਚਾ ਲਈਏ ਅਤੇ ਪੰਜਾਬ ਮੁੜ ਵਿਕਾਸ ਦੀਆਂ ਲੀਹਾਂ ਤੇ ਤੁਰਦਾ ਦਿਸੇ। ਇਸ ਖ਼ੁਆਬ ਨੂੰ ਹਕੀਕਤ ਵਿਚ ਬਦਲਣ ਲਈ ਕਿਤਾਬਾਂ ਦੇ ਮਹੱਤਵ ਨੂੰ ਵਧਾਉਣਾ ਚਾਹੀਦਾ ਹੈ। ਕਿਤਾਬਾਂ ਪੜ੍ਹਨ ਅਤੇ ਕਿਤਾਬਾਂ ਪੜ੍ਹਨ ਦੇ ਚਾਅ ਨੂੰ ਹੋਰ ਪ੍ਰਚੰਡ ਰੂਪ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦਾ ਹਰ ਬਸ਼ਿੰਦਾ ਆਪਣੇ ਸੂਬੇ ਨੂੰ ਮੁੜ ਤਰੱਕੀ ਦੇ ਰਾਹਵਾਂ ਦਾ ਪਾਂਧੀ ਬਣਦਾ ਦੇਖ ਸਕੇ। ਇਹੀ ਅਰਦਾਸ ਹੈ ਮੇਰੀ. . . ਆਮੀਨ

(ਡਾ. ਨਿਸ਼ਾਨ ਸਿੰਘ ਰਾਠੌਰ)

nishanrathaur@gmail.com

Install Punjabi Akhbar App

Install
×