ਐਨਜ਼ੈਕ ਡੇਅ ਸ਼ਤਾਬਦੀ: ਪਾਪਾਟੋਏਟੋਏ ਸੈਂਟਰ ਸਕੂਲ ਦੇ ਵਿਚ ਹੋਇਆ ਵੱਡਾ ਸਮਾਗਮ ਐਨਜ਼ੈਕ ਪ੍ਰੇਡ ਦੇ ਵਿਚ ਬਹੁਗਿਣਤੀ ਭਾਰਤੀਆਂ ਨੇ ਲਿਆ ਹਿੱਸਾ

NZ PIC 25 April-1ਪਾਪਾਟੋਏਟੋਏ ਸੈਂਟਰ ਸਕੂਲ ਦੇ ਵਿਚ ਆਕਲੈਂਡ ਕੌਂਸਿਲ, ਅਰਧ ਸੈਨਿਕ ਬੱਲਾਂ ਅਤੇ ਰਿਟਾਇਰਡ ਫੌਜੀ ਸੂਰਬੀਰਾਂ ਵੱਲੋਂ ਐਨ. ਜ਼ੈਕ .ਡੇਅ ਮੌਕੇ ਜਿੱਥੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ ਗਏ ਉਥੇ ਪ੍ਰੇਡ ਦੇ ਵਿਚ ਹਿੱਸਾ ਲੈ ਕੇ ਉਨ੍ਹਾਂ ਨੂੰ ਕਦੇ ਵੀ ਨਾ ਭੁੱਲਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਸਥਾਨਕ ਸਕੂਲਾਂ ਦੇ ਬੱਚੇ ਅਤੇ ਕਈ ਰਾਜਨੀਤਕ ਨੇਤਾ ਵੀ ਪਹੁੰਚੇ ਹੋਏ ਸਨ। ਸਰਕਾਰ ਦੀ ਤਰਫ ਤੋਂ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਹਾਜ਼ਿਰ ਸਨ ਅਤੇ ਉਨ੍ਹਾਂ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕਰਦਿਆਂ ਸਕੂਲ ਦੇ ਮੁੱਖ ਗੇਟ ਉਤੇ ਫੁੱਲਾਂ ਦਾ ਗੁਲਦਸਤਾ ਸਜਾਇਆ। ਬੈਂਡ ਅਤੇ ਪਾਈਪ ਬੈਂਡ ਦੀਆਂ ਟੀਮਾਂ ਨੂੰ ਇਸ ਪ੍ਰੇਡ ਦੇ ਵਿਚ ਰਾਸ਼ਟਰੀ ਗੀਤਾਂ ਉਤੇ ਸੰਗੀਤ ਦਿੱਤਾ।
ਭਾਰਤੀ ਭਾਈਚਾਰੇ ਤੋਂ ਬਹੁਤ ਸਾਰੇ ਮਰਦ ਅਤੇ ਇਸਤਰੀਆਂ ਪਹੁੰਚੀਆਂ ਹੋਈਆਂ ਸਨ। ਆਕਲੈਂਡ ਰਿਟੇਲਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਚਿੱਟੇ ਰੰਗ ਦੀਆਂ ਵਰਦੀਆਂ ਦੇ ਵਿਚ ਪਹੁੰਚੇ ਜਦ ਕਿ ਰਿਟਾਇਰਡ ਭਾਰਤੀ ਫੌਜੀ ਆਪਣੇ ਮੋਢਿਆਂ ਦੇ ਉਤੇ ਮੈਡਲ ਸਜਾ ਕੇ ਸੂਰਬੀਰਤ ਦਾ ਇਤਿਹਾਸ ਪੇਸ਼ ਕਰ ਰਹੇ ਸਨ।
ਕਮਾਂਡਰ ਪਾਲ ਢੀਂਡਸਾ ਜੋ ਕਿ ਸੰਨ 65 ਅਤੇ 71 ਦੀ ਲੜ੍ਹਾਈ ਵਿਚ ਸ਼ਾਮਿਲ ਸਨ ਨੇ ਮੋਢੇ ਉਤੇ ਅੱਧੀ ਦਰਜਨ ਤੋਂ ਵੱਧ ਸਜਾਏ ਹੋਏ ਸਨ। ਰਸਾਲਦਾਰ ਸ. ਗੁਰਮੀਤ ਸਿੰਘ ਜਿਨ੍ਹਾਂ 1962, 65 ਅਤੇ 71 ਦੀ ਜੰਗ ਲੜੀ ਉਹ ਵੀ ਆਪਣੇ ਮੈਡਲ ਮਾਣ ਨਾਲ ਪਹਿਨੀ ਖੜ੍ਹੇ ਸਨ। ਸ. ਹਰਭਜਨ ਸਿੰਘ ਜਿਨ੍ਹਾਂ ਪਹਿਲਾਂ ਇੰਡੀਅਨ ਨੇਵੀ ਵਿਚ 65 ਅਤੇ 71 ਦੀ ਲੜਾਈ ਲੜ ਕੇ ਮੈਡਲ ਜਿੱਤੇ ਅਤੇ ਫਿਰ ਓਮਾਨ (ਮਸਕਟ) ਦੇ ਵਿਚ ਪੁਲਿਸ ਦੇ ਵਿਚ ਭਰਤੀ ਹੋ ਕੇ ਉਥੇ ਵੀ ਸੇਵਾ ਕੀਤੀ, ਵੀ ਹਾਜ਼ਿਰ ਸਨ।  ਸੂਬੇਦਾਰ ਬਿੱਕਰ ਸਿੰਘ ਨੇ 62,65 ਅਤੇ 71 ਦੀ ਲੜਾਈ ਲੜੀ ਉਹ ਵੀ ਅੱਜ ਬਹਾਦਰੀ ਦੀਆਂ ਬਾਤਾਂ ਪਾਉਂਦੇ ਵੇਖੇ ਗਏ। ਬੀਬੀ ਦਰਸ਼ਨ ਕੌਰ ਬੇਦੀ ਜਿਨ੍ਹਾਂ ਵਿਸ਼ਵ ਜੰਗ-2 ਦੇ ਵਿਚ ਕਿੰਗ ਜ਼ਾਰਜ-6 ਦਾ ਮੈਡਲ ਜਿਤਿਆ, ਉਹ ਵੀ ਬੜੇ ਮਾਣ ਨਾਲ ਮੈਡਲ ਪਹਿਨੀ ਪਹੁੰਚੇ ਹੋਏ ਸਨ।
ਗੁਰਦੁਆਰਾ ਸਾਹਿਬ ਮੈਨੁਰੇਵਾ:  ਅੇਨਜ਼ੈਕ ਡੇਅ ਦੀ 100 ਸਾਲਾ ਸ਼ਤਾਬਦੀ ਸਮੇਂ ਆਰ.ਐਸ. ਏ ਮੈਨੁਰੇਵਾ ਦੇ ਸੱਦੇ ਤੇ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਇਕੱਤਰ ਸਿੱਖ ਸੰਗਤ ਵੱਲੋਂ ਗਾਲਪੋਲੀ ਅਤੇ ਸੰਸਾਰ ਜੰਗਾਂ ਵਿੱਚ ਸਿੱਖ ਸ਼ਹੀਦਾਂ ਸਮੇਤ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ। ਇਸ ਮੌਕੇ ਰਿਟਾਇਅਡ ਸਿੱਖ ਫੌਜੀ, ਬੀਬੀਆਂ ਤੇ ਬੱਚਿਆਂ ਨੇ ਪਰੇਡ ਵਿੱਚ ਹਿੱਸਾ ਲਿਆ।
ਦਿਨ ਦੀ ਪਰੇਡ ਸਵੇਰ 10.00 ਵਜੇ ਆਰ. ਐਸ. ਏ ਮੈਚ ਰੋਡ ਤੋਂ ਸ਼ੁਰੂ ਹੋਈ ਤੇ ਆਪਣੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨ ਲਈ ਸੇਨੋਟਾਫ ( ਸਿਪਾਹੀਆਂ ਦੀ ਯਾਦਗਾਰ ਇਮਾਰਤ) ਗ੍ਰੇਟ ਸਾਊਥ ਰੋਡ ਮੈਨੋਰੇਵਾ ਪਹੁੰਚੀ ਜਿੱਥੇ ਰਿਵਰੈਂਟ ਰੌਸ ਬ੍ਰਾਊਨ ਨੇ ਸਵਾਗਤੀ ਭਾਸ਼ਨ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ।ਉਪਰੰਤ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਫੌਜੀ ਵੀਰਾਂ ਨੂੰ ਸ਼ਰਧਾਜਲੀਆਂ ਭੇਂਟ ਕੀਤੀਆਂ ਗਈਆਂ।ਇਸ ਮੌਕੇ ਸਿੱਖ ਕੌਮ ਵੱਲੌਂ ਸ. ਪ੍ਰੀਤਮ ਸਿੰਘ ਤੇ ਸ. ਚਰਨ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਮਿ. ਗ੍ਰੈਮ ਡੌਲਨ (ਚੇਅਰਮੈਨ ਆਰ. ਐਸ. ਏ ) ਨੇ ਸਭ ਸੰਸਥਾਵਾਂ ਤੇ ਸਿੱਖ ਭਾਈਚਾਰੇ ਦੀ ਪ੍ਰੈਡ ਵਿੱਚ ਸ਼ਮੂਲੀਅਤ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਪਰੇਡ ਦੇਖਣ ਆਏ ਲੋਕਾਂ ਵਿੱਚ ਸਿੱਖ ਭਾਈਚਾਰੇ ਪ੍ਰਤੀ ਉਤਸ਼ਾਹ ਦੇਖਦੇ ਬਣਦਾ ਸੀ।
ਨਿਊਜ਼ੀਲੈਂਡ ਸਿੱਖ ਸੁਸਾਇਟੀ ਵਲਿੰਗਟਨ ਵੱਲੋਂ ਵੀ ਅੱਜ ਰਾਜਧਾਨੀ ਦੇ ਵਿਚ ਹੋਏ ਸ਼ਰਧਾਂਜਲੀ ਸਮਾਗਮ ਵਿਚ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਫੁੱਲ ਮਲਾਵਾਂ ਅਰਪਨ ਕੀਤੀਆਂ ਗਈਆਂ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਦਲਬੀਰ ਸਿੰਘ ਵੱਲੋਂ ਨਿਊਜ਼ੀਲੈਂਡ ਸਿੱਖ ਸੁਸਾਇਟੀ ਵਲਿੰਗਟਨ ਅਤੇ ਸਿੱਖ ਸੰਗਤ ਦੀ ਤਰਫ ਤੋਂ ਫੁੱਲ ਮਾਲਾ ਅਰਪਨ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਕੁਝ ਸਿੱਖਾਂ ਨੇ ਪਹਿਲੀ ਸੰਸਾਰ ਜੰਗ ਦੇ ਵਿਚ ਨਿਊਜ਼ੀਲੈਂਡ ਦੇ ਲਈ ਲੜਾਈ ਲੜੀ ਹੈ। ਇਸ ਸਬੰਧੀ ਹੋਰ ਖੋਜਬੀਨ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ।

Install Punjabi Akhbar App

Install
×