ਸ਼ਹੀਦਾਂ ਦੀ ਯਾਦ ਵਿੱਚ ਸ਼ਾਮ ਤੋਂ ਸਵੇਰ ਤੱਕ ਜਗਮਗਾਉਂਦਾ ਰਹੇਗਾ ਐਨਜ਼ੈਕ ਪੁਲ਼

‘ਕਦੇ ਵੀ ਨਾ ਭੁੱਲਣਯੋਗ’ ਸ਼ਹੀਦ ਫੌਜੀਆਂ ਦੀ ਯਾਦ ਤਾਜ਼ਾ ਕਰਦਿਆਂ ਅਤੇ ਉਨ੍ਹਾਂ ਦੀਆਂ ਸ਼ਹੀਦੀਆਂ ਨੂੰ ਪ੍ਰਣਾਮ ਕਰਦਿਆਂ, ਸਿਡਨੀ ਦੇ ਹਜ਼ਾਰਾਂ ਹੀ ਨਿਵਾਸੀ, ਐਨਜ਼ੈਕ ਪੁਲ਼ ਨੂੰ ਸ਼ਾਮ ਤੋਂ ਸਵੇਰ ਤੱਕ ਜਗਮਾਉਂਦਾ ਦੇਖ ਕੇ ਸ਼ਹੀਦਾਂ ਪ੍ਰਤੀ ਆਪਣੀ ਆਸਥਾ ਪ੍ਰਗਟ ਕਰ ਰਹੇ ਹਨ ਅਤੇ ਨਤਮਸਤਕ ਹੋ ਰਹੇ ਹਨ।
ਵੈਟਰਨਜ਼ ਵਾਲੇ ਵਿਭਾਗਾਂ ਦੇ ਮੰਤਰੀ ਜਿਓਫ ਲੀ ਨੇ ਕਿਹਾ ਕਿ ਇਸ ਸਾਲ ਸਾਡੇ ਸ਼ਹੀਦਾਂ ਨੂੰ ਯਾਦ ਕਰਨ ਦੇ ਤਰੀਕਿਆਂ ਵਿੱਚ ਇਹ ਵੀ ਸ਼ਾਮਿਲ ਕੀਤਾ ਗਿਆ ਹੈ। ਇਤਿਹਾਸ ਨੂੰ ਯਾਦ ਰੱਖਣ ਦੇ ਨਵੇਂ ਨਵੇਂ ਜ਼ਰੀਏ ਕਾਇਮ ਕਰਦੇ ਰਹਿਣਾ ਵੀ ਆਪਣੇ ਦੇਸ਼ ਦੀਆਂ ਸੇਵਾਵਾਂ ਨਿਭਾਉਣ ਵਾਲਿਆਂ ਅਤੇ ਆਪਣੀ ਜਾਨ ਗਵਾ ਕੇ ਵੀ ਇੱਥੋਂ ਦੇ ਨਾਗਰਿਕਾਂ ਦੀ ਰੱਖਿਆ ਕਰਨ ਵਾਲਿਆਂ ਪ੍ਰਤੀ ਸੱਚੀ ਸ਼ਰਧਾਂਜਲੀ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਇਸ ਪੁਲ਼ ਦਾ ਨਾਮ ਗਲੈਬ ਆਈਲੈਂਡ ਬ੍ਰਿਜ ਹੁੰਦਾ ਸੀ ਅਤੇ ਬਾਅਦ ਵਿੱਚ ਫੇਰ 1998 ਦੇ ਯਾਦਗਾਰੀ ਦਿਨ ਨੂੰ ਮਨਾਉਂਦਿਆਂ ਇਸ ਪੁਲ਼ ਦਾ ਨਾਮ ਐਨਜ਼ੈਕ ਪੁਲ਼ ਕਰ ਦਿੱਤਾ ਗਿਆ ਸੀ ਅਤੇ ਇਹ ਯਾਦਗਾਰ ਸਾਨੂੰ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਦੀ ਯਾਦ ਦਿਵਾਉਂਦੀ ਹੈ। ਵੈਸੇ ਤਾਂ ਆਸਟ੍ਰੇਲੀਆ ਅੰਦਰ ਅਜਿਹੇ ਤਾਰਾਂ ਵਾਲੇ ਕਈ ਪੁਲ਼ ਹਨ ਪਰੰਤੂ ਸ਼ਹੀਦਾਂ ਦੀਆਂ ਯਾਦਗਾਰਾਂ ਵਿੱਚ ਸ਼ਾਮਿਲ ਹੋਣ ਕਾਰਨ ਇਹ ਪੁਲ਼ ਹੁਣ ਇੱਕ ਵੱਖਰੀ ਪਹਿਚਾਣ ਰੱਖਦਾ ਹੈ। ਇਸ ਪੁਲ਼ ਦੇ ਪੂਰਬ ਵੱਲ ਸਥਿਤ ਇੱਕ ਨਿਊਜ਼ੀਲੈਂਡ ਦੇ ਸਿਪਾਹੀ ਦਾ ਬੁੱਤ, ਗੋਲੀਪੋਲੀ ਦੇ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ ਜੋ ਕਿ ਟਰਕੀ ਵਿਚਲੀ ਲੜਾਈ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਇੱਕ ਸ਼ਰਧਾਂਜਲੀ ਹੈ।
ਵੈਟਰਨਜ਼ ਵਾਲੇ ਵਿਭਾਗਾਂ ਦੇ ਪਾਰਲੀਮਾਨੀ ਸਕੱਤਰ -ਜੇਮਜ਼ ਗ੍ਰਿਫਿਨ ਦਾ ਕਹਿਣਾ ਹੈ ਕਿ ਐਨਜ਼ੈਕ ਦਿਹਾੜਾ ਸਮੁੱਚੇ ਆਸਟ੍ਰੇਲੀਆ ਲਈ ਹੀ ਬਹੁਤ ਮਹੱਤਵਪੂਰਨ ਹੈ ਅਤੇ ਹਰ ਕੋਈ ਇਸ ਦਿਹਾੜੇ ਉਪਰ, ਉਨ੍ਹਾਂ ਸ਼ਹੀਦਾਂ ਦੀ ਯਾਦ ਤਾਜ਼ਾ ਕਰਦਾ ਹੈ ਜਿਨ੍ਹਾਂ ਨੇ ਕਿ ਦੇਸ਼ ਦੀ ਸ਼ਾਨ ਅਤੇ ਮਾਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਰਾਇਲ ਆਸਟ੍ਰੇਲੀਆਈ ਏਅਰ ਫੋਰਸ ਵੀ ਆਪਣੀ 100 ਸਾਲਾ ਸਥਾਪਨਾ ਦਿਵਸ ਮਨਾ ਰਹੀ ਹੈ ਅਤੇ ਇਸ ਸਾਲ ਧਰਤੀ ਅਤੇ ਆਕਾਸ਼ ਦੋਹੇਂ ਥਾਈਂ ਹੀ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਜਿਹੜੇ ਆਪਣੀਆਂ ਡਿਊਟੀਆਂ ਨਿਭਾਉਂਦਿਆਂ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ।
ਅੱਜ, ਅਪ੍ਰੈਲ ਦੀ 24 ਤਾਰੀਖ ਤੋਂ ਐਨਜ਼ੈਕ ਪੁਲ਼ ਉਪਰ ਸ਼ਾਮ ਤੋਂ ਲੈ ਕੇ ਸਵੇਰ ਤੱਕ ਰੌਸ਼ਨੀ ਚਲਦੀ ਰੇਗੀ ਅਤੇ ਇਹ ਸਿਲਸਿਲਾ ਐਨਜ਼ੈਕ ਦਿਹਾੜੇ ਤੱਕ ਜਾਰੀ ਰਹੇਗਾ।

Install Punjabi Akhbar App

Install
×