ਐੱਨਜੈਕ ਡੇਅ ਦੌਰਾਨ ਵਿਸ਼ਵ ਯੁੱਧ ਦੇ ਫੌਜੀਆਂ ਨੂੰ ਨਮਨ, ਸ਼ਰਧਾਂਜਲੀਆਂ

ਆਸਟਰੇਲੀਆ ਭਾਰਤੀ ਭਾਈਚਾਰੇ ਵੱਲੋਂ ਜੰਗੀ ਸ਼ਹੀਦਾਂ ਦੀ ਯਾਦ ਵਿਚ ਉਸਾਰੇ ਸਮਾਰਕ ਵਿਖੇ ਸ਼ਰਧਾ ਦੇ ਫੁੱਲ ਭੇਂਟ

(ਬ੍ਰਿਸਬੇਨ) ਇੱਥੇ ਦੇਸ਼ ਭਰ ਵਿਚ ਹਜ਼ਾਰਾਂ ਲੋਕਾਂ ਨੇ 106ਵੇਂ ਐੱਨਜੈਕ ਡੇਅ ਸਮਾਰੋਹਾਂ ਦੌਰਾਨ ਆਸਟਰੇਲੀਆ-ਨਿਊਜ਼ੀਲੈਂਡ ਦੀਆਂ ਫੌਜਾਂ ਦੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧਾਂ ‘ਚ ਸ਼ਹੀਦ ਹੋਏ ਆਪਣੇ ਫੌਜੀਆਂ ਦੀਆਂ ਕੁਰਬਾਨੀਆਂ ਅਤੇ ਆਸਟਰੇਲਿਆਈ ਲੋਕਾਂ ਦੀ ਤਾਕਤ ਯਾਦ ਕਰਦਿਆਂ ਨਮਨ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਕੈਨਬਰਾ ਵਿਖੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ, ਆਸਟਰੇਲੀਆ ਵਿਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਡੈਮ ਐਨੈਟ ਕਿੰਗ ਅਤੇ ਹੋਰ ਪਤਵੰਤਿਆਂ ਨੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ, “ਇਕੱਠੇ ਮਿਲ ਕੇ ਅਸੀਂ ਆਪਣੇ ਗੌਰਵਮਈ ਅਤੀਤ ਦੀ ਸਵੇਰ ਨੂੰ ਰੌਸ਼ਨ ਕਰ ਰਹੇ ਹਾਂ।” ਸ੍ਰੀ ਮੋਰਿਸਨ ਨੇ ਅਫਗਾਨਿਸਤਾਨ ਵਿੱਚ ਆਪਣੀ ਜਾਨ ਗਵਾ ਚੁੱਕੇ 41 ਆਸਟਰੇਲਿਆਈ ਲੋਕਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਪਿਛਲੇ ਹਫ਼ਤੇ ਦੇ ਐਲਾਨ ਤੋਂ ਬਾਅਦ ਦੇਸ਼ ਵਿੱਚ ਬਾਕੀ ਰਹਿੰਦੇ 80 ਆਸਟਰੇਲਿਆਈ ਸੈਨਿਕਾਂ ਨੂੰ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਅਨੁਸਾਰ ਵਾਪਸ ਲਿਆ ਜਾਵੇਗਾ। ਸੂਬਾ ਕੂਈਨਜ਼ਲੈਂਡ ਦੇ ਰਾਜਪਾਲ ਪਾਲ ਡੀ ਜਰਸੀ ਨੇ ਬ੍ਰਿਸਬੇਨ ਦੇ ਐੱਨਜੈਕ ਚੌਕ ਵਿਖੇ ਇਕੱਠੇ ਹੋਏ ਸੈਂਕੜੇ ਲੋਕਾਂ ਨੂੰ ਦੱਸਿਆ ਕਿ ਉਹ ਇਸ ਗੱਲੋਂ ਖੁਸ਼ ਹਨ ਕਿ ਲੋਕ ਇਸ ਸਾਲ ਸਮਾਗਮਾਂ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰ ਰਹੇ ਹਨ।

ਅਧਿਕਾਰੀਆਂ ਨੇ ਭੀੜ ਨੂੰ ਵਿਸ਼ੇਸ਼ ਤੌਰ ‘ਤੇ ਵੈਟਰਨਜ਼ ਰਿਸੈਪਸ਼ਨ ਦੇਣ ਲਈ ਉਤਸ਼ਾਹਤ ਕੀਤਾ, ਕਿਉਂਕਿ ਬਹੁਤ ਸਾਰੇ ਲੋਕ ਚਿੰਤਤ ਸਨ ਕਿ ਭਵਿੱਖ ਦੀਆਂ ਪਾਬੰਦੀਆਂ ਇਕ ਵਾਰ ਫਿਰ ਉਨ੍ਹਾਂ ਦੇ ਮਾਰਚ ਕਰਨ ਦੇ ਮੌਕੇ ਨੂੰ ਵਿਗਾੜ ਸਕਦੀਆਂ ਹਨ। ਪਰੇਡ ਨੂੰ ਵੇਖਣ ਲਈ ਹਜ਼ਾਰਾਂ ਲੋਕਾਂ ਨੇ ਬ੍ਰਿਸਬੇਨ ਸ਼ਹਿਰ ਦੀਆਂ ਸੜਕਾਂ ‘ਤੇ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਦੂਜੇ ਵਿਸ਼ਵ ਯੁੱਧ ਦੇ ਕਈ ਆਸਟਰੇਲਿਆਈ ਆਰਮੀ ਦੇ ਕਰਮਚਾਰੀ ਵੀ ਸ਼ਾਮਲ ਸਨ। ਰਾਜ ਭਰ ਦੇ ਹਾਈ ਸਕੂਲਾਂ ਦੇ ਬੈਂਡਾਂ, ਯੁਵਾ ਸੰਗਠਨਾਂ ਸਮੇਤ ਕਈ ਐਸੋਸੀਏਸ਼ਨਾਂ ਨੇ ਹਿੱਸਾ ਲਿਆ। ਦੱਸਣਯੋਗ ਹੈ ਕਿ ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਵਿੱਚ ਕਰੀਬ 13 ਲੱਖ ਭਾਰਤੀ ਫੌਜੀਆਂ ਨੇ ਭਾਗ ਲਿਆ ਜਿਨ੍ਹਾਂ ’ਚੋ 74 ਹਜ਼ਾਰ ਦੇ ਕਰੀਬ ਸ਼ਹੀਦੀ ਹੋਏ ਅਤੇ ਦੂਜੀ ਵਿਸ਼ਵ ਜੰਗ ਵਿੱਚ ਤਕਰੀਬਨ 25 ਲੱਖ ਦੇ ਕਰੀਬ ਫੌਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ’ਚੋਂ 87 ਹਜ਼ਾਰ ਨੇ ਸ਼ਹੀਦੀਆਂ ਦਿੱਤੀਆਂ। ਇਸੇ ਤਰ੍ਹਾਂ ਗਾਲੀਪੋਲੀ ਦੀ ਲੜਾਈ ਵਿੱਚ 15 ਹਜ਼ਾਰ ਸੈਨਿਕਾਂ ’ਚੋ 1500 ਭਾਰਤੀ ਫੌਜੀਆਂ ਨੇ ਸ਼ਹੀਦੀ ਦਿੱਤੀ। ਇਸ ਮੌਕੇ ਬ੍ਰਿਸਬੇਨ ਵਸਦੇ ਪੰਜਾਬੀ ਸਿੱਖ ਭਾਈਚਾਰੇ ਨੇ ਵੀ ਵੱਖ-ਵੱਖ ਥਾਵਾਂ ‘ਤੇ ਸਿੱਖ ਫੌਜੀਆਂ ਨੂੰ ਨਮਨ ਅੱਖਾਂ ਨਾਲ ਯਾਦ ਕੀਤਾ ਅਤੇ ਪਰੇਡ ਵਿੱਚ ਹਿੱਸਾ ਲਿਆ।

Install Punjabi Akhbar App

Install
×