
(ਦ ਏਜ ਮੁਤਾਬਿਕ) ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਅਹਿਮ ਐਲਾਨਨਾਮੇ ਵਿੱਚ ਕਿਹਾ ਹੈ ਕਿ ਕੋਵਿਡ-19 ਦੇ ਅਤੇ ਇਸਦੇ ਨਵੇਂ ਸੰਕਰਮਣ ਤੋਂ ਬਚਣ ਅਤੇ ਜਨਤਕ ਸਿਹਤ ਦੇ ਮੱਦੇਨਜ਼ਰ ਰਾਜ ਅੰਦਰ ਕਿਸੇ ਖੇਤਰ ਵਿੱਚ ਵੀ ਅਤੇ ਕਦੀ ਵੀ ਲਾਕਡਾਊਨ ਦੋਬਾਰਾ ਤੋਂ ਲਗਾਇਆ ਜਾ ਸਕਦਾ ਹੈ ਅਤੇ ਇਸ ਬਾਰੇ ਵਿੱਚ ਲੋਕਾਂ ਨੂੰ ਪੂਰਨ ਤੌਰ ਤੇ ਸਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਹ ਨਵੇਂ ਸੰਕਰਮਣ ਦਾ ਕੋਈ ਵੀ ਮਾਮਲਾ ਕਿਤੇ ਵੀ ਸਾਹਮਣੇ ਆਇਆ ਤਾਂ ਤੁਰੰਤ ਉਸ ਖੇਤਰ ਵਿੱਚ ਲਾਕਡਾਊਨ ਕਰਨਾ ਹੀ ਇਸ ਦਾ ਹਾਲ ਦੀ ਘੜੀ ਇੱਕੋ ਇੱਕ ਹਲ ਹੈ ਅਤੇ ਜਨਤਕ ਸਿਹਤ ਦਾ ਮਾਮਲਾ ਹੋਣ ਕਾਰਨ ਇਹ ਲਾਜ਼ਮੀ ਵੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਾਲ ਤੋਂ ਹੀ ਅਸੀਂ ਸਭ ਮਿਲਕੇ ਕੋਵਿਡ-19 ਦੀ ਲੜਾਈ ਲੜਦੇ ਆ ਰਹੇ ਹਾਂ ਅਤੇ ਲੋਕਾਂ ਦੇ ਸਹਿਯੋਗ ਸਦਕਾ, ਕਾਫੀ ਹੱਦ ਤੱਕ ਸਫਲਤਾ ਵੀ ਹਾਸਿਲ ਕੀਤੀ ਹੈ ਪਰੰਤੂ ਆਹ ਜਿਹੜਾ ਨਵਾਂ ਸੰਸਕਰਣ ਆਇਆ ਹੈ ਇਸ ਬਾਰੇ ਵਿੱਚ ਤਾਂ ਪਤਾ ਹੀ ਹੁਣੇ ਲੱਗਾ ਹੈ ਅਤੇ ਇਸ ਬਾਬਤ ਜ਼ਿਆਦਾ ਜਾਣਕਾਰੀ ਵੀ ਨਹੀਂ ਹੈ ਅਤੇ ਇਹ ਕਿਤੋਂ ਵੀ ਆ ਸਕਦਾ ਹੈ ਭਾਵੇਂ ਦੱਖਣੀ ਆਸਟ੍ਰੇਲੀਆ, ਵਿਕਟੋਰੀਆ, ਪੱਛਮੀ ਆਸਟ੍ਰੇਲੀਆ -ਭਾਵ ਕਿਤੋਂ ਵੀ ਅਤੇ ਕਦੇ ਵੀ ਹਮਲਾ ਕਰ ਸਕਦਾ ਹੈ। ਇਸੇ ਵਾਸਤੇ ਅਗਲੇ 10 ਦਿਨਾਂ ਤੱਕ ਬ੍ਰਿਸਬੇਨ ਵਾਸੀਆਂ ਨੂੰ ਮਾਸਕ ਪਹਿਨਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਇਹ ਕਿਰਿਆ ਹੀ ਹਾਲ ਦੀ ਘੜੀ ਇਸ ਦਾ ਇਲਾਜ ਦਿਖਾਈ ਦੇ ਰਹੀ ਹੈ ਕਿ ਜਿੱਥੇ ਕਿਤੇ ਵੀ ਸਮਾਜਿਕ ਦੂਰੀ ਸੰਭਵ ਨਾ ਹੋਵੇ ਤਾਂ ਆਪਣਾ ਮਾਸਕ ਮੂੰਹ ਤੇ ਬੰਨ੍ਹ ਲਵੋ ਅਤੇ ਆਪ ਵੀ ਸੁਰੱਖਿਅਤ ਰਹੋ ਅਤੇ ਹੋਰਨਾਂ ਨੂੰ ਵੀ ਸੁਰੱਖਿਅਤ ਰੱਖੋ।