ਮਨ ਦਾ ਮੌਸਮ: ਅਰਤਿੰਦਰ ਸੰਧੂ ਦੇ ਸਰੋਦੀ ਕਾਵਿ ਦੀ ਝਲਕ

ਪੰਜਾਬੀ ਸਾਹਿਤ ਵਿਚ ਅਰਤਿੰਦਰ ਸੰਧੂ ਦਾ ਕੱਦ ਉਸਦੀ ਸਾਹਿਤਕ ਪ੍ਰਪੱਕਤਾ ਨਾਲ ਉੱਚਾ ਹੋਇਆ ਹੈ ।ਉਸ ਨੇ ਆਪਣੀਆਂ ਸਾਹਿਤਕ ਕਿਰਤਾਂ ਦੇ ਗਿਣਾਤਮੱਕ ਪੱਖ ਦੇ ਨਾਲ ਨਾਲ ਗੁਣਾਤਮਕ ਪੱਖ ਦਾ ਵੀ ਧਿਆਨ ਰੱਖਿਆ ਹੈ । ਇਸੇ ਲਈ ਉਸ ਦੇ ਚੌਦਾਂ ਮੌਲਿਕ ਕਾਵਿ ਸੰਗ੍ਰਹਿ ਪਾਠਕਾਂ ਵਿਚ ਮਕਬੂਲ ਹੋਣ ਤੋਂ ਇਲਾਵਾ ਆਲੋਚਕਾਂ ਵੱਲੋਂ ਵੀ ਸਰਾਹੇ ਗਏ ਹਨ ।ਉਸ ਨੇ ਹਿੰਦੀ ਕਵਿਤਾ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਪੱਖੋਂ ਵੀ ਪ੍ਰਸ਼ੰਸਾ ਯੋਗ ਕੰਮ ਕੀਤਾ ਕੀਤਾ ਹੈ ਤੇ ਕੁਝ ਪੁਸਤਕਾਂ ਦਾ ਸੰਪਾਦਨ ਵੀ ਕੀਤਾ ਹੈ । ਉਹ ਪਿਛਲੇ ਗਿਆਰਾਂ ਸਾਲਾਂ ਤੋਂ ਉੱਚ ਪਾਏ ਦਾ ਪੰਜਾਬੀ ਮੈਗਜ਼ੀਨ “ ਸਾਹਿਤਕ ਏਕਮ” ਵੀ ਕੱਢ ਰਹੀ ਹੈ। ਇਸ ਮੈਗਜ਼ੀਨ ਨੂੰ ਕੇਂਦਰੀ ਸਰਕਾਰ ਵੱਲੋਂ ਵੀ ਸਨਮਾਨ ਮਿਲ ਚੁੱਕਿਆ ਹੈ। ਇਸ ਤਰਾਂ ਉਸ ਨੇ ਪੰਜਾਬੀ ਸਾਹਿਤਕ ਪੱਤਰਕਾਰੀ ਨੂੰ ਰਾਸ਼ਟਰੀ ਪੱਧਰ ਤੇ ਪ੍ਰਫੁੱਲਿਤ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ । ਉਸ ਦੀਆਂ ਕਈ ਰਚਨਾਵਾਂ ਤੇ ਆਲੋਚਨਾਤਮਿਕ ਕੰਮ ਵੀ ਹੋਇਆ ਹੈ ਤੇ ਐਮ ਫਿਲ ਲਈ ਖੋਜ ਨਿਬੰਧ ਵੀ ਲਿਖਿਆ ਜਾ ਚੁੱਕਾ ਹੈ । ਅਰਤਿੰਦਰ ਦੀ ਵਾਰਤਕ ਪੁਸਤਕ “ ਜੜ੍ਹਾਂ ਦੇ ਵਿੱਚ ਵਿਚਾਲੇ” ਦਾ ਵੀ ਖ਼ੈਰ ਮਕਦਮ ਹੋਇਆ ਹੈ।

       ਅਰਤਿੰਦਰ ਪ੍ਰਸਤੁਤ ਕਾਵਿ ਸੰਗ੍ਰਹਿ “ਮਨ ਦਾ ਮੌਸਮ” ਨੂੰ “ਸ਼ਬਦ ਸੰਵਾਦ “ ਦਾ ਨਾ ਦੇਂਦੀ ਹੈ । ਡਾ: ਲਖਵਿੰਦਰ ਸਿੰਘ ਜੌਹਲ ਇਸ ਨੂੰ “ ਫੱਗਣ ਚੇਤ ਤੇ ਸਾਉਣ ਰੁੱਤਾਂ ਦਾ ਕਾਵਿ ਰਾਗ” ਅਤੇ “ਮਨਾ ਵਿਚ ਰਚੇ ਹੋਏ ਨ੍ਹੇਰਿਆਂ “ ਨਾਲ ਸੰਵਾਦ ਕਹਿੰਦਾ ਹੈ । ਜੇ ਮੈਂ ਆਪਣੀ ਕਸਵੱਟੀ ਦੀ ਗੱਲ ਕਰਾਂ ਤਾਂ ਮੈਂ ਇਸ ਨੂੰ ਅਰਤਿੰਦਰ ਸੰਧੂ ਦਾ “ਸਰੋਦੀ ਕਾਵਿ “ਕਹਾਂਗਾ। ਪੰਜਾਬੀ ਸਾਹਿਤ ਵਿਚ ਸਰੋਦੀ ਕਾਵਿ ਦੀ ਇੱਕ ਅਮੀਰ ਪਰਿਪਾਟੀ ਰਹੀ ਹੈ। ਅਮ੍ਰਿਤਾ ਪ੍ਰੀਤਮ, ਪ੍ਰੋ ਮੋਹਨ ਸਿੰਘ, ਸ਼ਿਵ ਬਟਾਲਵੀ, ਡਾ: ਹਰਭਜਨ ਸਿੰਘ, ਸੁਰਜੀਤ ਪਾਤਰ ਤੇ ਕੁਝ ਹੋਰ ਕਵੀਆਂ ਨੇ ਸਾਹਿਤਕ ਗੀਤਾਂ ਦੀ ਪ੍ਰੰਪਰਾ ਨੂੰ ਬੁਲੰਦੀ ਤੇ ਪਹੁੰਚਾਇਆ ਹੈ । ਅਰਤਿੰਦਰ ਦੀ ਇਸ ਪੁਸਤਕ ਦਾ ਪਾਠ ਕਰਦੇ ਹੋਏ ਮੈਨੂੰ ਉਸ ਦੇ ਸਾਹਿਤਕ ਗੀਤਾਂ ਵਿੱਚੋਂ ਅਮ੍ਰਿਤਾ ਦੇ ਗੀਤਾਂ ਵਰਗਾ ਸੋਹਜ, ਪ੍ਰੋ: ਮੋਹਨ ਸਿੰਘ ਦੇ ਗੀਤਾਂ ਵਰਗੀ ਲੈਅ, ਸ਼ਿਵ ਵਰਗੀ ਕਲਾਤਮਕ ਸ਼ਬਦ ਚੋਣ, ਡਾ: ਹਰਭਜਨ ਸਿੰਘ ਵਰਗੀ ਵਿਦਵਤਾ ਤੇ ਸੁਰਜੀਤ ਪਾਤਰ ਵਰਗੀ ਅਰਥਾਂ ਦੀ ਡੁੰਘਾਈ ਨਜ਼ਰ ਆਈ ਹੈ । ਇਸ ਦਾ ਭਾਵ ਇਹ ਨਹੀਂ ਕਿ ਉਸ ਨੇ ਇਹਨਾ ਮਹਾਨ ਸਾਹਿਤਕ ਹਸਤੀਆਂ ਦਾ ਅਨੁਕਰਨ ਕੀਤਾ ਹੈ , ਸਗੋਂ ਉਸ ਨੇ ਤਾਂ ਆਪਣੀ ਵੱਖਰੀ ਸ਼ੈਲੀ ਵਿਚ ਆਪਂਣੇ “ਸ਼ਬਦ ਸੰਵਾਦ ” ਅਤੇ “ ਕਾਵਿ ਰਾਗ” ਨੂੰ ਪੇਸ਼ ਕੀਤਾ ਹੈ।

             ਇਸ ਪੁਸਤਕ ਦੇ ਬਹੁਤੇ ਗੀਤ ਸੰਬੋਧਨੀ ਸੁਰ ਦੇ ਹਨ । ਜਿਵੇਂ ਕਦੇ ਉਹ ਸੋਚ ਦੀ ਡਾਚੀ ( ਸੋਚ ਦੀ ਡਾਚੀ ਤੂੰ ਸੁਣ), ਆਪਣੇ ਖਿਆਲਾਂ ਨੂੰ(ਮੇਰੇ ਖਿਆਲੋ ਸੁਰ ਚੁਣੋ), ਮਨ ਦੀ ਨਦੀ ਨੂੰ (ਮਨ ਦੀਏ ਭਰ ਭਰ ਵਗਦੀਏ ਨਦੀਏ), ਨਿਰਮੋਹੀ ਰੁੱਤ ਨੂੰ( ਆ ਨਿਰਮੋਹੀਏ ਰੁੱਤੇ ), ਜ਼ਿੰਦਗੀ ਨੂੰ(ਆਈ ਹੀ ਸੈਂ ਜੇ ਜ਼ਿੰਦਗੀ), ਬੱਦਲ਼ੀ ਨੂੰ (ਸੁਣ ਬੱਦਲੀਏ ਸਾਂਵਲੀਏ ਨੀ), ਤੇ ਕਦੇ ਹਵਾਵਾਂ ਆਦਿ ਨੂੰ ( ਐ ਹਵਾਏ ਸਿਰਫ ਸਾਡੇ ਸਾਹੀਂ ਹੀ ਨਾ ਆ ਤੇ ਜਾਹ) ਰਾਹੀਂ ਸੰਬੋਧਿਤ ਹੁੰਦੀ ਹੈ । ਉਸ ਦੀ ਸੁਰ ਆਸ਼ਾਵਾਦੀ ਰਹਿੰਦੀ ਹੈ, ਕੋਈ ਨਵੀਂ ਪ੍ਰੇਰਣਾਂ ਦੇਂਦੀ ਹੈ । ਕਹਿਣ ਤੋਂ ਭਾਵ ਕਿ ਉਹ ਕਦੇ ਢਹਿੰਦੀ ਕਲਾ ਵਿੱਚ ਗੱਲ ਨਹੀਂ ਕਰਦੀ ਸਗੋਂ ਹਮੇਸ਼ਾਂ ਹੀ ਹਾਂ – ਪੱਖੀ ਸੋਚ ਦਾ ਪ੍ਰਗਟਾਓ ਕਰਦੀ ਹੈ । ਇਸ ਪ੍ਰਥਾਏ ਕੁਝ ਉਦਾਹਰਣਾਂ ਹਨ

ਸਾਵੇ ਘਾਹ ਦੇ ਵਾਂਗ 

ਸਾਡੀ ਆਸ ਬਣ ਕੇ ਆ

ਮੌਤ ਦੀ ਥਾਂ ਜੀਣ ਖ਼ਾਤਰ 

ਵਾਸ ਬਣ ਕੇ ਆ।     ……ਆ ਵੀ ਜਾਹ ਐ ਜ਼ਿੰਦਗੀ

ਸਾਹਾਂ ਲਈ ਆਈ ਹਵਾ

ਧੂਣੀ ਕੋਈ ਨਵੀਂ ਧੁਖਾਅ

ਮਰਨ ਰੁੱਤ ਨੂੰ ਸਾੜ ਕੇ

ਬਣ ਜਾਹ ਜੀਣ ਦੀ ਦੁਆ…… ਸੋਚ ਦੀ ਡਾਚੀ ਤੂੰ ਸੁਣ

ਤੁਰਦੇ ਰਹਿਣਾ ਨ੍ਹੇਰ ਸੰਗ

ਅੱਛੇ ਦਿਨਾਂ ਦੀ ਆਸ ਲਈ…. ਪਲ ਸੀ ਜਿਹੜੇ ਡਲ੍ਹਕਦੇ 

ਤਿਰਹਾਏ ਤਿੜਕੇ ਸੁਪਨਿਆਂ ਦੀਆਂ ਕਬਰਾਂ ਉੱਤੇ

ਫਿਰ ਇੱਕ ਵਾਰੀਂ ਬੀਜੀਏ ਤੇ ਆਸ ਉਗਾਈਏ

           …….ਜਾਗ ਪੰਜਾਬ ਦੇ ਫ਼ਿਕਰ ਜਾਗ

ਅਰਤਿੰਦਰ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਦਿਲ ਦੇ ਸੂਖ਼ਮ ਵਲਵਲਿਆਂ ਨੂੰ ਪ੍ਰਗਟਾਉਣ ਲਈ ਸਾਹਿਤਕ ਸ਼ਬਦ ਚੋਣ ਵੀ ਸੂਖ਼ਮ ਹੀ ਹੋਣੀ ਚਾਹੀਦੀ ਹੈ। ਇਸ ਪੱਖੋਂ ਸ਼ਿਵ ਬਟਾਲਵੀ ਦੇ ਮੇਚ ਦਾ ਹੋਣਾ ਬਹੁਤ ਮੁਸ਼ਕਿਲ ਹੈ, ਪਰ ਅਰਤਿੰਦਰ ਨੇ ਇਸ ਖੇਤਰ ਵਿਚ ਵੀ ਆਪਣਾ ਵਿਸ਼ੇਸ਼ ਮਿਆਰ ਕਾਇਮ ਕਰ ਲਿਆ ਹੈ। “ਮਨ ਦਾ ਮੌਸਮ” ਵਿਚ ਵੀ ਕਵਿੱਤਰੀ ਦੀ ਸ਼ਬਦ ਚੋਣ ਪਾਠਕਾਂ ਦਾ ਵਿਸ਼ੇਸ਼ ਧਿਆਨ ਖਿੱਚਣ ਵਿਚ ਕਾਮਯਾਬ ਹੋਵੇਗੀ । ਅਜਿਹੇ ਸ਼ਬਦ ਉਸ ਦੇ ਅੰਦਰੋਂ ਪਹਾੜਾਂ ਵਿਚ ਵਹਿੰਦੇ ਝਰਨਿਆਂ ਵਾਂਗ ਆਪ ਮੁਹਾਰੇ ਫੁੱਟਦੇ ਪ੍ਰਤੀਤ ਹੁੰਦੇ ਹਨ ।ਜਿਵੇਂ : 

ਜਿੰਦਾਂ ‘ਚੋਂ ਲੈ ਉਦਾਸੀਆਂ

ਪੌਣਾ ਫਿਰਨ ਹਿਰਾਸੀਆਂ….. ਮੇਰੇ ਖਿਆਲੋ ਸੁਰ ਚੁਣੋ

ਕਿੰਨੇ ਕੰਡੇ ਨਿੱਤ ਘਲਾਵੇਂ 

ਤੂੰ ਸਾਹਾਂ ਦੇ ਰਾਹਾਂ ਲਈ

ਭਰ ਕੇ ਕਿੰਨੀ ਪੀੜ ਹਵਾਵਾਂ 

ਤੋਰੇਂ ਸਾਡੇ ਸਾਹਾਂ ਲਈ

ਚਾਵਾਂ ਤੇ ਸਾਹਵਾਂ ਦੀ ਪੀੜਾ

ਹਰ ਪਲ ਖ਼ੁਦ ‘ਚੋਂ ਪਾਰ ਕਰਾਂ…..ਆ ਨਿਰਮੋਹੀਏ ਰੁੱਤੇ

ਇਸ ਚੁੱਪ ਵਿਚ ਪਰਬਤ ਪੀੜਾਂ ਦੇ

ਅੱਥਰੂਆਂ ਦੇ ਝਰਨੇ ਵਹਿੰਦੇ

ਕੁਝ ਗੀਤ ਦਫ਼ਨ ਮਨ ਦੇ ਵਿਹੜੇ

ਸ਼ਬਦਾਂ ਅੰਦਰ ਲਿਪਟੇ ਰਹਿੰਦੇ …ਕੱਚ ਦੇ ਇਸ ਕੋਟ ਦੇ ਧੁਰ ਅੰਦਰ 

ਚੀਸਾਂ ਦੀ ਵਹਿੰਦੀ ਭੀੜ ਨੂੰ ਹੈ 

ਮੰਨਣਾਂ ਮੇਲਾ ਕਿਵੇਂ 

ਆਪਣੇ ਟੋਟੇ ਵੇਚ ਕੇਵੇਂ 

ਮਣਸਣੇ ਅਰਮਾਨ ਵੀ…..ਆਈ ਹੀ ਸੈਂ ਜੇ ਜ਼ਿੰਦਗੀ

ਲਿਖ ਰਹੇ ਨੇ ਅਕਲਦਾਨ

ਸੂਤਰ ਸਾਡੇ ਜੀਣ ਦੇ

ਸਰਘੀਆਂ ਦੇ ਲਾਰਿਆਂ ਦੇ

ਹੱਥ ਵਿਚ ਸਲਫਾਸ ਲਈ….ਪਲ ਸੀ ਜਿਹੜੇ ਡਲ੍ਹਕਦੇ

ਅਗਵਾ ਰੁੱਤ ਦੇ ਪਿੰਜਰਿਆਂ ਵਿਚ ਕੈਦ ਉਮੀਦਾਂ ….. ਜਾਗ ਪੰਜਾਬ ਦੇ ਫਿਕਰ ਜਾਗ

ਵੈਸੇ ਤਾਂ ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਰਚਨਾਵਾਂ ਤੇ ਵਿਸਤਾਰ ਵਿਚ ਚਰਚਾ ਕੀਤੀ ਜਾ ਸਕਦੀ ਹੈ, ਪਰ ਦੋ ਗੀਤਾਂ — “ਜਿਸ ਸਾਵਣ ਨੂੰ ਤਾਂਘ ਰਹੇ ਹਾਂ” ਅਤੇ “ “ਦੱਸ ਨੀ ਵਿਸਾਖੀਏ” ਸੰਬੰਧੀ  ਵਿਸ਼ੇਸ਼ ਤੌਰ ਤੇ ਕਹਿਣਾਂ ਚਾਹੁੰਦਾ ਹਾਂ

ਇਸ ਪੁਸਤਕ ਦੇ ਬਹੁਤ ਸਾਰੇ ਗੀਤਾਂ ਵਿਚ ਕਵਿੱਤਰੀ ਨੇ ਵੱਖ ਵੱਖ ਮੌਸਮਾਂ ਨੂੰ ਸੰਬੋਧਨ ਕੀਤਾ ਹੈ, ਪਰ “ ਜਿਸ ਸਾਵਣ ਨੂੰ ਤਾਂਘ ਰਹੇ ਹਾਂ” ਵਿਚ ਸਾਵਣ ਮਹੀਨੇ ਨੂੰ ਅੱਡ ਅੱਡ ਰੂਪਾਂ ਵਿਚ ਵਰਤਿਆ ਹੈ—-

 ਨਵੀਂ ਨਰੋਈ ਜ਼ਿੰਦਗੀ ਲਈ (ਪਹਿਲਾ ਬੰਦ) , ਗਰੀਬ ਦੇ ਪੇਟ ਦੀ ਭੁੱਖ ਕਦੋਂ ਦੂਰ ਹੋਵੇਗੀ ( ਦੂਜਾ ਬੰਦ), ਚੰਗੇ ਦਿਨਾਂ ਦੀ ਆਸ ਲਈ( ਤੀਜਾ ਬੰਦ), ਦੂਰਦਰਸ਼ੀ ਹਾਕਮ ਅਤੇ ਖੁਸ਼ਹਾਲ ਜਨਤਾ ਲਈ ( ਚੌਥਾ ਬੰਦ ) ,ਨੌਜੁਆਨ ਨਸ਼ੇ ਦੇ ਦੌਰ ਵਿੱਚੋਂ ਕਦੋਂ ਬਾਹਰ ਆਉਣਗੇ ( ਪੰਜਵਾਂ ਬੰਦ) ਸਰਹੱਦਾਂ ਤੇ ਅਮਨ(ਛੇਵਾਂ ਬੰਦ),ਮਿਹਨਤਕਸ਼ਾਂ ਦੀ ਲੁੱਟ ਕਦੋਂ ਖ਼ਤਮ ਹੋਵੇਗੀ (ਸੱਤਵਾਂ ਬੰਦ) । ਇਹ ਇੱਕ ਬਹੁਪਰਤੀ ਗੀਤ ਹੈ ਤੇ ਇਸ ਨੂੰ ਪੰਜਾਬੀ ਦੇ ਚੋਣਵੇਂ ਸਾਹਿਤਕ ਗੀਤਾਂ ਦੀ ਫ਼ਹਿਰਿਸਤ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ । ਇਸ ਤਰਾਂ “ਦੱਸ ਨੀ ਵਿਸਾਖੀਏ”  ਵਿਚ ਇਹ ਦਰਸਾਇਆ ਗਿਆ ਹੈ ਕਿ ਬਦਲਦੇ ਹਾਲਾਤ ਅਨੁਸਾਰ ਰੀਤੀ ਰਿਵਾਜ਼ਾਂ ਤੇ ਤਿਓਹਾਰਾਂ ਦੀ ਵੀ ਨੁਹਾਰ ਬਦਲ ਗਈ ਹੈ । ਖੁਸ਼ੀਆਂ ਘਟ ਗਈਆਂ ਹਨ , ਦਿਖਾਵਾ ਵੱਧ ਗਿਆ ਹੈ, ਚਾਅ ਮੁੱਕ ਗਏ ਹਨ , ਰਸਮਾਂ ਹੀ ਨਿਭਾਈਆਂ ਜਾ ਰਹੀਆਂ ਹਨ। ਕਿਸਾਨ ਕਦੇ ਸ਼ਾਹੂਕਾਰਾਂ ਦੇ ਕਰਜ਼ਦਾਰ ਸਨ, ਹੁਣ ਬੈਂਕਾਂ ਦੇ ਹੋ ਗਏ ਹਨ । ਮੌਸਮਾਂ ਦੀ ਮਾਰ ਕਾਰਨ ਕਿਸਾਨ ਦੁਖੀ ਹਨ ਤੇ ਵਿਸਾਖੀ ਦੇ ਸੁਪਨੇ “ ਧੂੰਏਂ ਦੀ ਜੂਨ “ਪੈ ਚੁੱਕੇ ਹਨ ।

 ਗ਼ਜ਼ਲ ਨੁਮਾਂ ਰਚਨਾਵਾਂ ਦੇ ਕਈ ਸ਼ਿਅਰ ਵੀ ਪ੍ਰਭਾਵਿਤ ਕਰਦੇ ਹਨ ।— 

ਜੀਣ ਲਈ ਸੌਖਾ ਜਿਹਾ ਨੁਸਖ਼ਾ ਬਣਾ ਲਿਆ

ਖ਼ੁਦ ਨੂੰ ਮਸਲਿਆ ਅਤੇ ਜ਼ਖ਼ਮਾਂ ਤੇ ਲਾ ਲਿਆ ; 

ਹਰ ਸ਼ਹਿਰ ਵਿਕਾਊ ਹੈ ਸੱਜਣਾਂ 

ਹਰ ਲਹਿਰ ਵਿਕਾਊ ਹੈ ਸੱਜਣਾਂ 

ਹੁਣ ਵੱਜਦੇ ਰਾਗ ਬਜ਼ਾਰੀ ਦੀ

ਹਰ ਬਹਿਰ ਵਿਕਾਊ ਹੈ ਸੱਜਣਾਂ 

      ਮੇਰਾ ਵਿਚਾਰ ਹੈ ਕਿ ਜੇ ਇਹਨਾ ਗੀਤਾਂ ਵਿਚੋਂ ਕੁਝ ਗੀਤਾਂ ਨੂੰ ਕਿਸੇ ਸਾਹਿਤਕ ਸੂਝ ਵਾਲੇ ਸੰਗੀਤਕਾਰ ਦੀ ਅਗਵਾਈ ਵਿਚ , ਕਿਸੇ ਹਲਕੀ ਸੁਰ ਵਿਚ ਗਾਉਣ ਵਾਲੇ ਗਾਇਕ ਤੋਂ ਗਵਾਏ ਜਾਣ ਤਾਂ ਨਿਸ਼ਚੇ ਹੀ ਅਜਿਹੇ ਗੀਤ ਸਾਹਿਤਕ ਮਹਿਫ਼ਲਾਂ ਵਿਚ ਤਾਜ਼ਗੀ ਲਿਆਉਣਗੇ ।

   ਯੂਨੀਸਟਾਰ ਬੁੱਕਸ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦੀ ਦਿੱਖ ਅਤੇ ਛਪਾਈ ਵੀ ਉੱਚ ਪੱਧਰ ਦੀ ਹੈ। ਇਸ ਕਾਵਿ ਸੰਗ੍ਰਹਿ ਨਾਲ ਅਰਤਿੰਦਰ ਸੰਧੂ ਨੇ ਆਪਣੇ ਸਾਹਿਤਕ ਸਫਰ ਵਿਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਕੀਤੀ ਹੈ ।

(ਰਵਿੰਦਰ ਸਿੰਘ ਸੋਢੀ)

ravindersodhi51@gmail.com