ਵਿਸ਼ਵ ਤੰਬਾਕੂ ਵਿਰੋਧੀ ਦਿਵਸ

ਹਰ ਸਾਲ 31 ਮਈ ਨੂੰ ਕੌਮਾਂਤਰੀ ਪੱਧਰ ’ਤੇ ਤੰਬਾਕੂ ਵਿਰੋਧੀ ਦਿਵਸ ਵਿਸ਼ਵ ਸਿਹਤ ਸੰਸਥਾ ਅਤੇ ਹੋਰ ਸਮਾਜਿਕ, ਧਾਰਮਿਕ ਅਤੇ ਸਿਹਤ ਨਾਲ ਸਬੰਧਤ ਸੰਸਥਾਵਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ 31 ਮਈ, 1988 ਤੋਂ ਵਿਸ਼ਵ ਸਿਹਤ ਸੰਸਥਾ ਵੱਲੋਂ ਤੰਬਾਕੂ ਦੀ ਵਿਸ਼ਵ ਪੱਧਰ ’ਤੇ ਵਧ ਰਹੀ ਵਰਤੋਂ ਨੂੰ ਮਹਿਸੂਸ ਕਰਦਿਆਂ ਕੀਤੀ ਗਈ। ਤੰਬਾਕੂ  ਵਿਸ਼ਵ ਪੱਧਰ ’ਤੇ ਭਿਆਨਕ ਬਿਮਾਰੀਆਂ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਮੁੱਖ ਕਾਰਨ  ਹੈ।  

ਤੰਬਾਕੂ ਇੱਕ ਮਿੱਠਾ ਜ਼ਹਿਰ ਹੈ, ਜੋ ਹੌਲੀ-ਹੌਲੀ ਮਨੁੱਖ ਨੂੰ ਆਪਣਾ ਗੁਲਾਮ ਬਣਾਉਂਦਾ ਹੈ ਅਤੇ ਅੰਤ ਵਿਚ ਉਸ ਦੀ ਜਾਨ ਲੈ ਲੈਂਦਾ ਹੈ। ਨਿਕੋਟਿਆਨਾ ਪ੍ਰਜਾਤੀ ਦਾ ਅਜਿਹਾ ਪੌਦਾ, ਜਿਸ ਦੇ ਪੱਤਿਆਂ ਨੂੰ ਸੁਕਾ ਕੇ ਨਸ਼ਾ ਬਣਾਇਆ ਜਾਂਦਾ ਹੈ। ਤੰਬਾਕੂ ਦਾ ਪ੍ਰਯੋਗ ਸਿਗਰਟ, ਬੀੜੀ, ਗੁਟਖਾ, ਜਰਦਾ, ਖੈਣੀ ਆਦਿ ਦੇ ਰੂਪ ਵਿੱਚ ਕੀਤਾ ਜਾਂਦਾ ਹੈ।

 ਤੰਬਾਕੂ ਦਾ ਸੇਵਨ ਕਰਨ ਨਾਲ ਸੁਆਦ ਅਤੇ ਸੁੰਘਣ ਸ਼ਕਤੀ ਘਟ ਜਾਂਦੀ ਹੈ। ਖਾਂਸੀ ਅਤੇ ਬੁਖਾਰ ਆਮ ਹੁੰਦਾ ਰਹਿੰਦਾ ਹੈ। ਚਿਹਰੇ ’ਤੇ ਉਮਰ ਤੋਂ ਪਹਿਲਾਂ ਹੀ ਝੁਰੜੀਆਂ ਪੈ ਜਾਂਦੀਆਂ ਹਨ। ਦੰਦਾਂ ਦੀਆਂ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਬਲੱਡ ਪੈ੍ਰਸ਼ਰ ਵਧ ਜਾਂਦਾ ਹੈ। ਦਿਲ ਦੀਆਂ ਬਿਮਾਰੀਆਂ ਵਧ ਜਾਂਦੀਆਂ ਹਨ। ਸਾਹ ਦੀਆਂ ਸਮੱਸਿਆਵਾਂ, ਦਮਾ, ਮੂੰਹ, ਜੀਭ, ਗਲੇ ਦਾ ਕੈਂਸਰ, ਹੱਡੀਆਂ ਦੀ ਕਮਜ਼ੋਰੀ ਅਤੇ ਅੱਖਾਂ ਦੀ ਨਿਗ੍ਹਾ ਦਾ ਘਟਣਾ ਜਿਹੀਆਂ ਅਨੇਕਾਂ ਬਿਮਾਰੀਆਂ ਹੋ ਜਾਂਦੀਆਂ ਹਨ। ਤੰਬਾਕੂ ਨੂੰ ‘ਗੇਟਵੇਅ ਆਫ ਡਰੱਗ’ ਕਿਹਾ ਜਾਂਦਾ ਹੈ ਜਿਸ ਦਾ ਭਾਵ ਹੈ ਕਿ ਜੋ ਵਿਅਕਤੀ ਤੰਬਾਕੂ ਦੀ ਵਰਤੋਂ ਕਰਦਾ ਹੈ ਉਸ ਦੇ ਬਾਕੀ ਨਸ਼ਿਆਂ ਦੀ ਵਰਤੋਂ ਕਰਨ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਤੰਬਾਕੂ  ਦੀ ਕਿਸੇ ਵੀ ਰੂਪ ਵਿੱਚ  ਵਰਤੋਂ ਚਾਹੇ ਉਹ ਸਿਗਰਟ ਤੇ ਬੀੜੀ ਹੋਵੇ ਜਾਂ ਜਰਦਾ  ਤੇ ਪਾਨ ਮਸਾਲਾ ਹੋਵੇ, ਹਰ ਤਰ੍ਹਾਂ ਖ਼ਤਰਨਾਕ ਹੈ। ਸਿਗਰਟ ਤੇ ਬੀੜੀ ਦੇ ਧੂੰਏਂ ਦਾ ਤੰਬਾਕੂ ਨਾ ਵਰਤਣ ਵਾਲਿਆਂ ’ਤੇ ਵੀ ਬਹੁਤ ਮਾੜਾ ਪ੍ਰਭਾਵ ਹੈ। 

ਤਮਾਕੂ ਦੇ ਪ੍ਰਯੋਗ ਤੋਂ ਰੋਕਣ ਲਈ ਵਿਅਕਤੀਗਤ ਤੌਰ ’ਤੇ ਮਨੁੱਖਾਂ ਅਤੇ ਸਰਕਾਰ ਦਾ ਸਾਂਝਾ ਉਪਰਾਲਾ ਹੋਣਾ ਚਾਹੀਦਾ ਹੈ। ਵਿਅਕਤੀਗਤ ਤੌਰ ’ਤੇ ਆਪਣੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਖੁਦ ਪੜਚੋਲ ਕਰੇ ਕਿ ਉਹ ਰੋਜ਼ ਕਿੰਨੀਆਂ ਸਿਗਰੇਟ ਪੀਂਦਾ ਹੈ। ਇਕ ਵਾਰ ਜਦੋਂ ਉਹ ਆਪ ਕੋਸ਼ਿਸ਼ ਕਰੇਗਾ ਕਿ ਉਸ ਨੂੰ ਇਸ ਤੋਂ ਛੁਟਕਾਰਾ ਪਾਉਣਾ ਹੈ ਤਾਂ ਇਹ ਨਸ਼ਾ ਛੁਡਾਉ ਕੇਂਦਰ ਜਾਂ ਮਨੋਵਿਗਿਆਨਕ ਦੀ ਮਦਦ ਨਾਲ ਹੀ ਸੰਭਵ ਹੋ ਸਕਦਾ ਹੈ। ਸਰਕਾਰ ਦਾ ਫਰਜ਼ ਹੈ ਕਿ ਉਹ ਨੌਜਵਾਨ ਵਿਅਕਤੀਆਂ ਨੂੰ ਇਸ ਦੇ ਪ੍ਰਯੋਗ ਦੇ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰੇ।

ਇਸ ਦੇ ਲਈ ਕਈ ਪ੍ਰੋਗਰਾਮ, ਗਤੀਵਿਧੀਆਂ ਅਤੇ  ਅਭਿਆਨ ਉਲੀਕੇ ਜਾਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ। ਭਾਵੇਂ ਸ਼ੁਰੂ ਵਿਚ ਇਹ ਨਸ਼ਾ ਖੁਸ਼ੀ ਦੇ ਸਕਦਾ ਹੈ ਜਾਂ ਪਰ ਜਦੋਂ ਇਸ ਦੀ ਆਦਤ ਪੈ ਜਾਂਦੀ ਹੈ ਤਾਂ ਇਹ ਉਸ ਨੂੰ ਜਕੜ ਲੈਂਦਾ ਹੈਂ ਅਤੇ ਫਿਰ ਇਸ ਦੇ ਪ੍ਰਭਾਵ ਤੋਂ ਬਚਣਾ ਮੁਸ਼ਕਲ ਹੋ ਜਾਂਦਾ ਹੈ। ਤਮਾਕੂ ਦਾ ਸੇਵਨ ਦੋ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਪਹਿਲਾਂ ਇਸ ਨੂੰ ਚਬਾ ਕੇ ਅਤੇ ਦੂਸਰਾ ਸਿਗਰਟ, ਬੀੜੀ ਦੇ ਤੌਰ ’ਤੇ। ਸਿਗਰਟ ਦਾ ਧੂੰਆਂ ਸਿਰਫ ਸਿਗਰਟ ਪੀਣ ਵਾਲੇ ਵਿਅਕਤੀ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦਾ ਹੈ ਬਲਕਿ ਉਸ ਦੇ ਆਲੇ-ਦੁਆਲੇ ਬੈਠੇ ਲੋਕਾਂ ਦੀ ਸਿਹਤ ’ਤੇ ਬੁਰਾ ਅਸਰ ਪਾਉਂਦਾ ਹੈ।

ਤੰਬਾਕੂ  ਦੀ ਵਰਤੋਂ ਇੱਕ ਜਾਨਲੇਵਾ ਆਦਤ ਹੈ ਤੇ ਜਦੋਂ ਵਿਅਕਤੀ ਤੰਬਾਕੂ ਦੀ ਵਰਤੋਂ ਛੱਡਦਾ ਹੈ ਤਾਂ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕਿਸੇ ਵੀ ਵਿੱਦਿਅਕ ਅਦਾਰੇ ਦੀ ਬਾਹਰੀ ਦੀਵਾਰ ਦੇ 100 ਗਜ ਦੇ ਅੰਦਰ ਤੰਬਾਕੂ ਵੇਚਣਾ ਮਨ੍ਹਾਂ ਹੈ ਤੇ ਇਸ ਨੂੰ ਲਾਗੂ ਕਰਵਾਉਣਾ ਵਿੱਦਿਅਕ ਅਦਾਰੇ ਦੇ ਮੁਖੀ ਦੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ ਤੰਬਾਕੂ ਦੀਆਂ ਸਾਰੀਆਂ ਵਸਤਾਂ ਤੇ ਤੰਬਾਕੂ ਦੇ ਸਿਹਤ ’ਤੇ ਨੁਕਸਾਨ ਨਾਲ ਸਬੰਧਤ ਚਿੱਤਰ ਛਾਪਣੇ ਵੀ ਜ਼ਰੂਰੀ ਕਰ ਦਿੱਤੇ ਗਏ ਹਨ। ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਕਰਨ ਲਈ ਕੈਦ ਅਤੇ ਜੁਰਮਾਨਿਆਂ ਦੀ ਵਿਵਸਥਾ ਵੀ ਕੀਤੀ ਗਈ ਹੈ। ਆਮ ਤੌਰ ’ਤੇ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤੇ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਮ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਤੰਬਾਕੂ  ਦੇ ਮਾੜੇ ਪ੍ਰਭਾਵਾਂ ਤੋਂ ਬਚ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕੇ।

ਸਰਕਾਰ ਨੂੰ ਤੰਬਾਕੂ ਦੇ ਪ੍ਰਚਾਰ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਦਯੋਗਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਮਨੁੱਖੀ ਜ਼ਿੰਦਗੀ ਬਹੁਤ ਅਨਮੋਲ ਹੈ। ਇਸ ਨੂੰ ਗਲਤ ਆਦਤਾਂ ਵੱਸ ਗੁਆਉਣਾ ਨਿਰੀ ਮੂਰਖਤਾ ਹੈ। ਆਓ ਅਸੀਂ ਸਾਰੇ ਮਿਲ ਕੇ ਇਹ ਪ੍ਰਣ ਲਈਏ ਕਿ ਅਸੀਂ ਖ਼ੁਦ ਇਸ ਤੰਬਾਕੂ ਜ਼ਹਿਰ ਦਾ ਸੇਵਨ ਨਹੀਂ ਕਰਾਂਗੇ ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਦੇ ਜੰਜਾਲ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਤਰ੍ਹਾਂ ਨਾਲ ਸਿਰਫ ਮਨੁੱਖੀ ਜੀਵਨ ਨਹੀਂ ਬਲਕਿ ਵਾਤਾਵਰਣ ਦੀ ਸਾਂਭ-ਸੰਭਾਲ ਹੋਵੇਗੀ, ਕਿਉਂਕਿ ਸਿਗਰੇਟ ਬੀੜੀ ਦਾ ਧੂੰਆਂ ਵਾਤਾਵਰਣ ਨੂੰ ਬਹੁਤ ਪ੍ਰਦੂਸ਼ਿਤ ਕਰਦਾ ਹੈ। ਆਓ ਸਾਰੇ ਮਿਲ ਕੇ ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਮੌਕੇ ’ਤੇ ਇਕ ਸੁੰਦਰ ਤੇ ਸਿਹਤਮੰਦ ਵਾਤਾਵਰਨ ਦੀ ਕਲਪਨਾ ਨੂੰ ਸਾਕਾਰ ਕਰਨ ਵੱਲ ਇੱਕ ਕਦਮ ਵਧਾਈਏ।

(ਮਾਸਟਰ ਪ੍ਰੇਮ ਸਰੂਪ ਛਾਜਲੀ)

+91 9417134982

Install Punjabi Akhbar App

Install
×