ਪੰਜਾਬੀ ਦੋਖੀਆਂ ਦਾ ਚਿਹਰਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਨੰਗਾ ਹੋਇਆ- ਡਾ ਤੇਜਵੰਤ ਮਾਨ

(ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ)

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ, ਜਿਸ ਵਿਚ 550 ਸਾਲਾ ਦਿਵਸ ਦੇ ਸੰਬੰਧ ਵਿਚ ਹੋ ਰਹੇ ਸਮਾਗਮਾਂ ਬਾਰੇ ਚਰਚਾ ਦੇ ਨਾਲ ਨਾਲ ਹੋਰ ਮਹੱਤਵਪੂਰਨ ਮਸਲਿਆਂ ਉਤੇ ਮਤੇ ਪਾਸ ਕੀਤੇ ਗਏ। ਸਲਾਹਕਾਰਾਂ ਦੀ ਨਿਯੁਕਤੀ ਦਾ ਮਤਾ ਪਾਸ ਕਰ ਲਿਆ। ਪਰ ਬੜੇ ਹੀ ਅਫਸੋਸ ਅਤੇ ਦੁੱਖ ਦੀ ਗੱਲ ਹੈ ਕਿ ਜਦੋਂ ਆਪ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਭਾਸ਼ਾ ਨੂੰ ਪੰਜਾਬ ਵਿਚ ਹਰ ਪੱਧਰ ਤੇ ਲਾਗੂ ਕਰਨ ਦਾ ਮਤਾ ਪੇਸ਼ ਕੀਤਾ ਤਾਂ ਕਾਂਗਰਸੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਅਕਾਲੀ ਚੁੱਪ ਬੈਠੇ ਰਹੇ। ਸਪੀਕਰ ਵਿਧਾਨ ਸਭਾ ਨੇ ਇਹ ਮਦਾ ਰੱਦ ਕਰ ਦਿੱਤਾ। ਡਾ ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਨੇ ਸਪੀਕਰ, ਕਾਂਗਰਸੀਆਂ ਅਤੇ ਅਕਾਲੀਆਂ ਦੇ ਪੰਜਾਬੀ ਵਿਰੋਧੀ ਇਸ ਵਤੀਰੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ ਤੇਜਵੰਤ ਮਾਨ ਨੇ ਦੱਸਿਆ ਕਿ ਪੰਜਾਬੀ ਬਚਾਓ ਕਾਨਫਰੰਸਾਂ ਦੀ ਲੜੀ ਅਧੀਨ ਸਭਾ ਵੱਲੋਂ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਇੱਕ ਦੋਵਰਕੀ ਤਿਆਰ ਕੀਤੀ ਗਈ ਹੈ। ਇਹ ਦੋਵਰਕੀ ਕੇਂਦਰੀ ਸਭਾ ਵੱਲੋਂ ਹਰ ਪਾਰਟੀ ਦੇ ਵਿਧਾਨਕਾਰ ਕੋਲ ਭੇਜੀ ਗਈ ਹੈ। ਅਕਾਲੀਆਂ ਅਤੇ ਕਾਂਗਰਸੀਆਂ ਨੇ ਤਾਂ ਇਸ ਨੂੰ ਦਰ ਕਿਨਾਰ ਕਰ ਦਿੱਤਾ, ਪਰ ਆਪ ਪਾਰਟੀ ਦੇ ਵਿਧਾਇਕਾਂ ਨੇ ਕੁਲਤਾਰ ਸਿੰਘ ਸੰਧਵਾਂ ਰਾਹੀਂ ਪੰਜਾਬੀ ਭਾਸ਼ਾ ਪ੍ਰਤੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਭਾਵਨਾ ਅਨੁਸਾਰ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਮਤਾ ਪਾਸ ਕਰਾਉਣ ਦੀ ਪਹਿਲ ਕੀਤੀ। ਡਾ ਮਾਨ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਆਪ ਪਾਰਟੀ ਦੇ ਵਿਧਾਇਕਾਂ ਅਤੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦੀ ਹੈ।  ਡਾ ਮਾਨ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਪੰਜਾਬੀ ਭਾਸ਼ਾ ਪ੍ਰਤੀ ਵਿਰੋਧੀ ਰਵੱਈਏ ਨੂੰ ਤਿਆਗੇ ਅਤੇ ਪੰਜਾਬ ਰਾਜ ਭਾਸ਼ਾ ਐਕਟ 2008 ਨੂੰ ਲਾਗੂ ਕਰਕੇ। ਪੰਜਾਬੀ ਭਾਸ਼ਾ ਦੀ ਤਰੱਕੀ ਲਈ ਵਿਿਦਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਮੰਗੀ ਗਈ ਪੰਜਾਹ ਕਰੋੜ ਰੁਪਏ ਦੀ ਰਕਮ ਤੁਰੰਤ ਜਾਰੀ ਕਰੇ।