
(ਦ ਏਜ ਮੁਤਾਬਿਕ) ਬੀਤੇ ਕੱਲ੍ਹ ਸ਼ੁਕਰਵਾਰ ਨੂੰ ਲਾਕ-ਡਾਊਨ ਦੇ ਖ਼ਿਲਾਫ਼ ਕੁੱਝ ਲੋਕਾਂ ਵੱਲੋਂ ਮੈਲਬੋਰਨ ਦੇ ਸ਼ਰਾਇਨ ਆਫ ਰਿਮੈਂਬਰੈਂਸ ਵਿਖੇ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਹਿੰਸਾ ਦਾ ਰੂਪ ਧਾਰ ਗਿਆ ਅਤੇ ਇਸ ਵਿੱਚ ਕਈ ਲੋਕ ਜ਼ਖ਼ਮੀ ਵੀ ਹੋ ਗਏ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਉਕਤ ਸਥਾਨ ਉਪਰ, ਦੁਪਹਿਰ 2 ਕੁ ਵਜੇ ਨਾਲ ਇਕੱਠੇ ਹੋ ਗਏ ਅਤੇ ਸਰਕਾਰ ਦੇ ਖ਼ਿਲਾਫ਼ ਨਾਅਰੇ-ਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਘੰਟਿਆਂ ਬਾਅਦ ਪੁਲਿਸ ਅਤੇ ਪਰਦਰਸ਼ਨ ਕਾਰੀਆਂ ਵਿਚਾਲੇ ਹੋਈ ਬਹਿਸ ਦੌਰਾਨ, ਅਚਾਨਕ ਇਹ ਪ੍ਰਦਰਸ਼ਨ ਹਿੰਸਾ ਦਾ ਰੂਪ ਧਾਰ ਗਿਆ ਅਤੇ ਇਸ ਵਿੱਚ ਘੱਟੋ ਘੱਟ ਤਿੰਨ ਪੁਲਿਸ ਅਫ਼ਸਰ ਜ਼ਖ਼ਮੀ ਵੀ ਹੋ ਗਏ ਅਤੇ ਇੱਕ ਨੂੰ ਤਾਂ ਹਸਪਤਾਲ ਵੀ ਲਿਜਾਉਣਾ ਪਿਆ। ਭੀੜ ਨੂੰ ਉਕਸਾਉਣ, ਭੜਕਾਉਣ ਅਤੇ ਪੁਲਿਸ ਉਪਰ ਹਮਲਾ ਕਰਨ ਦੇ ਜੁਰਮ ਅਧੀਨ, ਪੁਲਿਸ ਨੇ 16 ਲੋਕਾਂ ਨੂੰ ਮੌਕੇ ਉਪਰ ਹੀ ਗ੍ਰਿਫਤਾਰ ਕਰ ਲਿਆ ਅਤੇ ਘੱਟੋ ਘੱਟ 96 ਨੂੰ ਕਰੋਨਾ ਨਿਯਮਾਂ ਦੀ ਉਲੰਘਣਾਂ ਤਹਿਤ ਜੁਰਮਾਨੇ ਵੀ ਕੀਤੇ ਗਏ। ਪੁਲਿਸ ਵੱਲੋਂ ਦੱਸਣ ਮੁਤਾਬਿਕ ਇੱਕ ਪ੍ਰਦਰਸ਼ਨਕਾਰੀ ਵੱਲੋਂ ਇੱਕ ਝੰਡੇ ਦੇ ਡੰਡੇ ਨਾਲ ਪੁਲਿਸ ਦੇ ਘੁੜਿਆਂ ਦੇ ਮੂੰਹ ਉਪਰ ਵਾਰ ਕੀਤੇ ਗਏ -ਗ਼ਨੀਮਤ ਇਹ ਰਹੀ ਕਿ ਕੋਈ ਵੀ ਘੋੜਾ ਜ਼ਖ਼ਮੀ ਨਹੀਂ ਹੋਇਆ ਅਤੇ ਉਕਤ ਪ੍ਰਦਰਸ਼ਨਕਾਰੀ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।