ਕੈਨੇਡਾ ਦੇ ਬਰੈਂਪਟਨ ਵਾਸੀਆਂ ਨੇ ਖੇਤੀਬਾੜੀ ਬਿਲਾਂ ਨੂੰ ਸਾੜ ਕੇ ਮਨਾਈ ਲੋਹੜੀ

ਨਿਊਯਾਰਕ/ਬਰੈਂਪਟਨ —ਕੈਨੇਡਾ ਦੇ ਬਰੈਂਪਟਨ ਵਿਖੇ ਅੱਜ ਲੋਹੜੀ ਵਾਲੇ ਦਿਨ ਪੰਜਾਬੀ ਮੂਲ ਦੇ ਲੋਕਾਂ ਨੇ “ਲੋਹੜੀ ਬਾਲ ਕਿਸਾਨਾਂ ਨਾਲ ” ਬੈਨਰ ਹੇਠ ਬਰੈਂਪਟਨ ਗੇਟਵੇਅ ਟਰਮੀਨਲ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਤੇ ਇਸ ਮੌਕੇ ਬਰੈਂਪਟਨ ਵਾਸੀਆਂ ਵੱਲੋਂ ਖੇਤੀਬਾੜੀ ਬਿਲਾਂ ਨੂੰ ਅੱਗ ਲਾਕੇ ਆਪਣੇ ਰੋਸ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਇਸ ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗ, ਨੌਜਵਾਨ, ਬੀਬੀਆਂ, ਕੈਨੇਡੀਅਨ ਜੰਮਪਲ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ।ਇਹ ਰੋਸ ਮੁਜ਼ਾਹਰਾ ਬਰੈਂਪਟਨ ਦੇ ਸ਼ੋਪਰਜ਼ ਵਰਲਡ ਵਿਖੇ ਆਯੋਜਿਤ ਕੀਤਾ ਗਿਆ ਸੀ । ਮੁਜ਼ਾਹਰੇ ਵਿੱਚ ਢੋਲ ਦੇ ਡੱਗੇ ਉਪਰ ਕਿਸਾਨੀ ਸੰਘਰਸ਼ ਦੇ ਨਾਲ ਸਬੰਧਿਤ ਲੋਹੜੀ ਗੀਤ ਵੀ ਗਾਏ ਗਏ ਤੇ ਜੋਸੀਲੇ ਨਾਅਰਿਆਂ ਦੇ ਨਾਲ ਕਿਸਾਨੀ ਮੋਰਚੇ ਨੂੰ ਹਮਾਇਤ ਵੀ ਦਿੱਤੀ ਗਈ ਹੈ । ਪ੍ਰੋਗਰਾਮ ਦੇ ਅੰਤ ਵਿੱਚ ਕਾਲੇ ਕਾਨੂੰਨ ਦੀਆਂ ਕਾਪੀਆਂ ਨੂੰ ਪਾੜਿਆ ਵੀ ਗਿਆ ਤੇ ਸਰਕਾਰ ਨੂੰ ਸੰਬੋਲਿਕ ਸੰਦੇਸ਼ ਦੇਣ ਲਈ ਇੰਨਾ ਕਾਪੀਆਂ ਨੂੰ ਸਾੜਿਆ ਵੀ ਗਿਆ ਹੈ। ਮੁਜ਼ਾਹਰੇ ਦੇ ਪ੍ਰਬੰਧਕਾਂ ਨੇ ਕਿਹਾ ਕਿ “ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਈ ਜਾਂਦੇ ਇਸ ਤਰ੍ਹਾਂ ਦੇ ਵਿਸ਼ਾਲ ਧਰਨੇ, ਮੁਜ਼ਾਹਰੇ ਜਾਰੀ ਰਹਿਣਗੇ।”

ਇਸ ਮੌਕੇ 26 ਜਨਵਰੀ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਹੋਣ ਵਾਲੀ ਟ੍ਰੈਕਟਰ ਰੈਲੀ ਨੂੰ ਪ੍ਰਬੰਧਕਾਂ ਵਲੋਂ ਪੂਰੀ ਹਮਾਇਤ ਦਿੱਤੀ ਗਈ ਹੈ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਇੱਕਜੁੱਟ ਹੋਕੇ ਸਾਥ ਦੇਣ ਦੀ ਅਪੀਲ ਵੀ  ਕੀਤੀ ਗਈ ਹੈ । ਪ੍ਰੰਬਧਕਾ ਨੇ ਕਿਹਾ ਹੈ ਕਿ ਜੇਕਰ ਇਸ ਸਮੇਂ ਕੋਵਿਡ ਮਹਾਂਮਾਰੀ ਨਾ ਹੁੰਦੀ ਤਾਂ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਵੱਲੋਂ ਵੀ ਦਿੱਲੀ ਵੱਲ ਕੂਚ ਕੀਤਾ ਜਾਣਾ ਸੀ  ਪਰ ਫਿਰ ਵੀ ਮਹਾਂਮਾਰੀ ਸਮੇਂ ਵਿਦੇਸ਼ਾਂ ਵਿੱਚ ਬਹਿ ਕੇ ਜਿਸ ਤਰੀਕੇ ਨਾਲ ਵੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾ ਸਕਦੇ ਸੀ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਪਾਇਆ ਜਾਂਦਾ ਰਹੇਗਾ ‌।

Install Punjabi Akhbar App

Install
×