
ਕੋਟਕਪੂਰਾ:- ਨੇੜਲੇ ਪਿੰਡ ਵਾੜਾਦਰਾਕਾ ਦੇ ਗੁਰਦਵਾਰਾ ਸਾਹਿਬ ਵਿਖੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਲਾਏ ਗਏ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਮੁੱਖ ਵਕਤਾ ਵਜੋਂ ਪੁੱਜੇ ਇੰਸ. ਬੇਅੰਤ ਕੌਰ ਐੱਸਐੱਚਓ ਥਾਣਾ ਸਦਰ ਕੋਟਕਪੂਰਾ ਨੇ ਨਸ਼ੇ ਦੀਆਂ ਬੁਰਾਈਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਦੱਸਿਆ ਕਿ ਨਸ਼ਾ ਸਿਰਫ ਸਮਾਜ ਵਾਸਤੇ ਇਕ ਬੁਰਾਈ ਹੀ ਨਹੀਂ ਬਲਕਿ ਸਮੁੱਚੇ ਪਰਿਵਾਰ ਲਈ ਬਰਬਾਦੀ ਦਾ ਸਬੱਬ ਬਣਨ ਵਾਲੀ ਕਰੋਪੀ ਹੈ। ਉਨਾ ਦੱਸਿਆ ਕਿ ਜਿਸ ਤਰਾਂ ਨੇੜਲੇ ਪਿੰਡ ਹਰੀਨੌ ਦੇ ਨੌਜਵਾਨਾਂ ਨੇ ਨਸ਼ਿਆਂ ਦੀ ਬੁਰਾਈ ਦੇ ਖਾਤਮੇ ਲਈ ਸੰਕਲਪ ਲਿਆ ਹੈ, ਉਸੇ ਤਰਾਂ ਪੰਜਾਬ ਭਰ ਦੇ ਸਾਰੇ ਪਿੰਡਾਂ ਦੇ ਨੌਜਵਾਨਾ ਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਨਸ਼ਿਆਂ ਖਿਲਾਫ ਮੁਹਿੰਮ ਵਿੱਢਣੀ ਚਾਹੀਦੀ ਹੈ। ਉਨਾਂ ਪਿੰਡ ਦੇ ਨਸ਼ੇੜੀ ਨੌਜਵਾਨਾਂ ਦਾ ਨਸ਼ਾ ਛੁਡਾਉ ਕੇਂਦਰਾਂ ‘ਚ ਮੁਫਤ ਇਲਾਜ ਕਰਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਪੁਲਿਸ ਪ੍ਰਸ਼ਾਸ਼ਨ ਵਲੋਂ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ। ਇਸ ਲਈ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਦੌਰਾਨ ਨਸ਼ੇ ਦੀ ਸਪਲਾਈ ਲਾਈਨ ਤੋੜਨ ਲਈ ਆਮ ਲੋਕਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ। ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦਿੱਤ ਸਿੰਘ ਨੇ ਵੀ ਗੁਰਬਾਣੀ ਮੁਤਾਬਿਕ ਨਸ਼ੇ ਦੀ ਬੁਰਾਈ ਸਬੰਧੀ ਕਈ ਗੱਲਾਂ ਸਾਂਝੀਆਂ ਕੀਤੀਆਂ। ਪਿੰਡ ਦੀ ਸਰਪੰਚ ਬੀਬੀ ਹਰਜੀਤ ਕੌਰ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਮਨਰੇਗਾ ਯੂਨੀਅਨ ਦੇ ਪ੍ਰਧਾਨ ਮਨਵਿੰਦਰ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਉਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੈਂਬਰਾਂ ਲਖਵਿੰਦਰ ਸਿੰਘ, ਜਬਰਜੰਗ ਸਿੰਘ, ਕੁਲਦੀਪ ਸਿੰਘ ਆਦਿ ਦਾ ਭਰਪੂਰ ਸਹਿਯੋਗ ਰਿਹਾ।
ਸਬੰਧਤ ਤਸਵੀਰ ਵੀ।