ਐਸ.ਡੀ.ਕਾਲਜੀਏਟ ਹੁਸ਼ਿਆਰਪੁਰ ਵਿਖੇ ਤ੍ਰੈ-ਭਾਸ਼ੀ ਨਸ਼ਾ ਵਿਰੋਧੀ ਮੁਕਾਬਲੇ ਦਾ ਆਯੋਜਨ ਹੋਇਆ

IMG-20160506-WA0011ਸੁਸਾਇਟੀ ਫਾਰ ਸਰਵਿਸ ਟੂ ਵਲੰਟੀਅਰ ਏਜੰਸੀਜ਼ (ਸੋਸਵਾ) ਉਤਰੀ ਭਾਰਤ ਚੰਡੀਗੜ੍ਹ ਅਤੇ ਸ਼ੁਭ ਕਰਮਨ ਸੁਸਾਇਟੀ ਵਲੋਂ ਸਮਾਜਿਕ ਸੁਰੱਖਿਆ ਵਿਭਾਗ ਦੇ ਪ੍ਰੋਗਰਾਮ ਤਹਿਤ ਨਸ਼ਾ ਵਿਰੋਧੀ ਮੁਕਾਬਲਾ ਐਸ.ਡੀ. ਕਾਲਜੀਏਟ ਪੰਡਿਤ ਅੰਮ੍ਰਿਤ ਅਨੰਦ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਤ੍ਰੈ-ਭਾਸ਼ੀ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਪਰਿਵਾਰਾਂ ਵਿਚ ਮਰਦ ਵਰਗ ਦਾ ਸ਼ਰਾਬ ਤੇ ਨਸ਼ਿਆਂ ਵੱਲ ਰੁਝਾਨ, ਕਿਸ਼ੋਰ ਅਵਸਥਾ ਅੰਦਰ ਕੁਸੰਗਤ, ਲੱਚਰ ਤੇ ਹਿੰਸਕ ਗਾਇਕੀ, ਪੜ੍ਹਾਈ ਤੇ ਕਿਰਤ ਬਿਨਾਂ ਸਸਤੀ ਸ਼ੋਹਰਤ , ਸਰਕਾਰ ਦੀ ਨਸ਼ੇੜੀ ਆਰਥਿਕਤਾ ਅਤੇ ਨਸ਼ੇ ਵੱਟੇ ਵੋਟ ਆਦਿਕ ਕਈ ਕਾਰਣਾਂ ਤੇ ਧਿਆਨ ਕੇਂਦ੍ਰਿਤ ਕੀਤਾ। ਉਹਨਾਂ ਨੇ ਸਰੀਰਕ, ਮਾਨਸਿਕ, ਆਰਥਿਕ ਅਤੇ ਬਹੁ-ਪੱਖੀ ਨੁਕਸਾਨਾਂ ਦੇ ਆਰੰਭ ਤੇ ਅੰਤ ਦੀ ਪ੍ਰਕਿਰਿਆ ਨੂੰ ਤੱਥਾਂ ਸਹਿਤ ਪੇਸ਼ ਕੀਤਾ। ਪਹਿਲਾ ਸਥਾਨ ਅਰਸ਼ਪ੍ਰੀਤ ਕੌਰ ਨਾਨ-ਮੈਡੀਕਲ, ਦੂਸਰਾ ਸਥਾਨ ਅਰਾਕਿਆ ਸ਼ਰਮਾ ਕਾਮਰਸ, ਤੀਜਾ ਸਥਾਨ ਸਵਾਤੀ ਸੈਣੀ ਕਾਮਰਸ ਅਤੇ ਵਿਸ਼ੇਸ਼ ਸਥਾਨ ਨਿਹਾਰਕਾ ਆਰਟਸ ਨੇ ਬੜੇ ਰੌਚਿਕ ਤੇ ਪ੍ਰਭਾਵਸ਼ਾਲੀ ਮੁਕਾਬਲੇ ਵਿਚੋਂ  ਪ੍ਰਾਪਤ ਕੀਤਾ ਅਤੇ ਮੋਮੈਂਟੋ ਹਾਂਸਲ ਕੀਤੇ। ਸਮੂਹ ਭਾਗੀਦਾਰਾਂ ਕਾਮਰਸ ਵਰਗ ਦੇ ਸਮਰਿਧੀ ਅਨੰਦ, ਅਲੀਸ਼ਾ ਵੋਹਰਾ, ਯੋਗਤਾ ਬਾਲੀ, ਅਭਿਸ਼ੇਕ ਸ਼ਾਰਦਾ ਅਤੇ ਨਾਨ-ਮੈਡੀਕਲ ਦੇ ਕਾਜਲ, ਮਨਦੀਪ ਕੌਰ, ਆਰਟਸ ਦੇ ਅਮਨਪ੍ਰੀਤ ਕੌਰ ਅਤੇ ਆਰਤੀ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ। ਜੱਜ ਦੀ ਭੂਮਿਕਾ ਪ੍ਰੋ: ਹਰੀਸ਼ ਬਜ਼ਾਜ਼, ਪ੍ਰੋ: ਪ੍ਰੀਤਕਮਲ ਕੌਰ ਅਤੇ ਪ੍ਰੋ: ਐਸ.ਪੀ.ਐਸ. ਕੰਗ ਨੇ ਨਿਭਾਈ। ਮੰਚ ਸੰਚਾਲਨ ਪ੍ਰੋ: ਕਵਿਤਾ ਵਿਭਾਗ ਜੀਵ ਵਿਗਿਆਨ ਨੇ ਬਾ-ਖੂਬੀ ਕੀਤਾ।
ਸ਼ੁਭ ਕਰਮਨ ਸੁਸਾਇਟੀ ਦੇ ਚੇਅਰਮੈਨ ਰਸ਼ਪਾਲ ਸਿੰਘ ਸੋਸ਼ਿਆਲੋਜਿਸਟ ਨੇ ਸਮਾਜ ਅੰਦਰ ਤੰਬਾਕੂ ਅਤੇ ਸ਼ਰਾਬ ਦੀ ਆਮ ਵਰਤੋਂ ਨੂੰ ਰੋਕਣ ਵਿਚ ਵਿਦਿਆਰਥੀਆਂ ਦੀ ਅਹਿਮ ਭੂਮਿਕਾ ਨੂੰ ਸਾਂਝਾ ਕਰਦਿਆਂ ਵਿਆਹ ਸ਼ਾਦੀਆਂ ਤੇ ਪਾਰਟੀਆਂ ਨਸ਼ਾ ਰਹਿਤ ਨਿਭਾਉਣ ਦਾ ਸੱਦਾ ਦਿੱਤਾ। ਤਜਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਵਿੱਦਿਅਕ ਅਦਾਰਿਆਂ ਅਤੇ ਵਿਸ਼ਵ-ਵਿਦਿਆਲਿਆਂ ਅੰਦਰ ਨਸ਼ਾ-ਮੁਕਤ ਲਹਿਰਾਂ ਪੈਦਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਐਸ.ਡੀ. ਕਾਲਜੀਏਟ ਦੇ ਪ੍ਰਿੰਸੀਪਲ ਬਬੀਤਾ ਨੇ ਸਮਾਜ-ਸੇਵੀ ਸੰਸਥਾਵਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਗਠਜੋੜ ਨਾਲ ਗੁਰੂਆਂ, ਪੀਰਾਂ ਤੇ ਦੇਸ਼-ਭਗਤਾਂ ਦੀ ਧਰਤੀ ਦੀ ਪਵਿੱਤਰਤਾ ਨੂੰ ਕਾਇਮ ਕਰਨ ਦੀ ਅਪੀਲ ਕਰਦਿਆਂ ਨਸ਼ਾ ਵਿਰੋਧੀ ਚੇਤਨਾ ਦੀ ਮਹੱਤਤਾ ਨੂੰ ਦਰਸਾਇਆ। ਇਸ ਮੌਕੇ ਗੁਰਮਤਿ ਕਾਲਜ ਦੇ ਪ੍ਰੋ: ਅਰਮਨਜੀਤ ਸਿੰਘ, ਪ੍ਰੋਜੈਕਟ ਸਹਾਇਕ ਸੁਰਜੀਤ ਸਿੰਘ ਤੋਂ ਇਲਾਵਾ ਪ੍ਰੋ: ਅਰਸ਼ਦੀਪ ਕੌਰ, ਪ੍ਰੋ: ਗੁਰਪ੍ਰੀਤ ਕੌਰ ਅਤੇ ਪ੍ਰੋ: ਸੁਨੈਨਾ ਹਾਜ਼ਰ ਸਨ।

 ਰਸ਼ਪਾਲ ਸਿੰਘ

rashpalsingh714@gmail.com