ਸਰਕਾਰੀ ਸਕੂਲ ਮੁਰਾਦਪੁਰ ਨਰਿਆਲ ਵਿਖੇ ਨਸ਼ਾ ਵਿਰੋਧੀ ਚੇਤਨਾ ਪ੍ਰੋਗਰਾਮ ਹੋਇਆ

muradpur001ਸ਼ੁਭ ਕਰਮਨ ਸੁਸਾਇਟੀ ਵਲੋਂ ਸਮਾਜਿਕ ਸੁਰੱਖਿਆ ਵਿਭਾਗ ਅਤੇ ਸੋਸਵਾ ਉੱਤਰੀ ਭਾਰਤ ਚੰਡੀਗੜ੍ਹ ਅਧੀਨ ਨਸ਼ਾ ਵਿਰੋਧੀ ਚੇਤਨਾ ਪ੍ਰੋਗਰਾਮ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਿਆਲ ਮੁਰਾਦਪੁਰ ਵਿਖੇ ਕੀਤਾ ਗਿਆ। ਰਸ਼ਪਾਲ ਸਿੰਘ ਨੇ ਤੰਬਾਕੂ ਅਤੇ ਸਿਗਰਟ ਦੇ ਨੁਕਸਾਨਾਂ ਉਪਰ ਸਲਾਈਡ ਸ਼ੋਅ ਵਿਖਾਉਦਿਆਂ ਸੰਸਾਰ ਦੇ ਸਨਮੁੱਖ ਚੁਣੌਤੀਆਂ ਨੂੰ ਸਾਂਝਾ ਕੀਤਾ। ਉਹਨਾਂ ਕਿਹਾ ਕਿ ਵਰਲਡ ਮੈਰਟੋਲਾਜੀਕਲ ਆਰਗੇਨਾਈਜੇਸ਼ਨ ਨੇ ਕਰੀਬ ਦਸ ਸਦੀਆਂ ਦੇ ਅੰਕੜਿਆਂ ਦੇ ਅਧਿਐਨ ਉਪਰੰਤ ਚੇਤਾਵਨੀ ਦਿੱਤੀ ਹੋਈ ਹੈ ਕਿ ਧਰਤੀ ਖਤਰਨਾਕ ਨਤੀਜੇ ਵੱਲ ਵਧ ਰਹੀ ਹੈ। ਸੰਨ 2050 ਤੱਕ ਤਾਪਮਾਨ ਵਿਚ 4 ਤੋਂ 6 ਸੈਲਸ਼ੀਅਸ ਡਿਗਰੀ ਦਾ ਵਾਧਾ ਸ਼ਰਤੀਆ ਹੈ। ਇਸ ਬਿਪਤਾ ਦੇ ਚੱਲਦਿਆਂ ਤੰਬਾਕੂ ਦੇ ਧੂੰਏ ਦਾ ਵਾਧਾ ਮਨੁੱਖ ਦੀ ਸੌੜੀ ਸੋਚ ਦਾ ਪ੍ਰਗਟਾਵਾ ਹੈ।
ਭਾਈ ਰਣਜੋਧ ਸਿੰਘ ਮਸਕੀਨ ਗੁਰਮਤਿ ਕਾਲਜ ਹੁਸ਼ਿਆਰਪੁਰ ਨੇ ਨੈਤਿਕ ਕਦਰਾਂ ਕੀਮਤਾਂ ਉਪਰ ਬੋਲਦਿਆਂ ਕਿਹਾ ਕਿ ਵਿਦਿਆਰਥੀ ਦਾ ਆਪਣੀ ਜੜ੍ਹ ਨਾਲ ਜੁੜੇ ਰਹਿਣਾ ਅਤਿ ਜਰੂਰੀ ਹੈ। ਜਿਹੜੇ ਜੜ੍ਹ ਨਾਲ ਜੁੜੇ ਰਹਿੰਦੇ ਹਨ ਉਹਨਾਂ ਨੂੰ ਸਰਹਿੰਦ ਦੀਆਂ ਦੀਵਾਰਾਂ ਅਤੇ ਚਮਕੌਰ ਦੀ ਗੜ੍ਹੀ ਦੇ ਕਹਿਰ ਦੇ ਕੁਹਾੜੇ ਵੀ ਜੁਦਾ ਨਹੀਂ ਕਰ ਸਕਦੇ। ਉਹਨਾਂ ਲੱਚਰ ਗਾਇਕੀ ਨੂੰ ਪਛਾੜ ਅਧਿਆਤਮਵਾਦ ਦੇ ਗੀਤ ਨਾਲ ਅਤੇ ਖੇਡ ਦੇ ਮੈਦਾਨ ਨਾਲ ਸਨੇਹ ਰੱਖਣ ਲਈ ਪ੍ਰੇਰਿਆ।
ਪ੍ਰਿੰਸੀਪਲ ਰਮਨਦੀਪ ਕੌਰ ਨੇ ਚੇਤਨਾ ਪ੍ਰੋਗਰਾਮਾਂ ਦੀ ਸਾਰਥਿਕਤਾ ਸਬੰਧੀ ਬੋਲਦਿਆਂ ਕਿਹਾ ਕਿ ਕਿਸ਼ੋਰ ਅਵਸਥਾ ਵਿਚ ਵਿਰੋਧੀ ਸ਼ਕਤੀਆਂ ਨਾਲ ਲੜਨ ਅਤੇ ਸੁਰੱਖਿਅਤ ਰਹਿਣ ਲਈ ਸੇਧ ਮਿਲਦੀ ਹੈ। ਉਹਨਾਂ ਕਿਹਾ ਕਿ ਸਮਾਜ ਅੰਦਰ ਮੌਜੂਦ ਸਵਾਰਥੀ ਤੇ ਸਮੱਗਲਰ ਕਿਸੇ ਦੀ ਜਿੰਦ ਬਰਬਾਦ ਕਰਨ ਤੋਂ ਝਿਜਕਦੇ ਨਹੀਂ ਹਨ। ਜਿਸ ਲਈ ਸਮਾਜ ਦੇ ਹਰ ਵਰਗ ਨੂੰ ਚਿੰਤਨ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਸਟਾਫ ਅਵਿਨਾਸ਼ ਕੌਰ, ਹਰਪ੍ਰੀਤ ਕੋਰ, ਸੰਦੀਪ ਕੌਰ, ਸੁਰਿੰਦਰ ਸਿੰਘ, ਦਿਲਵਿੰਦਰਪ੍ਰੀਤ ਕੌਰ, ਪ੍ਰਭਜੋਤ ਕੌਰ, ਜਸਵਿੰਦਰ ਸਿੰਘ ਅਤੇ ਮਨਵੀਰ ਸਿੰਘ ਹਾਜ਼ਰ ਸਨ।

Rashpal Singh

 

Install Punjabi Akhbar App

Install
×