ਬ੍ਰਿਸਬੇਨ ਪਾਰਲੀਮੈਂਟ ਵਿਖੇ ਸੀ ਏ ਏ ਅਤੇ ਐੱਨ ਸੀ ਆਰ ਖਿਲਾਫ਼ ਰੋਸ ਮੁਜ਼ਾਹਰਾ

ਸ਼੍ਰੀ ਰਾਜ ਰਤਨ ਅੰਬੇਡਕਰ ਨੇ ਕੀਤੀ ਵਿਸ਼ੇਸ਼ ਸ਼ਿਰਕਤ

(ਬ੍ਰਿਸਬੇਨ 24 ਫਰਵਰੀ) ਇੱਥੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਪਾਰਲੀਮੈਂਟ ਹਾਉਸ ਸਾਹਮਣੇ ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਇਕੱਠ ਵਲੋਂ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਵਿਵਾਦਮਈ ‘ਸਿਟੀਜ਼ਨ ਅਮੈਂਡਮੈਂਟ ਐਕਟ’ ਅਤੇ ‘ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰੇਸ਼ਨ’ ਦੇ ਵਿਰੋਧ ਵਿੱਚ ਇਕ ਰੋਸ ਧਰਨਾ ਆਯੋਜਿਤ ਕੀਤਾ ਗਿਆ। ਇਸ ਵਿਰੋਧ ਪ੍ਰਦਰਸ਼ਨ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਪ੍ਰਤੀਨਿਧਾਂ ਤੋਂ ਇਲਾਵਾ ਭਾਰਤ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾ: ਬੀ ਆਰ ਅੰਬੇਡਕਰ ਜੀ ਦੇ ਪੜਪੋਤੇ ਸ਼੍ਰੀ ਰਾਜ ਰਤਨ ਅੰਬੇਡਕਰ ਨੇ ਵੀ ਸ਼ਿਰਕਤ ਕੀਤੀ। ਹੋਰਨਾਂ ਤੋਂ ਇਲਾਵਾ
ਡਾ. ਬਰਨਾਰਡ ਮਲਿਕ ਨੇ ਬੋਲਦਿਆਂ ਕਿਹਾ ਕਿ ਭਾਰਤ ਦੀ ਧਰਤੀ ਸਾਰਿਆਂ ਧਰਮਾਂ ਲਈ ਸਾਂਝੀ ਹੈ। ਮੌਜ਼ੂਦਾ ਸਰਕਾਰ ਵਲੋਂ ਨਾਗਰਿਕਤਾ ਕਾਨੂੰਨਾਂ ਤਹਿਤ ਦੇਸ਼ ਨੂੰ ਟੁੱਕੜੇ ਕਰਨ ਦੀ ਜੋ ਨੀਤੀ ਅਪਣਾਈ ਜਾ ਰਹੀ ਹੈ, ਪੂਰੀ ਤਰ੍ਹਾਂ ਸੰਪਰਦਾਇਕ ਹੈ। ਸਰਬਜੀਤ ਸੋਹੀ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜਿਸ ਤਰ੍ਹਾਂ ਭਾਰਤ ਵਿੱਚ ਹਿੰਦੂਤਵੀ ਏਜੰਡੇ ਤਹਿਤ ਘੱਟ ਗਿਣਤੀਆਂ ਨੂੰ ਡਰਾਉਣ, ਧਮਕਾਉਣ ਅਤੇ ਦਬਾਉਣ ਦੀ ਮਾਰੂ ਨੀਤੀ ਦਾ ਪ੍ਰਸਾਰ ਕੀਤਾ ਹੈ ਬਹੁਤ ਹੀ ਨਿੰਦਣਯੋਗ ਹੈ। ਇਹ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਹੀ ਉਲਟ ਹੈ। ਦੱਖਣ ਭਾਰਤ ਨਾਲ ਸੰਬੰਧਿਤ ਵਿਵੀਅਨ ਲੋਭੋ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਮੋਦੀ ਜੀ ਚਾਹੁੰਦੇ ਹਨ ਕਿ ਭਾਰਤੀ ਲੋਕਾਂ ਦੀ ਸਦੀਆਂ ਦੀ ਆਪਸੀ ਸਾਂਝ ਅਤੇ ਸਾਂਝੀਵਾਲਤਾ ਕਾਇਮ ਰਹੇ ਤਾਂ ਇਹ ਕਾਨੂੰਨ ਵਾਪਿਸ ਲੈਣਾ ਸਮੇਂ ਦੀ ਮੰਗ ਹੈ। ਸ਼੍ਰੀ ਰਾਜ ਰਤਨ ਅੰਬੇਡਕਰ ਨੇ ਮੋਦੀ ਅਤੇ ਸ਼ਾਹ ਦੀ ਜੋੜੀ ਦੀ ਘੱਟ ਗਿਣਤੀਆਂ ਨੂੰ ਦਬਾਉਣ ਦੀ ਨੀਤੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤ ‘ਚ ਇਸ ਸਮੇਂ ਅਣ ਐਲਾਨੀ ਐਮਰਜੈਂਸੀ ਵਾਲਾ ਡਰਾਉਣਾ ਮਾਹੌਲ ਬਣ ਚੁੱਕਾ ਹੈ। ਲੋਕਾਂ ਦੇ ਮੂਲ ਅਧਿਕਾਰ ਖੋਹੇ ਜਾ ਰਹੇ ਹਨ ਅਤੇ ਇਸ ਸਮੇਂ ਪ੍ਰਦਰਸ਼ਨ ਕਰਨ ਵਾਲ਼ਿਆਂ ਨੂੰ ਹਰ ਤਰੀਕੇ ਨਾਲ ਖ਼ਤਮ ਕਰਨ ਦੀ ਹੋ ਰਹੀ ਕੋਸ਼ਿਸ਼ ਲੋਕਤੰਤਰ ਦਾ ਘਾਣ ਹੈ। ਸਟੇਜ ਦੀ ਕਾਰਵਾਈ ਸਤਵਿੰਦਰ ਟੀਨੂੰ ਵੱਲੋਂ ਕੀਤੀ ਗਈ।

Install Punjabi Akhbar App

Install
×