ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦੇ ਚਲਾਣੇ ਦੇ ਨਾਲ ਹੀ ਦੇਸ਼ ਅੰਦਰ ਇੱਕ ਬਹਿਸ ਛਿੜ ਚੁਕੀ ਹੈ ਕਿ ਆਸਟ੍ਰੇਲੀਆ ਨੂੰ ਹੁਣ ਗਣਤੰਤਰ ਹੋ ਜਾਣ ਦੀ ਲੋੜ ਹੈ ਅਤੇ ਇਸ ਵਾਸਤੇ ਜਨਤਕ ਜਨਮਤ (ਰਿਫਰੈਂਡਮ) ਹੋ ਜਾਣਾ ਚਾਹੀਦਾ ਹੈ। ਇਸ ਵਾਸਤੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਤੋਂ ਪਹਿਲਾਂ ਇੱਕ ਬਿਆਨ ਵੀ ਦਿੱਤਾ ਸੀ ਅਤੇ ਕਿਹਾ ਸੀ ਕਿ ਦੇਸ਼ ਦੇ ਮੂਲ ਨਿਵਾਸੀਆਂ ਦੀ ਆਵਾਜ਼ ਨੂੰ ਪਾਰਲੀਮੈਂਟ ਅੰਦਰ ਤੱਕ ਲੈ ਕੇ ਜਾਣ ਵਾਸਤੇ ਕਾਨੂੰਨ ਦੀਆਂ ਸੋਧਾਂ ਜ਼ਰੂਰੀ ਹਨ ਅਤੇ ਇਸ ਵਾਸਤੇ ਰਿਫਰੈਂਡਮ ਜ਼ਰੂਰੀ ਹੈ।
ਪਰੰਤੂ ਹਾਲ ਦੀ ਘੜੀ ਪ੍ਰਧਾਨ ਮੰਤਰੀ ਨੇ ਆਪਣੇ ਬਿਆਨਾਂ ਰਾਹੀਂ ਦੱਸਿਆ ਹੈ ਕਿ ਇਸ ਸਮੇਂ ਦੇਸ਼ ਉਕਤ ਰਿਫਰੈਂਡਮ ਵਾਸਤੇ ਤਿਆਰ ਨਹੀਂ ਹੈ ਅਤੇ ਇਸ ਵਾਸਤੇ ਅਗਲੇ ਕੁੱਝ ਸਾਲ ਵੀ ਲੱਗ ਸਕਦੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦਾ ਇਤਿਹਾਸ 65,000 ਸਾਲ ਪੁਰਾਣਾ ਹੈ ਅਤੇ ਇਹ 1788 ਤੋਂ ਨਾਂ ਹੀ ਸ਼ੁਰੂ ਹੁੰਦਾ ਹੈ, ਜਦੋਂ ਕਿ ਪਹਿਲਾ ਬ੍ਰਿਟਿਸ਼ ਟੋਲਾ, ਬੋਟਨੀ ਬੇਅ ਉਪਰ ਆ ਕੇ ਉਤਰਿਆ ਸੀ ਅਤੇ ਨਾਂ ਹੀ ਸਾਡੇ ਦੇਸ਼ ਦਾ ਇਤਿਹਾਸ ਸਾਲ 1788 ਵਿੱਚ ਖ਼ਤਮ ਹੀ ਹੋ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਿਫਰੈਂਡਮ ਵਾਸਤੇ, ਸਰਕਾਰ ਦੇ ਪਹਿਲੇ ਟਰਮ ਵਿੱਚ ਤਾਂ ਕੋਈ ਵੀ ਟਾਈਮਟੇਬਲ ਤਿਆਰ ਨਹੀਂ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਅਗਲੀਆਂ ਫੈਡਰਲ ਚੋਣਾਂ ਸਾਲ 2025 ਵਿੱਚ ਹੋਣੀਆਂ ਹਨ।