ਮੰਦੀ ਦੀ ਚੱਲ ਰਹੀ ਮਾਰ ਨੂੰ ਨਾ ਝੇਲਦਿਆਂ, ਨਿਊ ਸਾਊਥ ਵੇਲਜ਼ ਦੀ ਇੱਕ ਹੋਰ ਬਿਲਡਿੰਗ ਕੰਸਟ੍ਰਕਸ਼ਨ ਕੰਪਨੀ ਨੇ ਦਮ ਤੋੜ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਜਿੱਥੇ 50 ਮਿਲੀਅਨ ਡਾਲਰ ਤੱਕ ਦਾ ਨੁਕਸਾਨ ਹੋਇਆ ਹੈ ਉਥੇ ਹੀ ਬਹੁਤ ਸਾਰੇ ਕਰਮਚਾਰੀ ਵੀ ਬੇਰੌਜ਼ਗਾਰੀ ਦੀ ਕਤਾਰ ਵਿੱਚ ਜਾ ਬੈਠੇ ਹਨ ਅਤੇ ਨਾਲ ਹੀ ਬਹੁਤ ਸਾਰੇ ਚਲਦੇ ਹੋਏ ਪ੍ਰਾਜੈਕਟਾਂ ਦਾ ਕੰਮ ਵੀ ਹਾਲ ਦੀ ਘੜੀ ਠੱਪ ਹੋ ਕੇ ਰਹਿ ਗਿਆ ਹੈ।
ਈ.ਕਿਊ. ਕੰਸਟ੍ਰਕਸ਼ਨ ਨਾਮ ਦੀ ਇਹ ਕੰਪਨੀ ਬੀਤੇ ਕੁੱਝ ਹਫ਼ਤਿਆਂ ਦੌਰਾਨ ਹੀ ਅਰਥਿਕ ਮੰਦੀ ਕਾਰਨ ਧਾਰਾ-ਸ਼ਾਈ ਹੋਈ ਨਿਊ ਸਾਊਥ ਵੇਲਜ਼ ਰਾਜ ਦੀ ਦੂਸਰੀ ਕੰਪਨੀ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਆਸਟ੍ਰੇਲੀਆਈ ਕੰਪਨੀਆਂ ਇਸੇ ਕਤਾਰ ਵਿੱਚ ਖੜ੍ਹੀਆਂ ਦਿਖਾਈ ਵੀ ਦੇ ਰਹੀਆਂ ਹਨ।
ਇਸ ਮਾਮਲੇ ਤਹਿਤ ਏ.ਪੀ.ਬੀ. (Association of Professional Builders) ਦੇ ਕੋ-ਫਾਊਂਡਰ ਰਸ ਸਟੀਫ਼ਨਜ਼ ਦਾ ਕਹਿਣਾ ਹੈ ਕਿ ਅਜਿਹੀਆਂ ਬਹੁਤ ਸਾਰੀਆਂ ਕੰਪਨੀਆਂ ਹਨ ਜਿਨ੍ਹਾਂ ਨੂੰ ਕਿ ਮੰਦੀ ਦੀ ਮਾਰ ਨੇ ਦਬਾ ਰੱਖਿਆ ਹੈ ਅਤੇ ਇਸ ਬਾਬਤ ਸਰਕਾਰ ਨੂੰ ਜਲਦੀ ਹੀ ਕੁੱਝ ਅਹਿਮ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਨੁਕਸਾਨੀਆਂ ਹੋਈਆਂ ਕੰਪਨੀਆਂ ਨੂੰ ਮੁੜ ਤੋਂ ਸੁਰਜੀਤ ਕਰਨ ਵਿੱਚ ਬਲ਼ ਮਿਲ ਸਕੇ ਅਤੇ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ।