ਬੈਂਕਵੈਸਟ ਸਟੇਡੀਅਮ ਸਿਡਨੀ ਵਿਖੇ ਸੁਪਰ-ਫਾਈਟ ਦਿਸੰਬਰ ਦੀ 16 ਤਾਰੀਖ ਨੂੰ

ਨਿਊ ਸਾਊਥ ਵੇਲਜ਼ ਸਰਕਾਰ ਨੇ ਕੋਵਿਡ-19 ਨਾਲ ਲੜਦਿਆਂ ਹੋਇਆਂ ਇੱਕ ਹੋਰ ਮਾਅਰਕਾ ਮਾਰਦਿਆਂ ਆਉਣ ਵਾਲੇ ਦਿਸੰਬਰ ਦੇ ਮਹੀਨੇ ਦੀ 16 ਤਾਰੀਖ ਨੂੰ ਸਿਡਨੀ ਦੇ ਬੈਂਕਵੈਸਟ ਸਟੇਡਿਅਮ ਵਿਖੇ ਆਸਟ੍ਰੇਲੀਆਈ ਉਭਰ ਰਹੇ ਸਟਾਰ ਖਿਡਾਰੀ ਟਿਮ ਜ਼ਿਊ ਅਤੇ ਨਿਊਜ਼ੀਲੈਂਡ ਦੇ ਬੋਇਨ ਮੋਰਗਨ ਵਿਚਾਲੇ ਸੁਪਰ-ਫਾਈਟ ਦਾ ਐਲਾਨ ਕਰ ਦਿੱਤਾ ਹੈ। ਮੰਤਰੀ ਸ੍ਰੀ ਸਟੁਅਰਟ ਆਇਰਜ਼ ਨੇ ਇਸ ਕੋਵਿਡ-19 ਸੇਫ ਈਵੈਂਟ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਉਕਤ ਈਵੈਂਟ ਭਾਵੇਂ ਕਰੋਨਾ ਦੇ ਨਿਯਮਾਂ ਅਧੀਨ ਹੀ ਖੇਡਿਆ ਜਾਵੇਗਾ ਪਰੰਤੂ ਫੇਰ ਵੀ ਸਰਕਾਰ ਦੀ ਅਰਥ ਵਿਵਸਥਾ ਵਿੱਚ ਘੱਟੋ ਘੱਟ 1 ਮਿਲੀਅਨ ਡਾਲਰ ਦਾ ਯੋਗਦਾਨ ਪਾਵੇਗਾ ਅਤੇ ਇਹ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਇੱਕ ਹੋਰ ਦੂਰ ਅੰਦੇਸ਼ੀ ਅਤੇ ਤਰੱਕੀ ਦਾ ਸਨੇਹਾ ਹੋਵੇਗਾ। ਮੰਤਰੀ ਸ੍ਰੀ ਜਿਓਫ ਲੀ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਖੁਸ਼ੀ ਦਾ ਮੌਕਾ ਹੈ ਅਤੇ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰਦਿਆਂ ਹੋਇਆਂ 15,000 ਦਰਸ਼ਕਾਂ ਲਈ ਸਟੇਡੀਅਮ ਅੰਦਰ ਸੁਰੱਖਿਅਤ ਥਾਂ ਮੌਜੂਦ ਹੈ। ਕਾਫੀ ਮਹੀਨਿਆਂ ਦੇ ਲਾਕਡਾਊਨ ਤੋਂ ਬਾਅਦ ਹੁਣ ਲੋਕਾਂ ਨੂੰ ਅਜਿਹੇ ਈਵੇਂਟਾਂ ਰਾਹੀਂ ਮਨੋਰੰਜਨ ਕਰਨ ਦਾ ਮੌਕਾ ਮਿਲਿਆ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਕੋਈ ਆਪਣੇ ਆਪ ਅਤੇ ਆਪਣੇ ਆਲੇ-ਦੁਆਲੇ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਖੇਡ ਦਾ ਆਨੰਦ ਮਾਣੇਗਾ। ਇਸ ਈਵੇਂਟ ਦੌਰਾਨ ਐਨ.ਆਰ.ਐਲ. ਸਟਾਰ ਪੌਲ ਗੈਲਨ ਅਤੇ ਸਾਬਕਾ ਯੂ.ਐਫ.ਸੀ. ਸਟਾਰ ਮਾਰਕ ਹੰਟ ਦੀ ਫਾਈਟ ਦੇਖਣ ਦਾ ਵੀ ਆਨੰਦ ਦਰਸ਼ਕਾ ਨੂੰ ਹਾਸਲ ਹੋਵੇਗਾ। ਟਿਕਟਾਂ ਦੀ ਬੁਕਿੰਗ ਨਵੰਬਰ ਦੀ 2 ਤਾਰੀਖ (ਸੋਮਵਾਰ) ਤੋਂ ਟਿਕੇਟੇਕ ਰਾਹੀਂ ਹੋਵੇਗੀ ਅਤੇ ਜ਼ਿਆਦਾ ਜਾਣਕਾਰੀ Sydney.com ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Install Punjabi Akhbar App

Install
×