ਸਲਾਨਾ ਵਿਸਾਖੀ ਜਸ਼ਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ- ਜਸਦੀਪ ਜੱਸੀ

ਸਮਾਗਮ ਦੌਰਾਨ ਸੋਵੀਨਰ ਵੀ ਜਾਰੀ ਕੀਤਾ ਜਾਵੇਗਾ
image1 (1)
ਵਾਸ਼ਿੰਗਟਨ ਡੀ. ਸੀ. — ਸਿੱਖਸ ਆਫ ਅਮਰੀਕਾ ਸੰਸਥਾ ਵਲੋਂ ਸਲਾਨਾ ਵਿਸਾਖੀ ਜਸ਼ਨ ਸਮਾਰੋਹ 19 ਮਈ 2018 ਨੂੰ ਮਾਰਟਿਨ ਕਰਾਸਵਿੰਡ ਰੈਸਟੋਰੈਂਟ ਵਿੱਚ ਮਨਾਇਆ ਜਾ ਰਿਹਾ ਹੈ। ਜਿੱਥੇ ਇਸ ਸਮਾਗਮ ਵਿੱਚ ਰੰਗਾਰੰਗ ਪ੍ਰੋਗਰਾਮ ਨਾਲ ਹਾਜ਼ਰੀਨ ਨੂੰ ਖੁਸ਼ ਕੀਤਾ ਜਾਵੇਗਾ। ਉੱਥੇ ਭੰਗੜੇ, ਗਿੱਧੇ ਦੀਆਂ ਧਮਾਲਾਂ ਨਾਲ ਆਏ ਮਹਿਮਾਨਾਂ ਨੂੰ ਨਚਾਉਣ ਵਿੱਚ ਵੀ ਪੂਰਾ ਯੋਗਦਾਨ ਪਾਇਆ ਜਾਵੇਗਾ।ਇਸ ਪ੍ਰੋਗਰਾਮ ਨੂੰ ਅੰਤਮ ਛੋਹਾਂ ਦੇਣ ਲਈ ਇੱਕ ਮੀਟਿੰਗ ਜੀਯੂਲ ਆਫ ਇੰਡੀਆ ਸਿਲਵਰ ਸਪਰਿੰਗ ਵਿਖੇ ਰੱਖੀ ਗਈ ਸੀ।ਜਿੱਥੇ ਸਿਖਸ ਆਫ ਅਮਰੀਕਾ ਦੇ ਸਮੂਹ ਡਾਇਰੈਕਟਰਾਂ ਅਤੇ ਹੋਰ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਪ੍ਰਧਾਨਗੀ ਜਸਦੀਪ ਸਿੰਘ ਜੱਸੀ ਚੇਅਰਮੈਨ ਸਿਖਸ ਆਫ ਅਮਰੀਕਾ ਨੇ ਕੀਤੀ ਅਤੇ ਮੀਟਿੰਗ ਦੀ ਕਾਰਵਾਈ ਕੰਵਲਜੀਤ ਸਿੰਘ ਸੋਨੀ ਪ੍ਰਧਾਨ ਸਿਖਸ ਆਫ ਅਮਰੀਕਾ ਨੇ ਨਿਭਾਈ ਹੈ।
ਜ਼ਿਕਰਯੋਗ ਹੈ ਕਿ ਹਰੇਕ ਡਾਇਰੈਕਟਰ ਵਲੋਂ ਆਪਣੇ-ਆਪਣੇ ਸੁਝਾਅ ਦਿੱਤੇ ਗਏ । ਮੁੱਖ ਮਹਿਮਾਨਾਂ ਦੀ ਸੂਚੀ ਨੂੰ ਵੀ ਵਿਚਾਰਿਆ ਗਿਆ ਤੇ ਸਰਬ-ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ। ਆਸ ਹੈ ਕਿ ਵਾਸ਼ਿੰਗਟਨ ਸਥਿਤ ਭਾਰਤੀ ਅੰਬੈਸੀ ਦੇ ਅੰਬੈਸਡਰ ਨਵਤੇਜ ਸਿੰਘ ਸਰਨਾ ਇਸ ਗਾਲਾ ਈਵੈਂਟ ਦੇ ਮੁੱਖ ਮਹਿਮਾਨ ਹੋਣਗੇ ਅਤੇ ਗਵਰਨਰ ਹਾਊਸ ਤੋਂ ਲੈਰੀ ਹੋਗਨ ਵੀ ਇਸ ਈਵੈਂਟ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕੁਝ ਸੈਨੇਟਰ ਅਤੇ ਕਾਂਗਰਸਮੈਨ ਵਲੋਂ ਵੀ ਸਹਿਮਤੀ ਪ੍ਰਗਟਾਈ ਗਈ ਹੈ। ਪਰ ਸੈਨੇਟਰ ਤੇ ਕਾਂਗਰਸਮੈਨ ਸਿਖਸ ਆਫ ਅਮਰੀਕਾ ਦੇ ਮੁੱਖ ਮੰਤਵ ਨੂੰ ਅਤੇ ਇਸ ਦੀਆ ਕਾਰਗੁਜ਼ਾਰੀਆਂ ਨੂੰ ਸਾਂਝਾ ਕਰਨ ਅਤੇ ਉਨ੍ਹਾਂ ਪ੍ਰਤੀ ਆਪਣੀ ਸੰਜੀਦਗੀ ਬਾਰੇ ਸਾਰੀ ਰੂਪਰੇਖਾ ਕੇਵਲ ਸਿਖਸ ਆਫ ਅਮਰੀਕਾ ਦੇ ਡਾਇਰੈਕਟਰਾਂ ਨਾਲ ਸਾਂਝੀ ਕਰਨਗੇ।
ਜਸਦੀਪ ਸਿੰਘ ਜੱਸੀ ਚੇਅਰਮੈਨ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਇੱਕ ਸੋਵੀਨਰ ਵੀ ਜਾਰੀ ਕੀਤਾ ਜਾਵੇਗਾ।ਜੋ ਸਿਖਸ ਆਫ ਅਮਰੀਕਾ ਦੀਆਂ ਗਤੀਵਿਧੀਆਂ ਅਤੇ ਕਾਰਗੁਜ਼ਾਰੀਆਂ ਨੂੰ ਉਜਾਗਰ ਕਰਨ ਵਿੱਚ ਆਪਣੀ ਭੂਮਿਕਾ ਨਿਭਾਵੇਗਾ। ਹਾਲ ਦੀ ਘੜੀ ਸਾਰੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ ਹਨ। ਮਹਿਮਾਨਾਂ ਦੀ ਗਿਣਤੀ ਨੂੰ ਸੀਮਤ ਰੱਖਣ ਤੇ ਜ਼ੋਰ ਦਿੱਤਾ ਗਿਆ।
ਆਸ ਹੈ ਕਿ ਸਲਾਨਾ ਵਿਸਾਖੀ ਗਾਲਾ 2018 ਸਿਖਸ ਆਫ ਅਮਰੀਕਾ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਤੇ ਇਸ ਦੇ ਵਲੋਂ ਕਰਵਾਏ ਜਾ ਰਹੇ ਕਾਰਜਾਂ ਨੂੰ ਕਮਿਊਨਿਟੀ ਵਿੱਚ ਪਹੁੰਚਾਉਣ ਵਿੱਚ ਅਹਿਮ ਰੋਲ ਨਿਭਾਏਗਾ। ਇਸ ਮੀਟਿੰਗ ਵਿੱਚ ਸੁਰਿੰਦਰ ਸਿੰਘ ਰਹੇਜਾ, ਬਲਜਿੰਦਰ ਸਿੰਘ ਸ਼ੰਮੀ, ਚਤਰ ਸਿੰਘ ਸੈਣੀ. ਸੁਰਿੰਦਰ ਸਿੰਘ ਗਿੱਲ,  ਤੋਂ ਇਲਾਵਾ ਬਖਸ਼ੀਸ਼ ਸਿੰਘ, ਮਨਜਿੰਦਰ ਸਿੰਘ ਸੇਠੀ ,ਰਾਜ ਸੈਣੀ ,ਸਰਬਜੀਤ ਸਿੰਘ ਬਖ਼ਸ਼ੀ ਵੀ ਸ਼ਾਮਲ ਹੋਏ।
ਸਮੂਹ ਡਾਇਰੈਕਟਰਾਂ ਦਾ ਕਹਿਣਾ ਸੀ ਕਿ ਇਸ ਈਵੈਂਟ ਦੀ ਐਂਟਰੀ ਨੂੰ ਭਵਿੱਖ ਵਿੱਚ ਸੀਮਤ ਨਾ ਕੀਤਾ ਜਾਵੇ ਅਤੇ ਇਸ ਨੂੰ ਵਿਸ਼ਾਲ ਰੂਪ ਵਿੱਚ ਮਨਾਉਣ ਬਾਰੇ ਉਪਰਾਲਾ ਕੀਤਾ ਜਾਵੇ। ਜਿਸਨੂੰ ਸਾਰਿਆਂ ਵਲੋਂ ਪ੍ਰਵਾਨਗੀ ਦਿੱਤੀ ਗਈ ਕਿ 2019 ਦਾ ਸਲਾਨਾ ਵਿਸਾਖੀ ਸਮਾਗਮ ਸਿਖਸ ਆਫ ਅਮਰੀਕਾ ਖੁੱਲ੍ਹੇ ਮੈਦਾਨ ਵਿੱਚ ਮਨਾਏਗਾ।

Install Punjabi Akhbar App

Install
×