ਦੱਖਣੀ ਆਸਟ੍ਰੇਲੀਆ ਵਿੱਚ ‘ਸਲਾਨਾ ਐਥਲੈਟਿਕਸ 2023’ ਦਾ ਆਯੋਜਨ

ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਦੱਖਣੀ ਆਸਟ੍ਰੇਲੀਆ ਵੱਲੋਂ ਸਮੂਹ ਸਿੱਖ ਸੰਗਤਾਂ ਅਤੇ ਸਮੂਹ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਸੇਂਟ ਐਲਬਨਜ਼ ਰਿਜ਼ਰਵ (ਕਲੀਅਰ ਵਿਊ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਵਾਸਤੇ ਪੰਜਾਬੀ ਖੇਡਾਂ (ਸਲਾਨਾ ਐਥਲੈਟਿਕਸ 2023) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦਾ ਮੁੱਖ ਮੰਤਵ ਇਹੋ ਹੈ ਕਿ ਬੱਚਿਆਂ ਅੰਦਰ ਖੇਡਾਂ ਦੀਆਂ ਭਾਵਨਾਵਾਂ ਤਹਿਤ ਚੰਗੀ ਸਿਹਤ ਅਤੇ ਉਸਾਰੂ ਸੋਚ ਦੀਆਂ ਲਹਿਰਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਬੱਚੇ ਆਪਣੇ ਸਮੁੱਚੇ ਜੀਵਨ ਕਾਲ਼ ਦੌਰਾਨ ਆਨੰਦ ਮਾਣ ਸਕਣ।

ਖੇਡਾਂ ਦਾ ਇਹ ਸਮਾਗਮ ਅਪ੍ਰੈਲ ਦੀ 22 ਤਾਰੀਖ (ਸ਼ਨਿਚਰਵਾਰ) ਨੂੰ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚੱਲੇਗਾ। ਖੇਡਾਂ ਵਿੱਚ ਐਂਟਰੀ ਲਈ ਸਮਾਂ ਸਵੇਰ ਦੇ 8 ਵਜੇ ਨਿਸਚਿਤ ਕੀਤਾ ਗਿਆ ਹੈ।

ਇਸ ਸਮਾਗਮ ਦੌਰਾਨ:

  • 5 ਤੋਂ 6 ਸਾਲ ਦੇ ਬੱਚਿਆਂ ਵਾਸਤੇ 50 ਮੀਟਰ ਦੌੜ ਰੱਖੀ ਗਈ ਹੈ।
  • 7 ਤੋਂ 8 ਸਾਲ ਦੇ ਬੱਚਿਆਂ ਵਾਸਤੇ 70 ਮੀਟਰ ਦੌੜ ਦੇ ਨਾਲ ਨਾਲ 100 ਮੀਟਰ ਦੌੜ ਅਤੇ ਲੰਬੀ ਛਾਲ ਦੀ ਪ੍ਰਤੀਯੋਗਿਤਾ ਰੱਖੀ ਗਈ ਹੈ।
  • 9 ਤੋਂ 15 ਸਾਲ ਦੇ ਬੱਚਿਆਂ ਵਾਸਤੇ 100 ਮੀਟਰ ਦੌੜ, 200 ਮੀਟਰ ਦੌੜ, ਡਿਸਕਸ ਥਰੋ, ਸ਼ਾਟ ਪੁੱਟ ਅਤੇ ਲੰਬੀ ਛਾਲ ਖੇਡਾਂ ਦਾ ਆਯੋਜਨ ਕੀਤਾ ਗਿਆ ਹੈ।
  • 16 ਤੋਂ 17 ਸਾਲ ਦੇ ਨਵਯੁਵਕਾਂ ਵਾਸਤੇ 400 ਮੀਟਰ ਦੌੜ ਰੱਖੀ ਗਈ ਹੈ।
  • ਇਸ ਤੋਂ ਇਲਾਵਾ ਵਾਲੀਬਾਲ ਖੇਡ ਦਾ ਇੱਕ ਸ਼ੋਅ ਮੈਚ ਵੀ ਰੱਖਿਆ ਗਿਆ ਹੈ ਜਿਸ ਦਾ ਕਿ ਦਰਸ਼ਕ ਆਨੰਦ ਲੈ ਸਕਣਗੇ।

ਇਸ ਸਮੁੱਚੇ ਸਮਾਗਮ ਦੌਰਾਨ ਆਉਣ ਵਾਲੇ ਦਰਸ਼ਕਾਂ, ਮਹਿਮਾਨਾ ਅਤੇ ਖਿਡਾਰੀਆਂ ਵਾਸਤੇ ਗੁਰੂ ਕਾ ਲੰਗਰ ਅਤੇ ਚਾਹ ਦੀ ਸੇਵਾ ਵੀ ਰੱਖੀ ਗਈ ਹੈ ਅਤੇ ਖੇਡਾਂ ਵਿੱਚ ਆਉਣ ਵਾਲੇ ਸੱਜਣ ਸਾਰਾ ਦਿਨ ਹੀ ਇਸ ਦਾ ਆਨੰਦ ਮਾਣ ਸਕਦੇ ਹਨ।

ਜ਼ਿਆਦਾ ਜਾਣਕਾਰੀ ਅਤੇ ਸਹਿਯੋਗ ਵਾਸਤੇ 0424 335 005 ਅਤੇ 0433 930 090 ਉਪਰ ਸੰਪਰਕ ਕੀਤਾ ਜਾ ਸਕਦਾ ਹੈ।