ਸੂਬਾ ਕੁਈਨਜ਼ਲੈਂਡ ਪਾਰਲੀਮੈਂਟ ਚੋਣਾਂ ‘ਚ ਲੇਬਰ ਫਿਰ ਤੋਂ ਕਾਬਜ਼

ਭਾਰਤੀ ਮੂਲ ਦੇ ਸਾਰੇ ਉਮੀਦਵਾਰ ਹਾਰੇ 

(ਬ੍ਰਿਸਬੇਨ) ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਚੋਣ ਕਮਿਸ਼ਨ ਵੱਲੋਂ 57ਵੀਂ ਪਾਰਲੀਮੈਂਟ (ਵਿਧਾਨ ਸਭਾ) ਦੀਆਂ 93 ਸੀਟਾਂ ਲਈ31 ਅਕਤੂਬਰ ਨੂੰ ਆਮ ਚੋਣਾਂ ਕਰਵਾਈਆਂ ਗਈਆ। ਇਨ੍ਹਾਂ ਚੋਣਾਂ ‘ਚ ਮੋਜੂਦਾ ਸੱਤਾਧਾਰੀ ਲੇਬਰ ਪਾਰਟੀ ਦੀ ਪ੍ਰੀਮੀਅਰ (ਮੁੱਖ ਮੰਤਰੀ) ਐਨਸ਼ਟੈਸ਼ੀਆ ਪਾਲਾਸ਼ਾਈਦੀ ਅਗਵਾਈ ‘ਚ ਆਪਣੀ ਪਾਰਟੀ ਲਈ ਇਤਿਹਾਸਕ ਜਿੱਤ ਦਰਜ ਕੀਤੀ ਹੈ। ਉਹ ਲਗਾਤਾਰ ਤਿੰਨ ਚੋਣਾਂ ਜਿੱਤਣ ਵਾਲੀ ਆਸਟ੍ਰੇਲੀਆ ਦੀ ਪਹਿਲੀ ਮਹਿਲਾ ਪ੍ਰੀਮੀਅਰ ਬਣ ਗਈ ਹੈ। ਪ੍ਰੀਮੀਅਰ ਨੂੰ ਕੋਵਿਡ-19 ਦੌਰਾਨ ਕੁਈਨਜ਼ਲੈਂਡ ਦੀਆਂ ਸਖਤ ਸਰਹੱਦੀ ਨੀਤੀਆਂ ਨੂੰ ਲੈ ਕੇ ਸੰਘੀ ਲਿਬਰਲ ਸਿਆਸਤਦਾਨਾਂ ਦੀ ਅਲੋਚਨਾਦਾ ਸਾਹਮਣਾ ਵੀ ਕਰਨਾ ਪਿਆ ਸੀ। ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਕਿਹਾ ਕਿ ਰਾਜ ਦੀਆਂ ਕਰੋਨਾਵਾਇਰਸ ਪ੍ਰਤੀ ‘ਸਖਤ ਸਰਹੱਦੀ ਤੇ ਸਿਹਤ ਨੀਤੀਆਂ’ ਨੇ ਕੁਈਨਜ਼ਲੈਂਡਜ਼ ਨੂੰ ਸੁਰੱਖਿਅਤ ਰੱਖਿਆ ਹੈ। ਰਾਜਨੀਤਕ ਮਾਹਰਾਂ ਦਾ ਮੰਨਣਾ ਹੈ ਕਿ ਕੋਵਿਡ -19 ਦੌਰਾਨ ਸੂਬਾ ਸਰਕਾਰ ਦੀ ਵਧੀਆ ਤੇ ਸੁਚਾਰੂ ਰਣਨੀਤੀ ਹੀ ਇਸਇਤਿਹਾਸਕ ਜਿੱਤ ਦਾ ਇਨਾਮ ਹੈ। ਪਾਰਟੀ ਹੈੱਡਕੁਆਰਟਰ ਵਿਖੇ ਸਮਰਥਕਾਂ ਨੂੰ ਸੰਬੋਧਿਤ ਹੁੰਦਿਆਂ ਪਾਲਾਸ਼ਾਈ ਨੇ ਮੰਨਿਆ ਕਿ ਇਹ ਸਾਲ ਕਰੋਨਾ ਮਹਾਂਮਾਰੀ ਕਰਕੇ ਲੋਕਾਈ ਲਈ ਆਸਾਨ ਨਹੀਂ ਰਿਹਾ ਪਰ ਕੁਈਨਜ਼ਲੈਂਡ ਦੀਆਂ ਸਿਹਤ ਤੇ ਸਰਹੱਦੀ ਨੀਤੀਆਂ ਨੂੰ ਲੋਕਾਂ ਨੇ ਸਮਰਥਨ ਦਿੱਤਾ ਹੈ। ਦੱਸਣਯੋਗ ਹੈ ਕਿ ਪਾਲਾਸ਼ਾਈ ਨੇਸਾਬਕਾ ਨੀਤੀ ਅਤੇ ਮੀਡੀਆ ਸਲਾਹਕਾਰ ਦੀ ਸੇਵਾ ਨਿਭਾਉਣ ਉਪਰੰਤ 2006 ਵਿੱਚ ਆਪਣੇ ਪਿਤਾ ਦੀ ਇਲਾਕਾ ਇਨਾਲਾ ਦੀ ਸੀਟ ਸੰਭਾਲੀ ਸੀ। ਪ੍ਰੀਮੀਅਰ ਐਨਸ਼ਟੈਸ਼ੀਆ ਪਾਲਾਸ਼ਾਈ ਲੇਬਰ ਪਾਰਟੀ ਦੀ ਬਹੁਗਿਣਤੀ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਖ਼ਬਰ ਲਿੱਖੇ ਜਾਣ ਸਮੇਂ ਤੱਕ ਪ੍ਰਾਪਤ ਹੋਏ ਮੁਢਲੇ ਚੋਣ ਰੁਝਾਨ(ਨਤੀਜਿਆਂ) ਮੁਤਾਬਿਕ ਲੇਬਰ ਪਾਰਟੀ 52 ਸੀਟਾਂ ‘ਤੇ ਜਿੱਤ ਪ੍ਰਾਪਤ ਕਰਨ ਜਾ ਰਹੀ ਹੈ ਅਤੇ ਲਿਬਰਲ ਨੇਸ਼ਨਲ ਪਾਰਟੀ ਨੂੰ 34 ਸੀਟਾਂ ਮਿਲ ਸਕਦੀਆਂ ਹਨ। ਕੇਟਰਸ ਆਸਟ੍ਰੇਲਿਆਈ ਪਾਰਟੀ ਤਿੰਨ ਸੀਟਾਂ, ਗਰੀਨ ਪਾਰਟੀ ਦੋ ਸੀਟਾਂ, ਵਨ ਨੇਸ਼ਨ ਇਕ ਸੀਟ, ਆਜ਼ਾਦ ਇਕ ਸੀਟ ‘ਤੇ ਬੜਤ ਬਣਾਈ ਹੋਈ ਹੈ। ਵੋਟਰਾਂ ਵੱਲੋਂ ਡਾਕ ਰਾਹੀਂ ਭੇਜੀਆਂ ਗਈਆ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਪਾਰਲੀਮੈਂਟ ਚੋਣਾਂ ਚਾਰ ਸਾਲ ਦੀ ਮਿਆਦ ਪੂਰੀ ਕਰਨ ਉਪਰੰਤ ਕਰਵਾਈਆਂ ਜਾਂਦੀਆਂ ਹਨ। ਕਿਸੇ ਵੀ ਰਾਜਨੀਤਕ ਪਾਰਟੀ ਵੱਲੋਂ 93 ਵਿਚੋਂ 47 ਸੀਟਾਂ ‘ਤੇ  ਜਿੱਤ ਦਰਜ ਕਰਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾਜਾਂਦਾ ਹੈ। ਇੱਥੇ ਗੌਰਤਲਬ ਹੈ ਕਿ ਸਾਰੇ ਭਾਰਤੀ ਉਮੀਦਵਾਰ ਇਨ੍ਹਾਂ ਚੋਣਾਂ ‘ਚ ਅਸਫ਼ਲ ਰਹੇ ਹਨ। 

Install Punjabi Akhbar App

Install
×