ਆਸਟ੍ਰੇਲੀਆ ਆਪਣੇ ਕਾਰਬਨ ਉਤਸਰਜਨ ਨੂੰ ਲਿਆ ਰਿਹਾ ਕਾਬੂ ਵਿੱਚ ਪਰੰਤੂ ਯੂ.ਐਨ. ਨੇ ਕਿਹਾ ਇਹ ਕਾਫੀ ਨਹੀਂ

(ਊਰਜਾ ਮੰਤਰੀ ਐਂਗਸ ਟੇਲਰ)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਕਾਟ ਮੋਰੀਸਨ ਸਰਕਾਰ ਦੇ ਆਂਕੜੇ ਦਰਸਾ ਰਹੇ ਹਨ ਕਿ ਦੇਸ਼ ਅੰਦਰਲੇ ਕਾਰਬਨ ਉਤਸਰਜਨ ਨੂੰ 2005 ਦੇ ਮੁਕਾਬਲੇ 22% ਤੱਕ ਥੱਲੇ ਲੈ ਕੇ ਆਉਣ ਵਿੱਚ ਸਾਲ 2030 ਤੱਕ ਹੀ ਸਫਲ ਹੋ ਸਕਦੀ ਹੈ ਪਰੰਤੂ ਯੂ.ਐਨ ਦਾ ਮੰਨਣਾ ਹੈ ਕਿ ਇਹ ਕਾਫੀ ਨਹੀਂ ਹੈ ਅਤੇ ਪੈਰਿਸਸਮਝੌਤੇ ਮੁਤਾਬਿਕ 29% ਤੱਕ ਦਾ ਟੀਚਾ ਮਿੱਥਿਆ ਗਿਆ ਸੀ। ਇਸ ਵਿੱਚ ਕਈ ਤਰ੍ਹਾਂ ਦੇ ਖੇਤਰ ਜਿਵੇਂ ਕਿ ਖੇਤੀਬਾੜੀ, ਬਿਜਲੀ ਉਤਪਾਦ ਅਤੇ ਇਸਤੇਮਾਲ, ਟ੍ਰਾਂਸਪੋਰਟ ਆਦਿ ਸ਼ਾਮਿਲ ਹਨ। ਸਰਕਾਰ ਦਾ ਮੰਨਣਾ ਹੈ ਕਿ ਉਕਤ ਟੀਚੇ ਦੀ ਪ੍ਰਾਪਤ ਲਈ ਊਰਜਾ ਮੰਤਰੀ ਐਂਗਸ ਟੇਲਰ ਦਾ ਰੋਡ ਮੈਪ ਰਾਹੀਂ ਕੰਮ ਕੀਤਾ ਜਾ ਰਿਹਾ ਹੈ। ਹਾਲ ਦੀ ਘੜੀ ਦੇ ਆਂਕੜਿਆਂ ਮੁਤਾਬਿਕ 2005 ਦੇ ਮੁਕਾਬਲੇ ਵਿੱਚ ਦੇਸ਼ ਦਾ ਕਾਰਬਨ ਉਤਸਰਜਨ 16.6% ਤੱਕ ਘੱਟ ਹੋਇਆ ਹੈ। ਵਿਰੋਧੀ ਧਿਰ ਦਾ ਮੰਨਣਾ ਹੈ ਕਿ ਸਰਕਾਰ ਅਜਿਹੇ ਢੰਗ ਤਰੀਕੇ ਅਪਣਾ ਰਹੀ ਹੈ ਜਿਹੜੇ ਕਿ ਦੂਸਰੇ ਦੇਸ਼ ਇਸਤੇਮਾਲ ਕਰਕੇ ਛੱਡ ਚੁਕੇ ਹਨ ਅਤੇ ਇਨ੍ਹਾਂ ਦਾ ਕੋਈ ਫਾਇਦਾ ਹੀ ਨਹੀਂ ਹੈ ਅਤੇ ਸਾਫ ਦੇਖਿਆ ਜਾ ਸਕਦਾ ਹੈ ਕਿ 2005 ਤੋਂ ਹੁਣ ਤੱਕ ਜੇਕਰ 16.6% ਦਾ ਟੀਚਾ ਗਿਣਿਆ ਜਾਂਦਾ ਹੈ ਤਾਂ ਫੇਰ 2030 ਤੱਕ ਇਹ 29% ਤੱਕ ਕਿਵੇਂ ਪਹੁੰਚ ਸਕਦਾ ਹੈ….? ਸਰਕਾਰ ਦਾ ਕਹਿਣਾ ਹੈ ਕਿ ਗੈਸ ਉਤਪਾਦਨ ਰਾਹੀਂ ਇਹ ਟੀਚਾ 3% ਤੱਕ ਪੂਰਾ ਕਰ ਲਿਆ ਜਾਵੇਗਾ ਅਤੇ 2030 ਤੱਕ ਇੰਨੀਆਂ ਕੁ ਇਲੈਕਟ੍ਰਿਕ ਗੱਡੀਆਂ ਚੱਲ ਰਹੀਆਂ ਹੋਣਗੀਆਂ ਕਿ 26% ਇਸ ਖੇਤਰ ਵਿੱਚੋਂ ਪੂਰਾ ਹੋ ਹੀ ਜਾਵੇਗਾ। ਪਰੰਤੂ ਵਿਰੋਧੀ ਧਿਰ ਅਤੇ ਯੂ.ਐਨ. ਨੂੰ ਇਹ ਆਂਕੜੇ ਹਜਮ ਨਹੀਂ ਹੋ ਰਹੇ। ਯੂ.ਐਨ. ਦਾ ਤਾਂ ਇਹ ਵੀ ਮੰਨਣਾ ਹੈ ਕਿ ਇਸ ਸਦੀ ਅੰਦਰ ਹੀ ਧਰਤੀ ਦਾ ਤਾਪਮਾਨ 3 ਡਿਗਰੀ ਸੈਲਸਿਅਸ ਤੋਂ ਵੀ ਜ਼ਿਆਦਾ ਹੋਰ ਵੀ ਵਧ ਜਾਵੇਗਾ ਅਤੇ ਜੇਕਰ ਅਜਿਹੇ ਮਿੱਥੇ ਟੀਚੇ ਪ੍ਰਾਪਤ ਕਰ ਵੀ ਲਏ ਜਾਂਦੇ ਹਨ ਤਾਂ ਵੀ ਸਿਹਤ ਵਿੱਚ ਗਿਰਾਵਟ ਨੂੰ ਕੋਈ ਨਹੀਂ ਰੋਕ ਸਕਦਾ ਅਤੇ ਇਸ ਵਾਸਤੇ ਮਿੱਥੇ ਗਏ ਟੀਚਿਆਂ ਤੋਂ ਵੀ ਉਪਰ ਉਠ ਕੇ ਕੰਮ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ, ਆਸਟ੍ਰੇਲੀਆ ਨੂੰ ਬਰਾਜ਼ਿਲ, ਕਨੇਡਾ, ਕੋਰੀਆ ਅਤੇ ਅਮਰੀਕਾ ਵਰਗੇ ਦੇਸ਼ਾਂ (ਜੀ20) ਨਾਲ ਗਿਣਿਆ ਜਾ ਰਿਹਾ ਹੈ ਜਿੱਥੇ ਕਿ ਕਾਰਬਨ ਉਤਸਰਜਨ ਦੀ ਮਿੱਥੇ ਟੀਚਿਆਂ ਦੀ ਪ੍ਰਾਪਤੀ ਹੋਣਾ ਸ਼ੱਕ ਦੇ ਘੇਰੇ ਵਿੱਚ ਹੈ।

Install Punjabi Akhbar App

Install
×