ਆਂਗਣਵਾਲੀ ਸੰਘਰਸ਼ ਨੇ ਲੋਕਾਂ ਦਾ ਦਿਲ ਜਿੱਤਿਆ, ਤਾਨਾਸ਼ਾਹ ਸਰਕਾਰ ਦਾ ਪਰਦਾਫਾਸ਼ ਕੀਤਾ ਤੇ ਮੀਡੀਆ ਪ੍ਰਤੀ ਚਰਚਾ ਛੇੜੀ

Aganwari Workers

ਲਾਲ ਫਰੇਰੇ ਚੁੱਕ ਕੇ ਚੰਡੀਗੜ੍ਹ ਪਹੁੰਚਦੀ ਸੜਕ ਨੂੰ ਲਾਲੋ ਲਾਲ ਕਰਦੇ ਸੀਟੂ ਦੀ ਅਗਵਾਈ ਵਾਲੇ ਆਂਗਣਵਾੜੀ ਬੀਬੀਆਂ ਦੇ ਸੰਘਰਸ਼ ਨੇ ਜਿੱਥੇ ਸੰਘਰਸ਼ਕਾਰੀਆਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਉੱਥੇ ਰਾਜ ਸਰਕਾਰ ਦੀ ਲੋਕ ਵਿਰੋਧੀ ਨੀਤੀ ਤੇ ਤਾਨਾਸ਼ਾਹੀ ਵੀ ਜੱਗ ਜਾਹਰ ਕਰ ਦਿੱਤੀ ਹੈ। ਇੱਥੇ ਹੀ ਬੱਸ ਨਹੀਂ ਤਿੱਖੜ ਦੁਪਹਿਰੇ ਤਪਦੀ ਸੜਕ ਤੇ ਬੇਹੋਸ਼ ਹੋ ਰਹੀਆਂ ਬੀਬੀਆਂ ਨੇ ਜਿੱਥੇ ਪੁਲਿਸ ਵਾਲਿਆਂ ਦੇ ਦਿਲ ਵੀ ਪਿਘਰਾ ਦਿੱਤੇ, ਉੱਥੇ ਇਸ ਵੱਡੇ ਹੱਕੀ ਸੰਘਰਸ ਨੂੰ ਅਣਗੌਲਿਆਂ ਕਰਨ ਵਾਲੇ ਮੀਡੀਆ ਦੇ ਇੱਕ ਹਿੱਸੇ ਤੇ ਵੀ ਸੁਆਲੀਆ ਨਿਸਾਨ ਲੱਗ ਗਏ ਹਨ।

ਆਪਣੇ ਹੱਕਾਂ ਲਈ ਆਂਗਣਵਾੜੀ ਬੀਬੀਆਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ। ਪਿੰਡਾਂ ਵਿੱਚ ਰੋਸ ਮਾਰਚ, ਜਿਲ੍ਹਾ ਹੈੱਡਕੁਆਟਰਾਂ ਤੇ ਧਰਨੇ, ਅਧਿਕਾਰੀਆਂ ਤੇ ਦਫਤਰਾਂ ਦੇ ਘਿਰਾਓ ਅਤੇ ਉਸਤੋਂ ਬਾਅਦ ਮੰਤਰੀਆਂ ਦੇ ਘਰਾਂ ਦੇ ਘਿਰਾਓ ਕਰਕੇ ਸੰਘਰਸ਼ ਨੂੰ ਲਗਾਤਾਰ ਤੇਜ ਕੀਤਾ ਜਾਂਦਾ ਰਿਹਾ ਹੈ। ਪਰੰਤੂ ਨਾ ਪ੍ਰਸਾਸਨ ਨੇ ਉਹਨਾਂ ਦੀ ਗੱਲ ਸੁਣੀ ਅਤੇ ਨਾ ਪੰਜਾਬ ਸਰਕਾਰ ਨੇ ਉਹਨਾਂ ਨੂੰ ਗਲੇ ਲਾਉਣ ਜਾਂ ਰਾਹਤ ਦੇਣ ਦੀ ਜਹਿਮਤ ਉਠਾਈ। ਜਦੋਂ ਵੀ ਸੰਘਰਸ ਸਿਖ਼ਰਾਂ ਤੇ ਪੁੱਜਣ ਲਗਦਾ ਤਾਂ ਵਿਚੋਲਿਆਂ ਵੱਲੋਂ ਮੁੱਖ ਮੰਤਰੀ ਨਾਲ ਗੱਲਬਾਤ ਕਰਾਉਣ ਦਾ ਲਾਰਾ ਲਾਇਆ ਜਾਂਦਾ ਅਤੇ ਬਾਅਦ ਵਿੱਚ ਕਿਸੇ ਬਹਾਨੇ ਇਹ ਗੱਲਬਾਤ ਟਾਲ ਦਿੱਤੀ ਜਾਂਦੀ।

ਜਦੋਂ ਸੰਘਰਸ਼ਕਾਰੀਆਂ ਦਾ ਸਬਰ ਦਾ ਪਿਆਲਾ ਭਰ ਗਿਆ ਤਾਂ ਉਹਨਾਂ ਸੀਟੂ ਦੀ ਅਗਵਾਈ ਵਿੱਚ ਵੱਡੀ ਗਿਣਤੀ ‘ਚ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਦਫ਼ਤਰ ਪਹੁੰਚ ਕੇ ਆਪਣੀਆਂ ਹੱਕੀ ਮੰਗਾਂ ਸਬੰਧੀ ਠੋਸ ਕਾਰਵਾਈ ਕਰਵਾਉਣ ਦਾ ਐਲਾਨ ਕਰ ਦਿੱਤਾ। ਇਸ ਐਲਾਨ ਤੇ ਫੁੱਲ ਚੜ੍ਹਾਉਂਦਿਆਂ ਆਂਗਣਵਾੜੀ ਵਰਕਰ ਬੀਬੀਆਂ ਨੇ ਲਾਲ ਕਮੀਜ ਪਾ ਕੇ, ਲਾਲ ਟੋਪੀਆਂ ਤੇ ਚੁੰਨੀਆਂ ਲੈ ਕੇ ਹੱਥਾਂ ਵਿੱਚ ਲਾਲ ਝੰਡੇ ਫੜ ਕੇ 28 ਮਈ ਤੋਂ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਨੂੰ ਪੈਦਲ ਮਾਰਚ ਸੁਰੂ ਕਰ ਦਿੱਤਾ, ਜੋ 30 ਮਈ ਨੂੰ ਮੁਹਾਲੀ ਦੇ ਸੁਹਾਣਾ ਤੋਂ ਚੰਡੀਗੜ੍ਹ ‘ਚ ਦਾਖਲ ਹੋਣ ਵਾਲੀ ਸੜਕ ਤੇ ਪਹੁੰਚ ਗਿਆ।

ਇਹ ਉਹ ਦਿਨ ਸਨ, ਜਿਹਨਾਂ ਸਬੰਧੀ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਸੂਰਜ ਦੀਆਂ ਕਿਰਨਾਂ ਧਰਤੀ ਤੇ ਸਿੱਧੀਆਂ ਪੈਣ ਕਾਰਨ ਵਧੀ ਅੰਤਾਂ ਦੀ ਗਰਮੀ ਤੋਂ ਬਚਣ ਲਈ ਬਹੁਤਾ ਪਾਣੀ ਪੀ ਕੇ ਅਤੇ ਛਾਂ ਵਿੱਚ ਰਹਿ ਕੇ ਆਪਣਾ ਬਚਾਅ ਕੀਤਾ ਜਾ ਸਕਦਾ ਹੈ। ਸੰਘਰਸ਼ਸ਼ੀਲ ਬੀਬੀਆਂ ਆਪਣੇ ਐਲਾਨ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੀਆਂ ਸਨ, ਉਹਨਾਂ ਅੰਤਾਂ ਦੀ ਗਰਮੀ ‘ਚ ਤਪਦੀ ਸੜਕ ਤੇ ਮਾਰਚ ਅਰੰਭ ਦਿੱਤਾ, ਹਜਾਰਾਂ ਦੀ ਤਾਦਾਦ ਵਿੱਚ ਸੰਘਰਸ਼ਸੀਲ ਵਰਕਰਾਂ ਦੇ ਪੈਰਾਂ ਤੇ ਛਾਲੇ ਪੈ ਗਏ, ਗਰਮੀ ਤੇ ਥਕਾਵਟ ਨੇ ਬੀਬੀਆਂ ਨੂੰ ਹਾਲੋਂ ਬੇਹਾਲ ਕਰ ਦਿੱਤਾ, ਪਰ ਉਹ ਪਰਵਾਹ ਕੀਤੇ ਵਗੈਰ ਅੱਗੇ ਵਧਦੀਆਂ ਰਹੀਆਂ।

Aganwari Workers.

ਚੰਡੀਗੜ੍ਹ ਵਿੱਚ ਦਾਖਲ ਹੋਣ ਤੋਂ ਪੁਲਿਸ ਨੇ ਮਾਰਚ ਨੂੰ ਰੋਕਿਆ ਤਾਂ ਗੁੱਸੇ ਵਿੱਚ ਭਰੀਆਂ ਪੀਤੀਆਂ ਬੀਬੀਆਂ ਸੜਕਾਂ ਤੇ ਲੇਟ ਗਈਆਂ। ਕੁਝ ਹੀ ਸਮੇਂ ਬਾਅਦ ਦਰਜਨਾਂ ਵਰਕਰਾਂ ਬੇਹੋਸ ਹੋ ਗਈਆਂ, ਜਿਹਨਾਂ ਨੂੰ ਹਸਪਾਤਲਾਂ ਵਿੱਚ ਪਹੁੰਚਾਇਆ ਗਿਆ। ਅਜਿਹੀ ਹਾਲਤ ਨੂੰ ਦੇਖਦਿਆਂ ਭਾਵੇਂ ਰਾਹਗੀਰ ਤੇ ਪੁਲਿਸ ਵਾਲੇ ਵੀ ਪਰੇਸਾਨ ਹੋ ਰਹੇ ਸਨ, ਪਰ ਰਾਜ ਦੀ ਤਾਨਾਸ਼ਾਹ ਸਰਕਾਰ ਬੀਬੀਆਂ ਦਾ ਸਬਰ ਹੋਰ ਪਰਖਣਾ ਚਾਹੁੰਦੀ ਸੀ। ਬਹਾਦਰ ਬੀਬੀਆਂ ਜਦੋਂ ਪੂਰੀ ਦਲੇਰੀ ਨਾਲ ਡਟੀਆਂ ਰਹੀਆਂ ਤਾਂ ਆਖ਼ਰ ਪੰਜਾਬ ਸਰਕਾਰ ਨੂੰ ਕਿਰਤ ਮੰਤਰੀ ਸ੍ਰ: ਬਲਵੀਰ ਸਿੰਘ ਨੂੰ ਮੌਕੇ ਤੇ ਭੇਜਣ ਲਈ ਮਜਬੂਰ ਹੋਣਾ ਪਿਆ। ਮੰਤਰੀ ਨੇ ਸੰਘਰਸ਼ਕਾਰੀਆਂ ਨਾਲ ਗੱਲਬਾਤ ਕਰਕੇ ਜਿੱਥੇ ਮੁੱਖ ਮੰਤਰੀ ਨਾਲ ਗੱਲ ਕਰਾਉਣ ਦਾ ਭਰੋਸਾ ਦਿੱਤਾ, ਉੱਥੇ ਕੈਬਨਿਟ ਦੀ ਹੋਣ ਵਾਲੀ ਮੀਟਿੰਗ ਵਿੱਚ ਇਹ ਮੁੱਦਾ ਚੁੱਕਣ ਦਾ ਵਿਸਵਾਸ ਦਿਵਾਇਆ। ਇਸ ਉਪਰੰਤ ਧਰਨਾ ਮੁਲਤਵੀ ਕਰਦਿਆਂ ਐਲਾਨ ਕੀਤਾ ਕਿ ਜੂਨ ਦੇ ਪਹਿਲੇ ਹਫ਼ਤੇ ਜੇਕਰ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁੜ ਸੰਘਰਸ ਵਿੱਢਿਆ ਜਾਵੇਗਾ।

ਤਪਦੀਆਂ ਸੜਕਾਂ ਤੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀਆਂ ਬੀਬੀਆਂ ਦੀ ਕਵਰੇਜ ਸਬੰਧੀ ਵੀ ਮੀਡੀਆ ਦੇ ਵੱਡੇ ਹਿੱਸੇ ਨੇ ਬਣਦੀ ਭੂਮਿਕਾ ਨਹੀਂ ਨਿਭਾਈ। ਆਮ ਲੋਕ ਅਤੇ ਬੁੱਧੀਜੀਵੀ ਵੀ ਚਰਚਾ ਕਰਦੇ ਸੁਣੇ ਗਏ ਕਿ ਮੀਡੀਆ ਤਾਂ ਸਰਕਾਰ ਜਾਂ ਫਿਰਕਾਪ੍ਰਸਤ ਬਾਬਿਆਂ  ਦੀ ਕਵਰੇਜ ਹੀ ਕਰਦਾ ਹੈ, ਹੱਕਾਂ ਲਈ ਸੰਘਰਸ਼ ਕਰਨ ਵਾਲਿਆਂ ਦੀ ਗੱਲ ਕਿਉਂ ਕਰੇ, ਜਿੱਥੋਂ ਕੋਈ ਫਾਇਦਾ ਹੋਣ ਦੀ ਉਮੀਦ ਨਾ ਹੋਵੇ। ਪਰ, ਇਹਨਾਂ ਬੀਬੀਆਂ ਦੇ ਸੰਘਰਸ਼ ਨੂੰ ਮਿਲੀ ਮਿਸਾਲੀ ਸਫ਼ਲਤਾ ਤੋਂ ਸੰਘਰਸਕਾਰੀਆਂ ਦੇ ਹੌਂਸਲੇ ਬੁਲੰਦ ਹੋਏ ਹਨ ਅਤੇ ਜੇਕਰ ਸਰਕਾਰ ਗੱਲਬਾਤ ਰਾਹੀਂ ਮਸਲੇ ਦੇ ਹੱਲ ਤੋਂ ਮੁਨਕਰ ਹੋਈ ਅਤੇ ਮੁੜ ਸੰਘਰਸ ਵਿੱਢਿਆ ਗਿਆ ਤਾਂ ਰਾਜ ਸਰਕਾਰ ਦੇ ਪੈਰ ਉਖੇੜਣ ਵਾਲਾ ਹੋਵੇਗਾ। ਇਸ ਸੰਘਰਸ਼ ਨੇ ਆਮ ਲੋਕਾਂ ਦਾ ਦਿਲ ਜਿੱਤਿਆ ਹੈ ਅਤੇ ਸਰਕਾਰ ਦੀ ਤਾਨਾਸ਼ਾਹੀ ਦਾ ਪਰਦਾਫਾਸ਼ ਕੀਤਾ ਹੈ। ਇੱਥੇ ਹੀ ਬੱਸ ਨਹੀਂ! ਮੀਡੀਆ ਦੀ ਭੂਮਿਕਾ ਦੀ ਵੀ ਚਰਚਾ ਛੇੜੀ ਹੈ।

ਬਲਵਿੰਦਰ ਸਿੰਘ ਭੁੱਲਰ

+91 98882-75913