ਵਿਕਟੌਰੀਆ ਸਰਕਾਰ ਦਾ ਚੋਣ ਵਾਅਦਾ -25 ਤੋਂ ਵੀ ਜ਼ਿਆਦਾ ਪੈਰਾਮੈਡਿਕ ਪ੍ਰੈਕਟਿਸ਼ਨਰ ਕਰਾਂਗੇ ਸਥਾਪਤ

ਆਉਣ ਵਾਲੇ ਨਵੰਬਰ ਦੇ ਮਹੀਨੇ ਵਿੱਚ ਵਿਕਟੌਰੀਆ ਰਾਜ ਦੀਆਂ ਚੋਣਾਂ ਦਾ ਸਮਾਂ ਹੈ ਅਤੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਇਨ੍ਹਾਂ ਚੋਣਾਂ ਲਈ ਤਿਆਰੀਆਂ ਸ਼ੁਰੂ ਵੀ ਕਰ ਦਿੱਤੀਆਂ ਹਨ। ਸਭ ਤੋਂ ਪਹਿਲਾਂ ਉਨ੍ਹਾਂ ਦੇ ਏਜੰਡੇ ਉਪਰ ਪੈਰਾਮੈਡਿਕਲ ਸਟਾਫ ਹੈ ਜਿਸ ਵਾਸਤੇ ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਜੇਕਰ ਇਹ ਸਰਕਾਰ ਦੋਬਾਰਾ ਆਪਣੀ ਵਾਪਸੀ ਕਰਦੀ ਹੈ ਤਾਂ ਸਭ ਤੋਂ ਪਹਿਲਾਂ 25 ਤੋਂ ਵੀ ਜ਼ਿਆਦਾ ਨਵੀਆਂ ਪੈਰਾਮੈਡੀਕਲ ਪੋਜ਼ੀਸ਼ਨਾਂ ਦੀ ਸਥਾਪਨ ਕੀਤੀ ਜਾਵੇਗੀ। ਇਸ ਵਾਸਤੇ 20 ਮਿਲੀਅਨ ਡਾਲਰਾਂ ਦੇ ਪਲਾਨ ਦਾ ਐਲਾਨ ਕੀਤਾ ਗਿਆ ਹੈ।
ਇਨ੍ਹਾਂ ਪੈਰਾਮੈਡੀਕਲ ਸਟਾਫ ਦਾ ਕੰਮ ਇਹ ਹੋਵੇਗਾ ਕਿ ਉਹ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਬਾਹਰ ਹੀ ਰੱਖਣਗੇ ਅਤੇ ਉਥੇ ਹੀ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਪਹੁੰਚਾਉਣ ਦਾ ਕੰਮ ਕਰਨਗੇ ਜਿੱਥੇ ਕਿ ਉਹ ਉਸ ਵਕਤ ਹੋਣਗੇ ਜਦੋਂ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦੀ ਜ਼ਰੂਰਤ ਪਈ ਹੋਵੇਗੀ।
ਇਹ ਸਟਾਫ ਮੋਬਾਇਲ ਇੰਟੈਸਿਵ ਕੇਅਰ ਐਂਬੂਲੈਂਸ (Mobile Intensive Care Ambulance (MICA)) ਤੋਂ ਵੱਖਰਾ ਹੋਵੇਗਾ ਅਤੇ ਇਸ ਵਿੱਚ ਸਬੰਧਤ ਖੇਤਰ ਵਿੱਚ ਪੜ੍ਹੇ ਲਿਖੇ ਅਤੇ ਪੂਰਨ ਸਿਖਲਾਈ ਪ੍ਰਾਪਤ ਪੈਰਾਮੈਡੀਕਸ ਹੋਣਗੇ।
ਇਨ੍ਹਾਂ ਦੀ ਸਿਖਲਾਈ ਵਿੱਚ ਇਹ ਸਭ ਤੋਂ ਜ਼ਰੂਰੀ ਹੋਵੇਗਾ ਕਿ ਇਹ ਅਜਿਹੇ ਮਰੀਜ਼ਾਂ ਨੂੰ ਉਨ੍ਹਾਂ ਦੀ ਥਾਂ ਤੇ ਪਹੁੰਚ ਕੇ ਹੀ ਮੈਡੀਕਲ ਸਹਾਇਤਾ ਪ੍ਰਦਾਨ ਕਰਨਗੇ, ਜਿਨ੍ਹਾਂ ਨੂੰ ਬੇਸ਼ੱਕ ਹਸਪਤਾਲ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਪਰੰਤੂ ਤੁਰੰਤ ਮੈਡੀਕਲ ਸਹਾਇਤਾ ਦੀ ਲੋੜ ਹੁੰਦੀ ਹੈ।