ਦੇਸ਼ ਵਿੱਚ ਨਵੀਂ ਜਮਾਤ ‘ਅੰਦੋਲਨ ਜੀਵੀ’ ਨਹੀਂ ‘ਹੰਕਾਰ ਜੀਵੀ’ ਪੈਦਾ ਹੋ ਗਈ ਹੈ

ਭਾਰਤੀ ਲੋਕ ਰਾਜ ਦੀ ਸਟੇਜ ‘ਰਾਜ ਸਭਾ’ ਵਿੱਚ ਰਾਸਟਰਪਤੀ ਭਾਰਤ ਦੇ ਭਾਸ਼ਨ ਤੇ ਧੰਨਵਾਦ ਮਤੇ ਤੇ ਬਹਿਸ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬੜਾ ਬੇਸ਼ਰਮੀ ਵਾਲਾ ਤੇ ਬੇਹੂਦਾ ਬਿਆਨ ਦੇ ਕੇ ਜਿੱਥੇ ਸੰਸਦ ਦੀ ਮਰਯਾਦਾ ਨੂੰ ਪੈਰਾਂ ਹੇਠ ਰੋਲਣ ਦਾ ਕੰਮ ਕੀਤਾ ਹੈ, ਉੱਥੇ ਦੁਨੀਆਂ ਪੱਧਰ ਤੇ ਭਾਰਤੀ ਜਮਹੂਰੀਅਤ ਦਾ ਦੀਵਾਲਾ ਕੱਢਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਬੀਤੇ ਦਿਨ ਬੱਜਟ ਸੈਸਨ ਦੌਰਾਨ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਦੇ ਭਾਸ਼ਨ ਤੇ ਧੰਨਵਾਦ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਇੱਕ ਨਵੀਂ ਜਮਾਤ ‘ਅੰਦੋਲਨ ਜੀਵੀ’ ਪੈਦਾ ਹੋ ਗਈ ਹੈ, ਜਿਹੜੀ ਪ੍ਰਦਰਸਨਾਂ ਤੋਂ ਵਗੈਰ ਰਹਿ ਨਹੀਂ ਸਕਦੀ। ਉਹ ਭਾਜਪਾ ਵੱਲੋਂ ਬਣਾਏ ਕਿਸਾਨ ਮਾਰੂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਦੇਸ ਦੇ ਅੰਨਦਾਤੇ ਵੱਲੋਂ ਕੀਤੇ ਜਾ ਰਹੇ ਸੰਘਰਸ ਦੇ ਸੰਦਰਭ ਵਿੱਚ ਬੋਲ ਰਹੇ ਸਨ। ਇਸੇ ਦੌਰਾਨ ਉਹਨਾਂ ਇਹ ਗੱਲ ਵੀ ਬੜੇ ਜੋਰ ਨਾਲ ਆਖੀ ਕਿ ਖੱਬੇ ਪੱਖੀ ਕਾਂਗਰਸ ਰਾਜ ਸਮੇਂ ਵੀ ਰੋੜੇ ਅਟਕਾਉਂਦੇ ਰਹੇ ਸਨ ਅਤੇ ਹੁਣ ਵੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ।
ਜੇ ਗਹੁ ਨਾਲ ਵਾਚਿਆ ਜਾਵੇ ਤਾਂ ਦੇਸ਼ ਵਿੱਚ ਇੱਕ ਨਵੀਂ ਜਮਾਤ ਪੈਦਾ ਤਾਂ ਹੋਈ ਹੈ, ਪ੍ਰਧਾਨ ਮੰਤਰੀ ਦੇ ਬਿਆਨ ਵਿੱਚ ਕੁੱਝ ਸੱਚਾਈ ਜਰੂਰ ਹੈ, ਪਰ ਇਹ ਜਮਾਤ ‘ਅੰਦੋਲਨ ਜੀਵੀ’ ਨਹੀਂ ਸਗੋਂ ‘ਹੰਕਾਰ ਜੀਵੀ’ ਪੈਦਾ ਹੋਈ ਹੈ, ਜੋ ਸੱਤ੍ਹਾ ਤੇ ਕਾਬਜ ਭਾਜਪਾ ਅੰਦਰ ਧੁਸੀ ਹੋਈ ਹੈ। ਕਿਸਾਨ ਜੇਕਰ ਪੋਹ ਮਾਘ ਦੀਆਂ ਠੰਢੀਆਂ ਰਾਤਾਂ ਵਿੱਚ ਸੜਕਾਂ ਤੇ ਬੈਠੇ ਹਨ, ਇਹ ਉਹਨਾਂ ਦਾ ਸ਼ੌਕ ਨਹੀਂ, ਉਹ ਆਪਣੀ ਕਿਸਾਨੀ ਬਚਾਉਣ ਲਈ ਹੰਕਾਰੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਜੱਦੋਜਹਿਦ ਕਰ ਰਹੇ ਹਨ। ਪਰ ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਤੇ ਉਸਦੀ ਜੁੰਡਲੀ ਅੰਦਰ ਪੈਦਾ ਹੋਈ ‘ਹੰਕਾਰ ਜੀਵੀ’ ਸਦਕਾ ਕਿਸਾਨਾਂ ਨੂੰ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਕਦੇ ਡਾਂਗਾਂ ਵਰ੍ਹਾਈਆਂ ਜਾਂਦੀਆਂ ਹਨ, ਕਦੇ ਰਸਤੇ ਵਿੱਚ ਟੋਏ ਪੁੱਟੇ ਜਾਂਦੇ ਹਨ, ਕਦੇ ਸੜਕਾਂ ਤੇ ਕਿੱਲ ਗੱਡੇ ਜਾਂਦੇ ਹਨ ਅਤੇ ਕਦੇ ਸੰਘਰਸ ਨੂੰ ਫੇਲ੍ਹ ਕਰਨ ਲਈ ਲਾਲ ਕਿਲ੍ਹੇ ਤੇ ਵਾਪਰੀ ਘਟਨਾ ਵਰਗੀਆਂ ਚਾਲਾਂ ਖੇਡੀਆਂ ਜਾਂਦੀਆਂ ਹਨ। ਕੇਂਦਰ ਸਰਕਾਰ ਤੇ ਭਾਜਪਾਈਆਂ ਵੱਲੋਂ ਅੰਦੋਲਨਕਾਰੀਆਂ ਨੂੰ ਖਾਲਿਸਤਾਨੀ, ਮਾਓਵਾਦੀ, ਨਕਸਲੀ, ਗੁੰਮਰਾਹ ਹੋਏ, ਦੇਸ਼ ਧਰੋਹੀ, ਗੱਦਾਰ ਆਦਿ ਤੱਕ ਕਹਿਣ ਤੋਂ ਗੁਰੇਜ ਨਹੀਂ ਕੀਤਾ ਗਿਆ। ਪਰ ਅਸਲ ‘ਚ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਦੀ ਘਟਨਾ ਨੇ ਸਪਰਸਟ ਕਰ ਦਿੱਤਾ ਕਿ ਖਾਲਿਸਤਾਨੀ ਮਾਓਵਾਦੀ ਆਦਿ ਕਿਸਾਨ ਨਹੀਂ ਹਨ, ਬਲਕਿ ਉਹਨਾਂ ਨੂੰ ਪਾੜ ਕੇ ਸੰਘਰਸ ਫੇਲ੍ਹ ਕਰਨ ਲਈ ਕੇਂਦਰ ਸਰਕਾਰ ਤੇ ਖਾਲਿਸਤਾਨੀ ਇਕੱਠੇ ਹਨ।
ਦੂਜੇ ਪਾਸੇ ਕਿਸਾਨ ਸਾਂਤਮਈ ਢੰਗ ਨਾਲ ਆਪਣਾ ਅੰਦੋਲਨ ਚਲਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਹੱਕੀ ਮੰਗਾਂ ਦੇ ਸੰਘਰਸ ਲੜ ਰਹੇ ਲੋਕਾਂ ਨੂੰ ‘ਅੰਦੋਲਨ ਜੀਵੀ’ ਨਾਂ ਦਿੰਦੇ ਹਨ ਤਾਂ ਉਹਨਾਂ ਨੂੰ ਇਸ ਨਾਂ ਤੇ ਵੀ ਮਾਣ ਹੈ। ਅੰਦੋਲਨ ਕਰਨਾ ਕੋਈ ਗੁਨਾਹ ਨਹੀਂ, ਇਹ ਲੋਕਾਂ ਦਾ ਜਮਹੂਰੀ ਹੱਕ ਹੈ। ਇਹ ਵੀ ਇੱਕ ਸੱਚਾਈ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਹੱਠ ਤੇ ਹੰਕਾਰ ਦੀ ਕੇਵਲ ਭਾਰਤ ਵਿੱਚੋਂ ਹੀ ਨਹੀਂ, ਦੁਨੀਆਂ ਭਰ ਚੋਂ ਨਿੰਦਾ ਹੋ ਰਹੀ ਹੈ ਅਤੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨਾਲ ਜਿੱਥੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਵਾਲੀ ਉਹਨਾਂ ਅੰਦਰਲੀ ਲੋਕ ਮਾਰੂ ਸੋਚ ਤੇ ਸਮਝ ਪਰਤੱਖ ਹੋਈ ਹੈ, ਉੱਥੇ ਦੇਸ ਦੀ ਜਮਹੂਰੀਅਤ ਨੂੰ ਵੀ ਸੱਟ ਵੱਜੀ ਹੈ।
ਉਹਨਾਂ ਦੇ ਭਾਸ਼ਨ ਵਿੱਚ ਦੂਜੀ ਗੱਲ ਖੱਬੀਆਂ ਧਿਰਾਂ ਬਾਰੇ ਕੀਤੀ ਗਈ ਹੈ। ਭਾਸਨ ਦੇ ਇਸ ਹਿੱਸੇ ਨੇ ਜਿੱਥੇ ਪ੍ਰਧਾਨ ਮੰਤਰੀ ਦੀ ਸੌੜੀ ਸਮਝ ਸਪਸਟ ਕੀਤੀ ਹੈ, ਉੱਥੇ ਇਸਤੋਂ ਇਹ ਵੀ ਜੱਗ ਜਾਹਰ ਹੋ ਗਿਆ ਹੈ ਕਿ ਖੱਬੀਆਂ ਧਿਰਾਂ ਚੇਤੰਨ ਤੇ ਜਾਗਰੂਕ ਹਨ। ਸਰਕਾਰ ਕਾਂਗਰਸ ਦੀ ਹੋਵੇ, ਭਾਜਪਾ ਦੀ ਜਾਂ ਕਿਸੇ ਹੋਰ ਪਾਰਟੀ ਦੀ, ਜਦੋਂ ਵੀ ਉਹ ਲੋਕ ਵਿਰੋਧੀ ਫੈਸਲੇ ਲਵੇਗੀ ਤਾਂ ਖੱਬੀਆਂ ਧਿਰਾਂ ਉਸਦਾ ਡਟਵਾਂ ਵਿਰੋਧ ਕਰਨਗੀਆਂ ਅਤੇ ਪਹਿਲਾਂ ਵੀ ਕਰਦੀਆਂ ਰਹੀਆਂ ਹਨ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਦੇਸ਼ ਭਰ ‘ਚ ਚਲਦੇ ਮੌਜੂਦਾ ਕਿਸਾਨ ਸੰਘਰਸ ਵਿੱਚ ਵੀ ਖੱਬੀਆਂ ਧਿਰਾਂ ਦੀ ਮਹੱਤਵਪੂਰਨ ਭੂਮਿਕਾ ਹੈ, ਪਰ ਇਹ ਲੋਕ ਪੱਖੀ, ਕਿਸਾਨ ਪੱਖੀ ਅਤੇ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਕੰਪਨੀਆਂ ਦੇ ਵਿਰੁੱਧ ਅੰਦੋਲਨ ਹੈ। ਜੇ ਅਜਿਹੇ ਅੰਦੋਲਨ ਵਿੱਚ ਭਾਗ ਲੈਣ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਕਹਿਣ ਕੇ ਖੱਬੀਆਂ ਧਿਰਾਂ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਤਾਂ ਉਹ ਅਜਿਹਾ ਦੋਸ਼ ਮੰਨਣ ਵੀ ਬੁਰਾ ਨਹੀਂ ਸਮਝਣਗੇ। ਇਸ ਸਬੰਧੀ ਜਦ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਅਤੇ ਸੀ ਪੀ ਆਈ ਦੇ ਆਗੂ ਤੇ ਸਾਬਕਾ ਵਿਧਾਇਕ ਕਾ: ਹਰਦੇਵ ਅਰਸ਼ੀ ਦਾ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਖੱਬੀਆਂ ਧਿਰਾਂ ਹਮੇਸਾਂ ਲੋਕ ਹਿਤਾਂ ਲਈ ਲੜਦੀਆਂ ਰਹੀਆਂ ਹਨ ਅਤੇ ਇਸ ਕਿਸਾਨ ਅੰਦੋਲਨ ਵਿੱਚ ਵੀ ਡਟ ਕੇ ਜੂਝ ਰਹੀਆਂ ਹਨ ਅਤੇ ਜੂਝਦੀਆਂ ਹੀ ਰਹਿਣਗੀਆਂ। ਉਹਨਾਂ ਕਿਹਾ ਕਿ ਸੰਘਰਸ ਕਰਦੇ 170 ਕਿਸਾਨਾਂ ਦੀਆਂ ਮੌਤਾਂ ਅਜ਼ਾਈਂ ਨਹੀਂ ਜਾਣਗੀਆਂ, ਲੋਕਾਂ ਦੀ ਏਕਤਾ ਮੂਹਰੇ ਇੱਕ ਦਿਨ ਕੇਂਦਰ ਦੀ ਮੋਦੀ ਸਰਕਾਰ ਦਾ ਹੰਕਾਰ ਟੁੱਟ ਜਾਵੇਗਾ ਅਤੇ ਜਿੱਤ ਜੂਝਦੇ ਕਿਸਾਨਾਂ ਦੀ ਹੋਵੇਗੀ।
ਦੇਸ਼ ਦੇ ਬੁੱਧੀਜੀਵੀ ਲੋਕਾਂ ਨੂੰ ਆਸ ਉਮੀਦ ਸੀ ਕਿ ਬੱਜਟ ਸੈਸਨ ਸਮੇਂ ਪ੍ਰਧਾਨ ਮੰਤਰੀ ਸ਼ਾਇਦ ਕਿਸਾਨ ਪੱਖੀ ਫੈਸਲਾ ਲੈ ਕੇ ਭਾਰਤੀ ਜਮਹੂਰੀਅਤ ਦਾ ਝੰਡਾ ਉੱਚਾ ਕਰਨਗੇ ਜੋ ਦੇਸ ਦੇ ਹਿਤ ਵਿੱਚ ਹੋਵੇਗਾ। ਦੇਸ ਵਾਸੀਆਂ ਨੂੰ ਉਹਨਾਂ ਦੇ ਭਾਸ਼ਨ ਤੇ ਹਠੀ ਰਵੱਈਏ ਤੋਂ ਨਿਰਾਸ਼ਾ ਹੋਈ ਹੈ, ਕਿਉਂਕਿ ਉਹਨਾਂ ਆਮ ਲੋਕਾਂ ਨੂੰ ਖੂਹ ਖਾਤੇ ਵਿੱਚ ਸੁੱਟਣ ਵਾਲੇ ਫੈਸਲੇ ਨੂੰ ਸਹੀ ਕਹਿੰਦਿਆਂ ਕਾਰਪੋਰੇਟ ਘਰਾਣਿਆਂ ਮੂਹਰੇ ਗੋਡਣੀਆਂ ਲਾ ਕੇ ਨਤਮਸਤਕ ਹੋਣ ਨੂੰ ਤਰਜੀਹ ਦਿੱਤੀ ਹੈ। ਪ੍ਰਧਾਨ ਮੰਤਰੀ ਦੇ ਭਾਸਨ ਤੋਂ ਸਪਸਟ ਹੋ ਗਿਆ ਹੈ ਕਿ ਦੇਸ਼ ਵਿੱਚ ਇੱਕ ਨਵੀਂ ਜਮਾਤ ਜਰੂਰ ਪੈਦਾ ਹੋਈ ਹੈ, ਪਰ ਉਹ ‘ਅੰਦੋਲਨ ਜੀਵੀ’ ਨਹੀਂ ਹੈ ਬਲਕਿ ‘ਹੰਕਾਰ ਜੀਵੀ’ ਹੈ ਜੋ ਭਾਜਪਾਈਆਂ ਅੰਦਰ ਜਾ ਬੈਠੀ ਹੈ।

Install Punjabi Akhbar App

Install
×