ਅੰਧੇਰ ਨਗਰੀ, ਚੌਪਟ ਰਾਜਾ ਨੇ ਦਰਸ਼ਕਾਂ ਨੂੰ ਹਸਾਉਂਦੇ ਹਸਾਉਂਦੇ ਕੱਸਿਆ ਕੁਚੱਜੇ ਰਾਜ-ਪ੍ਰਬੰਧ ‘ਤੇ ਵਿਅੰਗ

ਨਾਟਿਅਮ ਵੱਲੌਂ ਜਾਰੀ 10ਵੇਂ ਕੌਮੀ ਨਾਟਕ ਮੇਲੇ ਦੇ ਤੀਜੇ ਦਿਨ ਭੋਪਾਲ ਤੋਂ ਪਹੁੰਚੀ ਟੀਮ ਨੇ ਖੇਡਿਆ ਨਾਟਕ

1881 ਵਿੱਚ ਲਿਖਿਆ ਗਿਆ ਦੇਸ਼ ਦਾ ਪਹਿਲਾ ਨਾਟਕ ਸ਼ਹਿਰ ਵਾਸੀਆਂ ਨੂੰ ਦੇਖਣ ਨੂੰ ਮਿਲਿਆ

ਬਠਿੰਡਾ – ਬਠਿੰਡਾ ਦੇ ਬਲਵੰਤ ਗਾਰਗੀ ਓਪਨ ਏਅਰ ਥੇਟਰ ਵਿੱਚ ਨਾਟਿਅਮ ਬਠਿੰਡਾ ਵੱਲੋਂ ਕਰਵਾਏ ਜਾ ਰਹੇ 15 ਰੋਜ਼ਾ 10ਵੇਂ ਕੌਮੀ ਨਾਟਕ ਮੇਲੇ ਦੇ ਤੀਜੇ ਦਿਨ ਭੋਪਾਲ ਤੋਂ ਚਿਲਡਰਨ ਥੀਏਟਰ ਅਕੈਡਮੀ ਵੱਲੋਂ ਭਾਰਤਏਂਦੂ ਹਰੀਸ਼ਚੰਦਰਾ ਦਾ ਲਿਖਿਆ ਅਤੇ ਸ਼ੁਸ਼ਰੁੱਤ ਗੁਪਤਾ ਦਾ ਨਿਰਦੇਸ਼ਿਤ ਨਾਟਕ ਅੰਧੇਰ ਨਗਰੀ, ਚੌਪਟ ਰਾਜਾ ਸੀਨੀਅਰ ਕਲਾਕਾਰ ਪ੍ਰੇਮ ਗੁਪਤਾ ਦੀ ਅਗੁਵਾਈ ਵਿੱਚ ਪੇਸ਼ ਕੀਤਾ ਗਿਆ। ਇੱਕ ਮੂਰਖ ਰਾਜੇ ਦੇ ਡਗਮਗਾਉਂਦੇ, ਕੁਚੱਜੇ ਰਾਜ-ਪ੍ਰਬੰਧਨ ‘ਤੇ ਚੋਟ ਕਰਦਿਆਂ ਇਸ ਨਾਟਕ ਨੇ ਦਰਸ਼ਕਾਂ ਨੂੰ ਖੂਬ ਹਸਾਇਆ। ਨਾਟਕ ਦੀ ਖਾਸੀਅਤ ਦਾ ਜਿਕਰ ਕਰਦਿਆਂ ਪ੍ਰੇਮ ਗੁਪਤਾ ਨੇ ਦੱਸਿਆ ਕਿ ਇਹ ਭਾਰਤ ਦਾ ਪਹਿਲਾ ਹਿੰਦੀ ਨਾਟਕ ਹੈ, ਜੋ 1881 ਵਿੱਚ ਲਿਖਿਆ ਗਿਆ ਸੀ ਅਤੇ ਜਿਸ ਦਿਨ ਇਹ ਨਾਟਕ ਲਿਖਿਆ ਗਿਆ, ਉਸੇ ਦਿਨ ਹੀ ਇਸਨੂੰ ਪੇਸ਼ ਵੀ ਕੀਤਾ ਜਾ ਰਿਹਾ ਸੀ। ਉਹਨਾਂ ਕਿਹਾ ਕਿ ਰਾਜ-ਸੱਤਾ ਤੇ ਪ੍ਰਬੰਧਨ ‘ਤੇ ਆਪਣੇ ਤਿੱਖੇ ਵਿਅੰਗ ਦੀ ਪੇਸ਼ਕਾਰੀ ਨਾਲ ਇਹ ਨਾਟਕ ਅੱਜ ਵੀ ਉਨ੍ਹਾਂ ਹੀ ਸਾਰਥਕ ਹੈ।

ਨਾਟਕ ਮੇਲੇ ਬਾਰੇ ਗੱਲ੍ਹ ਕਰਦਿਆਂ ਨਾਟਿਅਮ ਦੇ ਨਿਰਦੇਸ਼ਕ ਕੀਰਤੀ ਕਿਰਪਾਲ ਅਤੇ ਚੇਅਰਮੈਨ ਡਾ. ਕਸਿਸ ਗੁਪਤਾ ਨੇ ਦੱਸਿਆ ਕਿ ਉਹਨਾਂ ਵੱਲੋਂ ਦਰਸ਼ਕਾਂ ਨੂੰ ਹਸਾਉਣ ਵਾਲੇ ਕਾਮੇਡੀ ਨਾਟਕ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਕੀਤੇ ਹਨ, ਜਿਨ੍ਹਾਂ ਵਿੱਚੋਂ ਇਕ ਅੰਧੇਰ ਨਗਰੀ, ਚੌਪਟ ਰਾਜਾ ਸੀ ਅਤੇ ਅੱਗੇ ਵੀ ਦਰਸ਼ਕਾਂ ਨੂੰ ਦੇਸ਼ ਭਰ ਤੋਂ ਵੱਖ ਵੱਖ ਟੀਮਾਂ ਵੱਲੋਂ ਪੇਸ਼ ਕੀਤੇ ਜਾਣ ਆਲਾ ਦਰਜੇ ਦੇ ਨਾਟਕ 14 ਅਕਤੂਬਰ ਤੱਕ ਹਰ ਰੋਜ਼ ਸ਼ਾਮ ਸਮੇਂ ਦੇਖਣ ਨੂੰ ਮਿਲਣਗੇ। ਨਾਟਕ ਦੌਰਾਨ ਸਮਾਜ ਸੇਵੀ ਵਿਕਾਸ ਗਰੋਵਰ, ਡਾ. ਰਵਿੰਦਰ ਕੰਬੋਜ ਅਤੇ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਤੋਂ ਰਵਿੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ।

(ਜਸਪ੍ਰੀਤ ਸਿੰਘ) jaspreetnews@gmail.com

Install Punjabi Akhbar App

Install
×