ਮਾਤ ਭਾਸ਼ਾ ਅਤੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ

ਬਾਲ ਸਾਹਿਤ ਬੱਚਿਆਂ ਦੀ ਚਰਿੱਤਰ ਉਸਾਰੀ ਲਈ ਵਰਦਾਨ-ਡਾ. ਦਰਸ਼ਨ ਸਿੰਘ ‘ਆਸ਼ਟ’

ਬਾਲ ਚਿੱਤਰਕਾਰ ਅਨੰਤਨੂਰ ਕੌਰ ਦਾ ਵਿਸ਼ੇਸ਼ ਸਨਮਾਨ

(ਪਟਿਆਲਾ) – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 13 ਨਵੰਬਰ,2022 ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਭਾਸ਼ਾ ਵਿਭਾਗ,ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਪੰਜਾਬੀ ਮਾਤ ਭਾਸ਼ਾ ਅਤੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’,ਭਾਸ਼ਾ ਵਿਭਾਗ,ਪੰਜਾਬ ਪਟਿਆਲਾ ਦੇ ਸਹਾਇਕ ਡਾਇਰੈਕਟਰ ਸ੍ਰੀ ਅਮਰਿੰਦਰ ਸਿੰਘ,ਸਰਬਾਂਗੀ ਲੇਖਕ ਸੁਖਦੇਵ ਸਿੰਘ ਸ਼ਾਂਤ,ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਦੇ ਪ੍ਰੇਰਣਾਸ੍ਰੋਤ ਜਗਜੀਤ ਕੌਰ ਅਤੇ ਸੁਖਵਿੰਦਰਪਾਲ ਸਿੰਘ ਰਿੱਕੀ ਨੇ ਕੀਤੀ।ਇਸ ਸਮਾਗਮ ਵਿਚ ਸੇਂਟ ਮੇਰੀਜ਼ ਸਕੂਲ ਪਟਿਆਲਾ ਦੀ ਹੋਣਹਾਰ ਚਿੱਤਰਕਾਰ ਵਿਦਿਆਰਥਣ ਅਨੰਤਨੂਰ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ, ਪਟਿਆਲਾ ਦੇ ਪੰਜਾਬੀ ਬਾਲ ਰਸਾਲੇ ‘ਬਾਲ ਪ੍ਰੀਤ’ ਵੱਲੋਂ ਕਰਵਾਏ ਗਏ ਰਾਜ ਪੱਧਰੀ ਵਿਦਿਆਰਥੀਆਂ ਦੇ ਚਿੱਤਰ ਮੁਕਾਬਲਿਆਂ ਵਿਚ ਇਨਾਮ ਹਾਸਿਲ ਹੋਇਆ ਸੀ।
ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਪੰਜਾਬੀ ਮਾਤ ਭਾਸ਼ਾ ਅਤੇ ਬਾਲ ਸਾਹਿਤ ਦੇ ਮਹੱਤਵ ਉਪਰ ਚਾਨਣਾ ਪਾਉਂਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਮਨਾਂ ਵਿਚ ਲੱਗੀ ਸਾਹਿਤਕ ਚੇਟਕ ਚੇਤਨਾ ਦਾ ਚਾਨਣ ਪੈਦਾ ਕਰਦੀ ਹੈ। ਸਹਾਇਕ ਡਾਇਰੈਕਟਰ ਸ੍ਰੀ ਅਮਰਿੰਦਰ ਸਿੰਘ ਨੇ ਪੰਜਾਬੀ ਮਾਂ ਬੋਲੀ ਦੇ ਮਹੱਤਵ ਨੂੰ ਪਛਾਣ ਦੀ ਲੋੜ ਦੇ ਨਾਲ ਨਾਲ ਦੱਸਿਆ ਕਿ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਇਕਮੁੱਠ ਹੋ ਕੇ ਹੰਭਲੇ ਮਾਰਨੇ ਚਾਹੀਦੇ ਹਨ। ਸੁਖਦੇਵ ਸਿੰਘ ਸ਼ਾਂਤ ਨੇ ਕਿਹਾ ਕਿ ਉਹ ਭਾਵੇਂ ਆਸਟ੍ਰੇਲੀਆ ਵਿਚ ਰਹਿ ਰਹੇ ਹਨ ਪਰੰਤੂ ਉਹਨਾਂ ਨੂੰ ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਜਾਂਦੇ ਉਸਾਰੂ ਸਮਾਗਮਾਂ ਵਿਚ ਆ ਕੇ ਖ਼ਾਸ ਸਕੂਨ ਮਿਲਦਾ ਹੈ।ਜਗਜੀਤ ਕੌਰ ਨੇ ਕਿਹਾ ਕਿ ਜੇਕਰ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਨਾ ਹੈ ਤਾਂ ਉਹਨਾਂ ਨਾਲ ਪੰਜਾਬੀ ਭਾਸ਼ਾ ਵਿਚ ਹੀ ਗੱਲ ਕਰਨੀ ਚਾਹੀਦੀ ਹੈ।ਬਾਲ ਸਾਹਿਤ ਸਨਮਾਨ ਪ੍ਰਾਪਤ ਕਰਨ ਉਪਰੰਤ ਚਿੱਤਰਕਾਰ-ਵਿਦਿਆਰਥਣ ਅਨੰਤਨੂਰ ਕੌਰ ਨੇ ਬਾਲ ਦਿਵਸ ਦੇ ਮਹੱਤਵ ਉਜਾਗਰ ਕੀਤਾ।ਅਮਰ ਗਰਗ ਕਲਮਦਾਨ (ਧੂਰੀ) ਨੇ ਪ੍ਰਿੰਸੀਪਲ ਪ੍ਰੇਮ ਲਤਾ ਰਚਿਤ ਮਨੁੱਖ ਹੱਥੋਂ ਪਕ੍ਰਿਤੀ ਬਚਾਉਣ ਦਾ ਸੁਨੇਹਾ ਦੇਣ ਵਾਲੀ ਖ਼ੂਬਸੂਰਤ ਪ੍ਰਤੀਕਾਤਮਕ ਕਹਾਣੀ ‘ਭੂਤਾਂ ਦਾ ਹਰਾ ਕਾਰਖ਼ਾਨਾ’ ਪੜ੍ਹੀ। ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਸਭਾ ਦੀ ਭੂਮਿਕਾ ਬਾਰੇ ਚਰਚਾ ਕੀਤੀ।
ਦੂਜੇ ਦੌਰ ਵਿਚ ਮਿੰਨੀ ਕਹਾਣੀ ਲੇਖਕ ਦਵਿੰਦਰ ਪਟਿਆਲਵੀ, ਕੈਪਟਨ ਚਮਕੌਰ ਸਿੰਘ ਚਹਿਲ,ਤ੍ਰਿਲੋਕ ਸਿੰਘ ਢਿੱਲੋਂ, ਸਤਨਾਮ ਸਿੰਘ ਮੱਟੂ,ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਸਤੀਸ਼ ਵਿਦਰੋਹੀ,ਹਰਦੀਪ ਕੌਰ ਜੱਸੋਵਾਲ,ਗੁਰਿੰਦਰ ਸਿੰਘ ਪੰਜਾਬੀ,ਜਗਜੀਤ ਸਿੰਘ ਸਾਹਨੀ, ਬਲਦੇਵ ਸਿੰਘ ਬਿੰਦਰਾ,ਮਨਦੀਪ ਕੌਰ ਤੰਬੂਵਾਲਾ, ਨੈਬ ਸਿੰਘ ਬਦੇਸ਼ਾ, ਬਲਬੀਰ ਸਿੰਘ ਦਿਲਦਾਰ, ਜੱਗਾ ਰੰਗੂਵਾਲ,ਬਚਨ ਸਿੰਘ ਗੁਰਮ,ਕਿਰਨਾ ਦੇਵੀ ਸਿੰਗਲਾ,ਜਲ ਸਿੰਘ, ਰਣਜੀਤ ਕੁਮਾਰ ਆਦਿ ਨੇ ਮਾਂ ਬੋਲੀ ਅਤੇ ਬਾਲ ਸਾਹਿਤ ਨੂੰ ਸਮਰਪਿਤ ਵੰਨ ਸੁਵੰਨੀਆਂ ਲਿਖਤਾਂ ਪੜ੍ਹੀਆਂ ਅਤੇ ਵਾਹ ਵਾਹ ਖੱਟੀ।
ਸ੍ਰੀ ਦਵਿੰਦਰ ਪਟਿਆਲਵੀ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਦਾ ਕੀਤੀ। ਅੰਤ ਵਿਚ ਸ੍ਰੀ ਡਾ. ਦਰਸ਼ਨ ਸਿੰਘ ਆਸ਼ਟ ਵੱਲੋਂ ਸ੍ਰੀ ਅਮਰਿੰਦਰ ਸਿੰਘ, ਜਗਜੀਤ ਕੌਰ,ਸੁਖਦੇਵ ਸਿੰਘ ਸ਼ਾਂਤ ਆਦਿ ਲੇਖਕਾਂ ਦਾ ਵੀ ਸਨਮਾਨ ਕੀਤਾ ਗਿਆ। ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਧੰਨਵਾਦ ਕੀਤਾ।