ਭੰਗੜਾ ਰਾਹੀਂ ‘ਅਣਖ ਪੰਜਾਬ ਦੀ’ ਨਿਊਜ਼ੀਲੈਂਡ ਟੀਮ 

  • ਅਖੇ ਹੌਲੀ-ਹੌਲੀ ਹੁੰਦਾ-ਹੁੰਦਾ ਰੂਹ ਦੀ ਖੁਰਾਕ ਹੋ ਗਿਆ-ਕਦੇ ਭੰਗੜਾ ਕਦੇ ਮਲਵਈ ਗਿੱਧਾ
NZ PIC 20 Nov-1
(‘ਅਣਖ ਪੰਜਾਬ ਦੀ’  ਭੰਗੜਾ ਟੀਮ ਦੇ ਕੁਝ ਮੈਂਬਰ ਟਾਊਨ ਗਰਿੱਲ ਵਿਖੇ ਥ੍ਰਿਲ ਕਰਦਿਆਂ)

ਔਕਲੈਂਡ 19 ਨਵੰਬਰ -ਕਹਿੰਦੇ ਨੇ ਜ਼ਿੰਦਗੀ ਦੇ ਵਿਚ ਭੋਜਨ ਦੀ ਪੂਰਤੀ ਲਈ ਕੰਮ-ਕਾਰ ਤਾਂ ਕਰਨਾ ਹੀ ਪੈਂਦਾ ਪਰ ਇਸਦੇ ਨਾਲ-ਨਾਲ ਜੇਕਰ ਤੁਸੀਂ ਆਪਣੇ ਸ਼ੌਕ ਪੂਰੇ ਕਰਕੇ ਰੂਹ ਦੀ ਖੁਰਾਕ ਵੀ ਬਰਾਬਰ ਮਾਤਰਾ ਵਿਚ ਕਰ ਦਿਓ ਤਾਂ ਜ਼ਿੰਦਗੀ ਦੇ ਵਿਚ ਕੁਝ ਪਲ ਇੰਝ ਆਉਣਗੇ ਜਦੋਂ ਤੁਹਾਨੂੰ ਲੱਗੇਗਾ ਕਿ ਇਹੀ ਪਲ ਤੁਹਾਡੇ ਚਿੰਤਾਮੁਕਤੀ ਵਾਲੇ ਸਨ। ਅੱਜ ਇਕ ਮਿਲਣੀ ਪਿਛਲੇ 11-12 ਸਾਲਾਂ ਤੋਂ ਭੰਗੜੇ ਦੀ ਬਦੌਲਤ ਆਪਣੀਆਂ ਰੂਹਾਂ ਨੂੰ ਰੁਹਾਨੀ ਖੁਰਾਕ ਦੇ ਰਹੇ ‘ਅਣਖ ਪੰਜਾਬ ਦੀ’ ਭੰਗੜਾ ਗਰੁੱਪ ਦੇ ਨੌਜਵਾਨ ਮੁੰਡਿਆ ਨਾਲ ਹੋਈ। ਸ. ਗੁਰਪ੍ਰੀਤ ਸਿੰਘ ਕੰਦੋਲਾ ਅਤੇ ਸ. ਅਜੀਤਪਾਲ ਸਿੰਘ ਸੈਣੀ (ਢੋਲਕ ਵਾਦਕ) ਦੀ ਇਹ ਭੰਗੜਾ ਫੁੱਲਵਾੜੀ ਅੱਜ ਸਦਾਬਹਾਰ ਬੂਟਿਆਂ ਵਿਚ ਬਦਲੀ ਹੋਈ ਹੈ। ਇਸ ਭੰਗੜਾ ਕਲੱਬ ਦੀ ਇਕ ਸੀਨੀਅਰ ਟੀਮ ਹੈ ਅਤੇ ਇਕ ਜੂਨੀਅਰ ਟੀਮ ਜਿਸ ਦੇ ਵਿਚ ਕ੍ਰਮਵਾਰ 16 ਸਾਲ ਤੋਂ 40 ਸਾਲ ਤੱਕ ਅਤੇ 5 ਸਾਲ ਤੋਂ 16 ਸਾਲ ਦੇ ਭੰਗੜਾ ਕਲਾਕਾਰ ਸ਼ਾਮਿਲ ਹਨ। ਇਹ ਟੀਮ 2009 ਦੇ ਵਿਚ ‘ਨਿਊਜ਼ੀਲੈਂਡ ਗੌਟ ਟੇਲੇਂਟ’ ਦੇ ਛੋਟੇ ਦਰਵਾਜ਼ੇ ਰਾਹੀਂ ਇੰਟਰ ਹੋ ਕੇ ਵੱਡੇ ਪਰਦੇ ਉਤੇ ਛਾਅ ਗਈ ਸੀ। ਟਾਪ 30 ਦੇ ਵਿਚ ਰਹਿਣਾ ਵੀ ਇਕ ਪ੍ਰਾਪਤੀ ਸੀ ਅਤੇ ਆਖਰੀ ਦਿਨ ਇਨ੍ਹਾਂ ਦੀ ਧਮਾਲ ਦੁਬਾਰਾ ਫਿਰ ਸਟੇਜ ਉਤੇ ਵੇਖੀ ਗਈ ਸੀ। ਇਸ ਤੋਂ ਬਾਅਦ ਭੰਗੜੇ ਦੇ ਮੁਕਾਬਲਿਆਂ ਵਿਚ ਸਥਾਨਕ ਗਾਇਕ ਦੀਪਾ ਡੂਮੇਲੀ ਦਾ ਸਾਥ ਇਨ੍ਹਾਂ ਨੂੰ ਮੁਕਾਬਲਾ ਜਿੱਤਾ ਕੇ ਹੀ ਸਟੇਜ ਤੋਂ ਉਤਾਰਦਾ ਰਿਹਾ। ਫਿਰ ਲਗਾਤਾਰ ਅਗਲੇ ਮੁਕਾਬਲਿਆਂ ਦੇ ਵਿਚ ਵੀ ਇਹ ਉਪਰਲੇ ਸਥਾਨਾਂ ਉਤੇ ਹੀ ਆਉਂਦੇ ਰਹੇ। ਕੌਂਸਿਲ ਦੇ ਵੱਖ-ਵੱਖ ਦੀਵਾਲੀ ਮੇਲੇ, ਯੂਨੀਵਰਸਿਟੀਆਂ ਦੇ ਮਲਟੀਕਲਚਰਲ ਪ੍ਰੋਗਰਾਮ ਅਤੇ ਖੁਸ਼ੀ ਸਮਾਗਮਾਂ ‘ਤੇ ਇਨ੍ਹਾਂ ਦੀ ਹਾਜ਼ਰੀ ਬਣੀ ਰਹਿੰਦੀ ਹੈ।

ਟੀਮ ਦੇ ਬਾਕੀ ਮੈਂਬਰਾਂ ਨੂੰ ਜਦੋਂ ਮੈਂ ਪੁਛਿਆ ਕਿ ਤੁਹਾਨੂੰ ਭੰਗੜਾ ਪਾ ਕੇ ਮਹਿਸੂਸ ਕੀ ਹੁੰਦਾ ਹੈ? ਤਾਂ ਸਾਰਿਆਂ ਦਾ ਜਵਾਬ ਜੇਕਰ ਇਕ ਗਾਣੇ ਦੀਆਂ ਲਾਈਨਾਂ ਵਿਚ ਫਿੱਟ ਕਰਨਾ ਹੋਵੇ ਤਾਂ ਉਤਰ ਇਹ ਹੀ ਹੋਏਗਾ ਕਿ ਭੰਗੜਾ ਤਾਂ ਸਾਡਾ ‘ਹੌਲੀ-ਹੌਲੀ ਹੁੰਦਾ-ਹੁੰਦਾ ਰੂਹ ਦੀ ਖੁਰਾਕ ਹੋ ਗਿਆ।” ਅੱਜ ਹਰਵਿੰਦਰ ਸਿੰਘ ਬਸਰਾ ਦੇ ਰੈਸਟੋਰੈਂਟ ਟਾਊਨ ਗਰਿੱਲ ਮੈਨੁਕਾਓ ਵਿਖੇ ਭੰਗੜਾ ਗਰੁੱਪ ਦੇ ਕੁਝ ਹੋਰ ਮੈਂਬਰ ਇਕੱਤਰ ਹੋਏ ਜਿਨ੍ਹਾਂ ਵਿਚ ਸਤਨਾਮ ਸਿੰਘ ਸੰਧੂ, ਵਿਜੇ ਸਿੰਘ ਅਲਗੋਜ਼ਾ ਵਾਦਕ, ਤਰਨਜੀਤ ਸਿੰਘ ਨੌਸ਼ਹਿਰਾ ਮੱਝਾ ਸਿੰਘ ਵਾਲਾ, ਸੁਖਮਨਦੀਪ ਸਿਘ  (ਬੋਲੀ ਬੁਲਾਰਾ), ਅਮਰਦੀਪ ਸਿੰਘ ਐਮੀ, ਰਾਜਦੀਪ ਹੰਜਰਾ, ਤਰਨਦੀਪ ਸਿੰਘ, ਜਸਰਾਜ ਬਸਰਾ, ਜਗਮੋਹਨ ਸਿੰਘ, ਪਰਦੀਪ ਸਿੰਘ ਡੋਲ, ਹਰਜੀਤ ਸਿੰਘ ਭੱਟ, ਵਿਕਾਸ ਸਿੰਘ ਅਤੇ ਜੂਨੀਅਰ ਟੀਮ ਵਿਚ ਅਮਨਪ੍ਰੀਤ ਸਿੰਘ ਸੈਣੀ, ਅਰਸ਼ਪ੍ਰੀਤ ਕੰਦੋਲਾ, ਇਕਜੋਤ ਸੰਧੂ, ਪਾਹੁਲਦੀਪ ਸਿੰਘ ਸੈਣੀ, ਦਿਲਸ਼ਨ ਸਿੰਘ ਕੰਦੋਲਾ ਤੇ ਹੋਰ ਕਈ ਬੱਚੇ ਸ਼ਾਮਿਲ ਹਨ। ਰੇਡੀਓ ਤਰਾਨਾ ਵੱਲੋਂ ਕਰਵਾਏ ਗਏ ਦੀਵਾਲੀ ਮੇਲੇ ਦੇ ਵਿਚ ਇਨ੍ਹਾਂ ਮੁੰਡਿਆ ਨੇ ਕੁੜਤੇ ਚਾਦਰੇ ਪਾ ਕੇ ਪਹਿਲੀ ਵਾਰ ਮਲਵਈ ਗਿੱਧਾ ਪੇਸ਼ ਕੀਤਾ ਜੋ ਕਿ ਸਾਰੇ ਮੇਲੇ ਦਾ ਸ਼ਿਖਰ ਸੀ।
ਭੰਗੜਾ ਵਰਦੀਆਂ ਅਤੇ ਤੁਰਲੇਦਾਰ ਪੱਗਾਂ ਦਾ ਭੰਡਾਰ ਇਸ ਗਰੁੱਪ ਦੇ ਕੋਲ ਭੰਗੜਾ ਵਰਦੀਆਂ ਦੇ ਕਈ ਸੈਟ ਹਨ। ਤੁਰਲੇਦਾਰ ਪੱਗਾਂ ਅਜੀਤਪਾਲ ਸਿੰਘ ਸੈਣੀ ਦੇ ਘਰ ਆਕੜ ਨਾਲ ਰਹਿੰਦੀਆਂ ਹਨ। 5 ਢੋਲ, ਕੈਂਚੀਆਂ, ਚਿਮਟੇ, ਕਾਟੋ, ਖੂੰਡੇ, ਡਾਂਗਾ, ਤੂੰਬੀ, ਅਲਗੋਜ਼ੇ ਅਤੇ  ਹੋਰ ਕਈ ਕੁਝ ਸਦਾ ਆਊਟਡੋਰ ਲਈ ਤਿਆਰ ਰਹਿੰਦਾ ਹੈ।

ਸ. ਅਜੀਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੌਕ ਕਿੱਥੇ ਕਿੰਨੇ ਪੈਸੇ ਖਰਚ ਹੁੰਦੇ ਹਨ, ਪਤਾ ਨਹੀਂ ਲੱਗਣ ਦਿੰਦਾ। ਮੁੰਡੇ ਵੀ ਸਹਿਯੋਗ ਕਰਦੇ ਹਨ ਪਰ ਬਹੁਤ ਭੰਡਾਰ ਉਨ੍ਹਾਂ ਦਾ ਆਪਣਾ ਹੀ ਹੈ ਅਤੇ ਬਰਨਾਲਾ ਸ਼ਹਿਰ ਤੋਂ ਕੋਰੀਅਰ ਆਉਂਦਾ ਹੈ। 12-25 ਹਜ਼ਾਰ ਦਾ ਸਮਾਨ ਉਨ੍ਹਾਂ ਦੇ ਕੋਲ ਇਸ ਵੇਲੇ ਹੈ। ਉਨ੍ਹਾਂ ਮੁੰਡਿਆ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਆਸ ਹੈ ਸਾਰੇ ਇਸੀ ਤਰ੍ਹਾਂ ਆਪਣੇ ਲੋਕ ਨਾਚ ਨਾਲ ਜੁੜੇ ਰਹਾਂਗੇ।

Welcome to Punjabi Akhbar

Install Punjabi Akhbar
×
Enable Notifications    OK No thanks