ਨਿਊ ਸਾਊਥ ਵੇਲਜ਼ ਵਿੱਚ ਸਰਦੀਆਂ ਦੀ ਸ਼ੁਰੂਆਤ ਅਤੇ ਡੇਅ ਲਾਈਟ ਸੇਵਿੰਗ ਖ਼ਤਮ -ਘੜੀਆਂ ਹੋਣਗੀਆਂ ਇੱਕ ਘੰਟਾ ਪਿੱਛੇ

ਨਿਊ ਸਾਊਥ ਵੇਲਜ਼ ਅੰਦਰ ਸਾਲ ਵਿੱਚ ਦੋ ਵਾਰੀ ਘੜੀਆਂ ਦੀਆਂ ਸੂਈਆਂ ਨਾਲ ਇੱਕ ਘੰਟੇ ਦੀ ਛੇੜਛਾੜ ਕੀਤੀ ਜਾਂਦੀ ਹੈ ਅਤੇ ਇਸ ਨੂੰ ਡੇਅ ਲਾਈਟ ਸੇਵਿੰਗ ਕਿਹਾ ਜਾਂਦਾ ਹੈ ਅਤੇ ਨਿਊ ਸਾਊਥ ਵੇਲਜ਼ ਦੇ ਸਟੈਂਡਰਡ ਟਾਈਮ ਐਕਟ 1987 ਦੇ ਤਹਿਤ ਇਸਨੂੰ ਯੋਗ ਮੰਨਿਆ ਜਾਂਦਾ ਹੈ। ਨਿਊ ਸਾਊਥ ਵੇਲਜ਼ ਦੇ ਨਾਲ ਨਾਲ ਇਹ ਵਿਕਟੋਰੀਆ, ਸਾਊਥ ਆਸਟ੍ਰੇਲੀਆ, ਤਸਮਾਨੀਆ ਅਤੇ ਏ.ਸੀ.ਟੀ. ਵਿੱਚ ਵੀ ਲਾਗੂ ਹੁੰਦਾ ਹੈ ਪਰੰਤੂ ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਨਾਰਦਰਨ ਟੈਰਿਟਰੀ ਵਿੱਚ ਇਸ ਦਾ ਅਸਰ ਨਹੀਂ ਪੈਂਦਾ ਅਤੇ ਘੜੀਆਂ ਆਮ ਦੀ ਤਰ੍ਹਾਂ ਹੀ ਚਲਦੀਆਂ ਰਹਿੰਦੀਆਂ ਹਨ। ਨਿਊ ਸਾਊਥ ਵੇਲਜ਼ ਦੇ ਖੇਤਰਾਂ ਬਰੋਕਨ ਹਿਲ ਅਤੇ ਲੋਰਡ ਹੋਵੇ ਆਈਲੈਂਡ ਉਪਰ ਵੀ ਇਸ ਵਰਤਾਰੇ ਦਾ ਅਸਰ ਨਹੀਂ ਪੈਂਦਾ।
ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਸਾਲ ਵਿੱਚ ਦੋ ਵਾਰੀ ਵਾਪਰਨ ਵਾਲਾ ਇਹ ਵਰਤਾਰਾ ਅਕਤੂਬਰ ਦੇ ਪਹਿਲੇ ਹਫ਼ਤੇ ਵਾਲੇ ਐਤਵਾਰ ਨੂੰ ਸ਼ੁਰੂ ਹੁੰਦਾ ਹੈ ਜਦੋਂ ਸਵੇਰ ਦੇ ਸਮੇਂ 3 ਵਜੇ ਸਮਾਂ ਇੱਕ ਘੰਟਾ ਅੱਗੇ ਕੀਤਾ ਜਾਂਦਾ ਹੈ ਅਤੇ ਫੇਰ ਮੁੜ ਤੋਂ ਅਪ੍ਰੈਲ ਦੇ ਮਹੀਨੇ ਦੇ ਪਹਿਲੇ ਐਤਵਾਰ ਇਸ ਨੂੰ ਖ਼ਤਮ ਕੀਤਾ ਜਾਂਦਾ ਹੈ ਜਦੋਂ ਸਵੇਰ ਦੇ ਸਮੇਂ ਹੀ 3 ਵਜੇ ਘੜੀਆਂ ਦਾ ਸਮਾਂ ਇੱਕ ਘੰਟਾ ਪਿੱਛੇ ਕਰ ਲਿਆ ਜਾਂਦਾ ਹੈ। ਇਸ ਵਾਰੀ ਇਹ ਅਪ੍ਰੈਲ ਦੇ ਪਹਿਲੇ ਹਫ਼ਤੇ, ਈਸਟਰ ਵਾਲੇ ਦਿਨ ਐਤਵਾਰ 4 ਤਾਰੀਖ ਤੋਂ ਕੀਤਾ ਜਾ ਰਿਹਾ ਹੈ। ਵੈਸੇ ਤਾਂ ਆਟੋਮੈਟਿਕ ਟਾਈਮ ਸੈਟਿੰਗ ਵਿੱਚ ਇਹ ਆਪ ਮੁਹਾਰੇ ਹੀ ਹੋ ਜਾਂਦਾ ਹੈ ਪਰੰਤੂ ਮੈਨੂਅਲ ਘੜੀਆਂ ਵਿੱਚ ਇਸ ਨੂੰ ਆਪ ਹੀ ਕਰਨਾ ਪੈਂਦਾ ਹੈ।
ਅਸਲ ਵਿੱਚ ਇਸ ਵਰਤਾਰੇ ਨੂੰ ਕਰਨ ਪਿੱਛੇ ਇੱਕ ਅਜਿਹਾ ਮਕਸਦ ਹੈ ਜੋ ਕਿ ਸਵੇਰੇ ਜਲਦੀ ਉਠਣ ਵਾਲਿਆਂ, ਸੇਵਰ ਦੀ ਸੈਰ ਕਰਨ ਵਾਲਿਆਂ, ਕੁੱਤਿਆਂ ਅਤੇ ਹੋਰ ਪਾਲਤੂ ਜਾਨਵਰਾਂ ਨੂੰ ਘੁਮਾਉਣ ਵਾਲਿਆਂ, ਕੰਮ ਕਰਨ ਵਾਲੇ ਵਰਕਰਾਂ ਲਈ ਇਸ ਲਈ ਲਾਹੇਵੰਦ ਹੁੰਦਾ ਹੈ ਕਿਉਂਕਿ ਸਰਦੀਆਂ ਵਿੱਚ ਦਿਨ ਛੋਟੇ ਹੋ ਜਾਂਦੇ ਹਨ ਅਤੇ ਸ਼ਾਮ ਨੂੰ ਜਲਦੀ ਦਿਨ ਛੁਪ ਜਾਂਦਾ ਹੈ ਪਰੰਤੂ ਲੋਕਾਂ ਨੂੰ ਕੰਮ ਕਰਨ ਦੇ ਪੂਰੇ ਘੰਟੇ ਮਿਲ ਜਾਂਦੇ ਹਨ।

Install Punjabi Akhbar App

Install
×