ਦੂਸਰਾ ਮਿਸਜ਼ ਪੰਜਾਬਣ-2016 ਦਾ ਖਿਤਾਬ ਅੰਮ੍ਰਿਤਸਰ ਦੀ ਅੰਮ੍ਰਿਤਧਾਰੀ ਹਰਪ੍ਰੀਤ ਕੌਰ ਨੇ ਜਿਤਿਆ

NZ PIC 10 July-3

ਬੀਤੀ ਰਾਤ ਵਿਰਾਸਤ ਫਾਊਂਡੇਸ਼ਨ ਨਿਊਜ਼ੀਲੈਂਡ ਵੱਲੋਂ ‘ਪੇਜਅਨਟ ਆਫ ਇੰਡੀਆ’ ਦੇ ਸਹਿਯੋਗ ਨਾਲ ਅਰਮਿਸਟਨ ਕਾਲਜ, ਮੈਨੁਕਾਓ ਵਿਖੇ ਦੂਸਰਾ ‘ਮਿਸਜ਼ ਪੰਜਾਬਣ ਨਿਊਜ਼ੀਲੈਂਡ-2016’ ਮੁਕਾਬਲਾ ਬੜੇ ਸੁਚੱਜੇ ਪ੍ਰਬੰਧਾਂ ਅਤੇ ਮਾਣਯੋਗ ਜੱਜਾਂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਅੰਤਿਮ ਮੁਕਾਬਲੇ ਦੇ ਵਿਚ ਭਾਗ ਲੈਣ ਲਈ 12 ਪੰਜਾਬਣ ਗ੍ਰਹਿਣੀਆਂ ਮੈਦਾਨ ਵਿਚ ਉਤਰੀਆਂ। ਸੂਰਤ ਅਤੇ ਸੁਰ-ਸੰਸਕਾਰਾਂ ਦੇ ਨਾਲ ਜੱਜ ਸਾਹਿਬਾਨਾਂ ਦੀ ਪਾਰਖੂ ਅੱਖ ਰਾਹੀਂ ਸਾਰੀਆਂ ਨੇ ਵੱਖੋ-ਵੱਖਰੇ ਅੰਕ ਪ੍ਰਾਪਤ ਕੀਤੇ। ਪੂਰੇ ਮੁਕਾਬਲੇ ਨੂੰ ਚਾਰ ਗੇੜਾਂ ਦੇ ਵਿਚ ਵੰਡਿਆ ਗਿਆ ਸੀ। ਪੁਰਾਤਨ ਤੇ ਆਧੁਨਿਕ ਪਹਿਰਾਵਾ, ਚੱਲਣ ਦੀ ਮਿਜ਼ਾਜੀ ਤੌਰ, ਭਾਵਨਾਵਾਂ ਨੂੰ ਇਸ਼ਾਰਿਆਂ ਅਤੇ ਹਾਵ-ਭਾਵ ਆਦਿ ਨਾਲ ਪੇਸ਼ ਕਰਨਾ ਆਦਿ ਸਭ ‘ਤੇ ਨਜ਼ਰ ਰੱਖੀ ਗਈ। ਗਹਿਣੇ, ਲੋਕ ਨਾਚ ਅਤੇ ਕਈ ਹੋਰ ਸਭਿਆਚਾਰਕ ਵਨੰਗੀਆਂ ਨੂੰ ਸਖਤ ਪ੍ਰੀਖਿਆ ਵਾਂਗ ਪਰਖਿਆ ਗਿਆ। ਜੱਜਾਂ ਦੇ ਪੈਨਲ ਨੇ ਆਖਰੀ ਨਤੀਜ਼ੇ ਐਲਾਨਦਿਆਂ ‘ਮਿਸਜ਼ ਪੰਜਾਬਣ-2016’ ਦਾ ਖਿਤਾਬ ਅੰਮ੍ਰਿਤਸਰ ਮੂਲ ਦੀ ਅੰਮ੍ਰਿਤਧਾਰੀ ਗ੍ਰਹਿਣੀ ਸ੍ਰੀਮਤੀ ਹਰਪ੍ਰੀਤ ਕੌਰ ਦੇ ਨਾਂਅ ਕੀਤਾ। ਉਸਦੇ ਮੱਥੇ ਉਤੇ ਸੋਨੇ ਦਾ ਟਿੱਕਾ ਸ੍ਰੀਮਤੀ ਜੀਤ ਕੌਰ ਸੰਘਾ ਵੱਲੋਂ ਸਜਾਇਆ ਗਿਆ। ਇਸ ਤੋਂ ਇਲਾਵਾ ਪਹਿਲੀ ਉਪਜੇਤੂ ਪਰੀ ਧੱਤਰਵਾਲ, ਦੂਜੀ ਉਪਜੇਤੂ ਨਵਰੂਪ ਰੰਧਾਵਾ ਅਤੇ ਤੀਜੀ ਉਪਜੇਤੂ ਨੀਤੂ ਗਰੇਵਾਲ ਰਹੀਆਂ।
ਬਾਕੀ ਦਿਤੇ ਖਿਤਾਬਾਂ ਵਿਚ ਸੁਘੜ ਸਿਆਣੀ ਨਾਰ-ਨਵਰੂਪ ਰੰਧਾਵਾ, ਮ੍ਰਿਗ ਨੈਣੀ-ਪਰੀ ਧੱਤਰਵਾਲ, ਹਾਸਾ ਨਿਰਾ ਪਤਾਸਾ-ਰਣਜੀਤਾ ਸੰਧੂ, ਸੁਨੱਖੀ ਸੀਰਤ-ਰੋਜ਼ ਭੱਠਲ, ਨੱਕ ਤਿੱਖਾ ਤਲਵਾਰ-ਨੀਤੂ ਗਰੇਵਾਲ, ਲੰਮ ਸਲੰਮੀ ਗੁੱਤ-ਹਰਪ੍ਰੀਤ ਕੌਰ, ਸੁਹੱਪਣ ਮੁਟਿਆਰ-ਰੀਤੂ ਕੌਰ, ਮਿਲਾਪੜੀ ਪੰਜਾਬਣ-ਬਾਵਾ ਕੌਰ, ਮਟਕਣੀ ਤੋਰ-ਰਾਜਬੀਰ ਰੰਧਾਵਾ, ਗਿੱਧਿਆ ਦੀ ਰਾਣੀ-ਨਵਦੀਪ ਕੌਰ, ਮੂੰਹੋ ਬੋਲਦੀ ਤਸਵੀਰ-ਨਵਜੋਤ ਕੌਰ ਅਤੇ ਮਾਣਮੱਤੀ ਪੰਜਾਬਣ-ਨੀਆਂ ਕੌਰ ਸੰਧੂ (ਟੌਂਗਨ ਮੂਲ) ਨੂੰ ਦਿੱਤਾ ਗਿਆ।
ਮੁਕਾਬਲੇ ਦੌਰਾਨ ਚੱਲੇ ਚਾਰ ਗੇੜਾਂ ਦੇ ਵਿਚ ਸੁੰਦਰ ਲਾੜੀ-ਪਰੀ ਧੱਤਰਵਾਲ, ਆਧੁਨਿਕ ਪੰਜਾਬੀ ਪਹਿਰਾਵਾ-ਨਵਰੂਪ ਰੰਧਾਵਾ, ਹੁਨਰਮੰਦ ਪੰਜਾਬਣ-ਹਰਪ੍ਰੀਤ ਕੌਰ ਅਤੇ ਸੋਹਣਾ ਪੁਰਾਤਨ ਪਹਿਰਾਵਾ-ਨੀਤੂ ਗਰੇਵਾਲ ਨੂੰ ਐਲਾਨਿਆ ਗਿਆ।
ਜੱਜਾਂ ਦੀ ਭੂਮਿਕਾ ਵਿਚ ਮੈਡਮ ਕੁਲਵੰਤ ਕੌਰ, ਮੈਡਮ ਗੁਰਪ੍ਰੀਤ ਕੌਰ, ਸ੍ਰੀਮਤੀ ਮਿੰਧੋ ਕੌਰ, ਸ.ਪਰਮਿੰਦਰ ਸਿੰਘ ਅਤੇ ਸ. ਅਰਵਿੰਦਰ ਸਿੰਘ ਭੱਟੀ (ਦੂਰਦਰਸ਼ਨ ਜਲੰਧਰ) ਸ਼ਾਮਿਲ ਸਨ। ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਡਾ. ਪਰਮਜੀਤ ਪਰਮਾਰ ਅਤੇ ਪੁਲਿਸ ਅਫਸਰ ਮੰਦੀਪ ਕੌਰ ਸਿੱਧੂ ਸ਼ਾਮਿਲ ਹੋਏ। ਗਲਿੱਟਰ ਜਿਊਲਰ ਵੱਲੋਂ ਲੱਕੀ ਡ੍ਰਾਅ ਦੇ ਵਿਚ ਇਕ ਡਾਇਮੰਡ ਰਿੰਗ ਵੀ ਕੱਢੀ ਗਈ ਜਿਸ ਦੀ ਵਿਜੇਤਾ ਜਸਦੀਪ ਕੌਰ ਬਸਰਾ ਰਹੀ।
ਰੰਜੀਤਾ ਸੰਧੂ ਦੀ ਐਕਟਿੰਗ ਨੂੰ ਸਰਾਹਿਆ ਗਿਆ: ਭਾਰਤ ਦੇ ਵਿਚ ਕੁੜੀਆਂ ਅਤੇ ਔਰਤਾਂ ਦੇ ਉਤੇ ਹੁੰਦੇ ਬਲਾਤਕਾਰ ਵਰਗੇ ਜ਼ੁਲਮਾਂ ਨੂੰ ਟੇਲੇਂਟ ਰਾਊਂਡ ਦੌਰਾਨ ਐਕਟਿੰਗ ਦੇ ਰਾਹੀਂ ਰੰਜੀਤਾ ਸੰਧੂ ਨੇ ਚਾਰ ਮਿੰਟ ਦੇ ਵਿਚ ਹੀ ਅਜਿਹਾ ਪੇਸ਼ ਕੀਤਾ ਕਿ ਜਿਸ ਨੂੰ ਵੇਖ ਕੇ ਸਾਰੇ ਦਰਸ਼ਕ ਦੰਗ ਰਹਿ ਗਏ ਅਤੇ ਵਾਹ-ਵਾਹ ਕੀਤੀ। ਪ੍ਰਬੰਧਕਾਂ ਵੱਲੋਂ ਇਸ ਕੁੜੀ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ ਤੇ ਸਰਾਹਿਆ ਜਾਂਦਾ ਹੈ। ਸ੍ਰੀਮਤੀ ਸੁਖਵਿੰਦਰ ਭੁੱਲਰ, ਸ੍ਰੀਮਤੀ ਹਰਜੀਤ ਕੌਰ ਅਤੇ ਸ੍ਰੀਮਤੀ ਭੁਪਿੰਦਰਜੀਤ ਕੌਰ ਹੋਰਾਂ ਸਾਰੇ ਸਪਾਂਸਰਜ਼, ਮੀਡੀਆ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਵਿਸ਼ੇਸ਼ ਤੌਰ ‘ਤੇ ਜੱਗੀ ਮਾਨ ਦਾ ਵੀ ਧੰਨਵਾਦ ਕੀਤਾ ਗਿਆ।

Install Punjabi Akhbar App

Install
×