ਅੰਮ੍ਰਿਤਾ ਪ੍ਰੀਤਮ ਨੂੰ ਉਹਨਾਂ ਦੇ ਜਨਮ ਦਿਨ ‘ਤੇ ਯਾਦ ਕਰਦਿਆਂ

ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਹੋਇਆ।  ਉਹ ਇਕ ਬਹੁ-ਵਿਧਾਈ ਸਾਹਿਤਕਾਰ ਸਨ। ਉਹ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ, ਵਾਰਤਕਕਾਰ ਭਾਵ ਇਕ ਕੁਲਵਕਤੀ ਸਾਹਿਤਕਾਰ ਸਨ। ਉਨ੍ਹਾਂ ਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਵਿੱਚ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ "ਸੁਨੇਹੜੇ" ਕਾਵਿ ਸੰਗ੍ਰਹਿ 'ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ। ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ। 1982 ਵਿੱਚ ਉਨ੍ਹਾਂ ਨੂੰ "ਕਾਗਜ਼ ਤੇ ਕੈਨਵਸ" ਕਾਵਿ-ਸੰਗ੍ਰਹਿ 'ਤੇ ਗਿਆਨਪੀਠ ਅਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ "ਅੱਜ ਆਖਾਂ ਵਾਰਿਸ ਸ਼ਾਹ ਨੂੰ" ਵਾਲੀ ਰਚਨਾ ਨਾਲ ਮੇਰੇ ਵਰਗੇ ਪੰਜਾਬੀਆਂ ਨੂੰ ਕੀਲ ਲਿਆ ਸੀ। ਆਉ! ਤੁਸੀਂ ਵੀ ਇਸ ਰਚਨਾ ਰਾਹੀਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਯਾਦ ਕਰੋ:

ਅੱਜ ਆਖਾਂ ਵਾਰਿਸ ਸ਼ਾਹ ਨੂੰ !

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫ਼ੋਲ !

ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆ ਤੈਨੁੰ ਵਰਿਸ ਸ਼ਾਹ ਨੂੰ ਕਹਿਣ :
ਵੇ ਦਰਦ-ਮੰਦਾ ਦਿਆ ਦਰਦੀਆ ! ਉੱਠ ਤੱਕ ਅਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ
ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿਤੀ ਜ਼ਹਿਰ ਰਲਾ
ਤੇ ਉਨ੍ਹਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ
ਇਸ ਜ਼ਰਖੇਜ ਜ਼ਮੀਨ ਦੇ ਲੂੰ ਲੂੰ ਫ਼ੁੱਟਿਆ ਜ਼ਹਿਰ
ਗਿਠ ਗਿਠ ਚੜੀਆਂ ਲਾਲੀਆਂ ਤੇ ਫ਼ੁਟ ਫ਼ੁਟ ਚੜਿਆ ਕਹਿਰ
ਵਿਹੁ ਵਿਲਸੀ ਵਾ ਫ਼ਿਰ ਵਣ ਵਣ ਲੱਗੀ ਜਾ
ਓਹਨੇ ਹਰ ਇੱਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ
ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗਵਾਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ
ਨਾਗਾਂ ਕੀਲੇ ਲੋਕ-ਮੂੰਹ ਬਸ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ
ਗਲਿਓਂ ਟੁਟੇ ਗੀਤ ਫ਼ਿਰ ਤ੍ਰੱਕਲਿਓਂ ਟੁਟੀ ਤੰਦ
ਤ੍ਰਿੰਜਣੋਂ ਟੁੱਟੀਆਂ ਸਹੇਲੀਆਂ ਚਰਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ
ਸਣੇ ਡਾਲੀਆਂ ਪੀਂਘ ਅੱਜ ਪਿਪਲਾਂ ਦਿੱਤੀ ਤੋੜ
ਜਿਥੇ ਵੱਜਦੀ ਸੀ ਫ਼ੂਕ ਪਿਆਰ ਦੀ ਵੇ ਓਹ ਵੰਝਲੀ ਗਈ ਗਵਾਚ
ਰਾਂਝੇ ਦੇ ਸਭ ਵੀਰ ਅੱਜ ਭੁਲ ਗਏ ਓਹਦੀ ਜਾਚ
ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ
ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ
ਅੱਜ ਕਿਥੋ ਲਿਆਈਏ ਲੱਭ ਕੇ ਵਾਰਸ ਸ਼ਾਹ ਇੱਕ ਹੋਰ
ਅੱਜ ਆਖਾਂ ਵਾਰਿਸ ਸ਼ਾਹ ਨੂੰ ਤੂੰਹੇਂ ਕਬਰਾਂ ਵਿੱਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫ਼ੋਲ !
ਮੈਂ ਉਨ੍ਹਾਂ ਦੀਆਂ ਕੁਝ ਕਿਤਾਬਾਂ ਵੀ ਪੜ੍ਹੀਆਂ ਹਨ। ਪਰ ਮੈਂ ਪੂਰੀ ਸੁਹਿਰਦਤਾ ਨਾਲ ਕਹਿ ਸਕਦਾ ਹਾਂ ਕਿ ਉਹਨਾਂ ਦੀਆਂ ਕਿਤਾਬਾਂ ਵਿੱਚ “ਅੱਜ ਆਖਾਂ ਵਾਰਿਸ ਸ਼ਾਹ ਨੂੰ” ਦੇ ਮਿਆਰ ਵਾਲੀਆਂ ਰਚਨਾਵਾਂ ਬਹੁਤ ਘੱਟ ਹਨ। ਉਹਨਾਂ ਨੂੰ ਯਾਦ ਕਰਦਿਆਂ ਮੈਂ ਤੁਹਾਨੂੰ ਉਨ੍ਹਾਂ ਦੀ ਲਿਖੀ ਇਕ ਹੋਰ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ:

ਅੰਨ ਦਾਤਾ!

ਅੰਨ ਦਾਤਾ!
ਮੈਂ ਚੰਮ ਦੀ ਗੁੱਡੀ
ਖੇਡ ਲੈ, ਖਿਡਾ ਲੈ
ਲਹੂ ਦਾ ਪਿਆਲਾ
ਪੀ ਲੈ ਪਿਲਾ ਲੈ ।

ਤੇਰੇ ਸਾਹਵੇਂ ਖੜੀ ਹਾਂ ਅਹਿ
ਵਰਤਣ ਦੀ ਸ਼ੈ
ਜਿਵੇਂ ਚਾਹੇ ਵਰਤ ਲੈ
ਉੱਗੀ ਹਾਂ
ਪਿਸੀ ਹਾਂ
ਗੁਝੀ ਹਾਂ
ਵਿਲੀ ਹਾਂ
ਤੇ ਅੱਜ ਤੱਤੇ ਤਵੇ ਤੇ
ਜਿਵੇਂ ਚਾਹੇ ਪਰੱਤ ਲੈ ।
ਮੈਂ ਬੁਰਕੀ ਤੋਂ ਵੱਧ ਕੁਛ ਨਹੀਂ
ਜਿਵੇਂ ਚਾਹੇ ਨਿਗਲ ਲੈ,
ਤੇ ਤੂੰ ਲਾਵੇ ਤੋਂ ਵੱਧ ਕੁਛ ਨਹੀ
ਜਿੰਨਾ ਚਾਹੇ ਪਿਘਲ ਲੈ ।

ਲਾਵੇ ‘ਚ ਲਪੇਟ ਲੈ
ਕਦਮਾਂ ਤੇ ਖੜੀ ਹਾਂ
ਬਾਹਵਾਂ ‘ਚ ਸਮੇਟ ਲੈ।
ਚੁੰਮ ਲੈ
ਚੱਟ ਲੈ,
ਤੇ ਫੇਰ ਰਹਿੰਦ ਖੂੰਹਦ
ਉਸਦਾ ਵੀ ਕੁਝ ਵੱਟ ਲੈ।

ਅੰਨ ਦਾਤਾ!
ਮੇਰੀ ਜ਼ਬਾਨ
ਤੇ ਇਨਕਾਰ?
ਇਹ ਕਿਵੇਂ ਹੋ ਸਕਦੈ ।
ਹਾਂ -ਪਿਆਰ…….?
ਇਹ ਤੇਰੇ ਮਤਲਬ ਦੀ ਸ਼ੈ ਨਹੀਂ ।

ਉਹਨਾਂ ਦੀ ਸਮੁੱਚੀ ਰਚਨਾ ਬਾਰੇ ਤਾਂ ਮੈਂ ਅੱਜ ਮੈਂ ਗੱਲ ਨਹੀਂ ਕਰਾਂਗਾ, ਪਰ ਇਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਮੈਨੂੰ ਉਹਨਾਂ ਦੀਆਂ ਰਚਨਾਵਾਂ ਵਿੱਚ ਫਿਰਕੂ ਫਸਾਦਾਂ, ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਬੁਲੰਦ ਕੀਤੀ ਆਵਾਜ਼ ਬੜੀ ਚੰਗੀ ਲੱਗਦੀ ਹੈ।  31 ਅਕਤੂਬਰ 2005 ਨੂੰ ਉਹ ਸਦਾ ਲਈ ਖ਼ਾਮੋਸ਼ ਹੋ ਗਏ ਸਨ, ਪਰ ਉਹਨਾਂ ਦੀ ਇਹ ਬੁਲੰਦ ਕੀਤੀ ਆਵਾਜ਼ ਆਉਣ ਵਾਲੀਆਂ ਪੀੜ੍ਹੀਆਂ ਦੇ ਕੰਨਾਂ ਵਿੱਚ ਜੁੱਗਾਂ ਜੁੱਗਾਂ ਤੱਕ ਗੂੰਜਦੀ ਰਹੇਗੀ।

ਪ੍ਰੋ ਸੁਖਵੰਤ ਸਿੰਘ ਗਿੱਲ ਬਟਾਲਾ
+91 94172-34744

Install Punjabi Akhbar App

Install
×