ਅੰਮ੍ਰਿਤ ਬੀਰ ਸਿੰਘ ਗੁਲਾਟੀ ਦਾ ਮਿੰਨੀ ਕਹਾਣੀ ਸੰਗ੍ਰਹਿ ‘ਮੋਨਾਲੀਜ਼ਾ’ ਦਾ ਲੋਕ ਅਰਪਣ

  • ਨਵੀ ਪੀੜ੍ਹੀ ਲਈ ਸਾਹਿਤਕ ਵਰਕਸ਼ਾਪਾਂ ਲਗਾਈਆਂ ਜਾਣਗੀਆਂ-ਡਾ. ਦਰਸ਼ਨ ਸਿੰਘ ‘ਆਸ਼ਟ’
  • ਡਾ. ਧਰਮਵੀਰ ਗਾਂਧੀ ਨੇ ਭਰੀ ਵਿਸ਼ੇਸ਼ ਹਾਜ਼ਰੀ

DSC_0046

ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਦੇ ਲੈਕਚਰ ਹਾਲ ਵਿਖੇ ਇਕ ਯਾਦਗਾਰੀ ਸਾਹਿਤਕ ਸਮਾਗਮ ਕੀਤਾ ਗਿਆ। ਇਸ ਯਾਦਗਾਰੀ ਸਾਹਿਤਕ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਡਾਇਰੈਕਟਰ, ਭਾਸ਼ਾ ਵਿਭਾਗ, ਗੁਰਸ਼ਰਨ ਕੌਰ, ਅੰਮ੍ਰਿਤ ਬੀਰ ਸਿੰਘ ਗੁਲਾਟੀ, ਡਾ. ਹਰਸ਼ਿੰਦਰ ਕੌਰ, ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. (ਲੜਕੀਆਂ) ਪਟਿਆਲਾ ਸ੍ਰੀਮਤੀ ਮਨਿੰਦਰ ਕੌਰ, ਡਾ. ਗੁਰਬਚਨ ਸਿੰਘ ਰਾਹੀ ਅਤੇ ਪ੍ਰੋ. ਕੁਲਵੰਤ ਸਿੰਘ ਗਰੇਵਾਲ ਆਦਿ ਸ਼ਖ਼ਸੀਅਤਾਂ ਸ਼ਾਮਿਲ ਸਨ।ਸਭਾ ਵੱਲੋਂ ਵੱਡੀ ਗਿਣਤੀ ਵਿਚ ਜੁੜੇ ਲੇਖਕਾਂ ਦੀ ਹਾਜ਼ਰੀ ਵਿਚ ਜਾਣੇ ਪਛਾਣੇ ਮਿੰਨੀ ਕਹਾਣੀ ਲੇਖਕ ਅੰਮ੍ਰਿਤ ਬੀਰ ਸਿੰਘ ਗੁਲਾਟੀ ਰਚਿਤ ਪਲੇਠੇ ਮਿੰਨੀ ਕਹਾਣੀ ਸੰਗ੍ਰਹਿ ‘ਮੋਨਾਲੀਜ਼ਾ’ ਦਾ ਲੋਕ ਅਰਪਣ ਕੀਤਾ ਗਿਆ।

ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਜੀ ਵੱਡੀ ਗਿਣਤੀ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਪੁੱਜੇ ਲੇਖਕਾਂ ਨੂੰ ਜੀ ਆਇਆਂ ਆਖਦੇ ਹੋਏ ਅਹਿਦ ਕੀਤਾ ਕਿ ਸਾਹਿਤ ਸਭਾ ਪੰਜਾਬੀ ਮਾਂ ਬੋਲੀ,ਸਾਹਿਤ ਅਤੇ ਭਾਸ਼ਾ ਦੇ ਵਿਕਾਸ ਲਈ ਦ੍ਰਿੜ੍ਹ ਹੈ ਅਤੇ ਆਪਣੀ ਵਿਰਾਸਤ ਨਾਲੋਂ ਟੁੱਟਦੀ ਜਾ ਰਹੀ ਨਵੀਂ ਪੀੜ੍ਹੀ ਨੂੰ ਸਭਾ ਨਾਲ ਜੋੜਨ ਲਈ ਭਵਿੱਖ ਵਿਚ ਵਰਕਸ਼ਾਪਾਂ ਦਾ ਆਯੋਜਨ ਵੀ ਕੀਤਾ ਜਾਵੇਗਾ। ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਕੋਈ ਵੀ ਭਾਸ਼ਾ ਆਪਣੀ ਮਾਂ ਬੋਲੀ ਨੂੰ ਸਿੱਖੇ ਬਿਨਾਂ ਤਰੱਕੀ ਨਹੀਂ ਕਰ ਸਕਦੀ ਕਿਉਂਕਿ ਪਹਿਲਾਂ ਮਾਂ ਬੋਲੀ ਸਿੱਖ ਕੇ ਹੀ ਦੂਜੀਆਂ ਜ਼ੁਬਾਨਾਂ ਨੂੰ ਆਸਾਨੀ ਨਾਲ ਸਿੱਖਿਆ ਜਾ ਸਕਦਾ ਹੈ। ਗੁਰਸ਼ਰਨ ਕੌਰ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਦੀਆਂ ਨਿਰੰਤਰ ਸਰਗਰਮੀਆਂ ਪੰਜਾਬੀ ਮਾਂ ਬੋਲੀ ਦੇ ਵਿਕਾਸ ਦੀਆਂ ਸੂਚਕ ਹਨ। ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਵਰਤਮਾਨ ਦੌਰ ਵਿਚ ਲੇਖਕਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ ਜਿਸ ਕਰਕੇ ‘ਮੋਨਾਲੀਜ਼ਾ’ ਵਰਗੀਆਂ ਪੁਸਤਕਾਂ ਲਿਖਣ ਦੀ ਲੋੜ ਪੈਂਦੀ ਹੈ।ਡਾ. ਗੁਰਬਚਨ ਸਿੰਘ ਰਾਹੀ ਨੇ ਪੁਸਤਕ ਦੇ ਵਿਸ਼ੇ ਵਸਤੂ ਅਤੇ ਕਲਾ ਨਾਲ ਭਰਪੂਰ ਚਾਨਣਾ ਪਾਇਆ। ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਨੇ ਪੰਜਾਬੀ ਸਾਹਿਤ ਸਭਾ ਪ੍ਰਤੀ ਆਪਣੀ ਪ੍ਰਤਿਬੱਧਤਾ ਜ਼ਾਹਿਰ ਕੀਤੀ ਜਦੋਂ ਕਿ ਮਨਿੰਦਰ ਕੌਰ ਨੇ ਕਿਹਾ ਕਿ ਉਹਨਾਂ ਲਈ ਸਭਾ ਦਾ ਇਹ ਸਮਾਗਮ ਕਾਫੀ ਮੁੱਲਵਾਨ ਅਤੇ ਪ੍ਰੇਰਣਾਤਮਕ ਹੋ ਨਿੱਬੜਿਆ ਹੈ। ਪੁਸਤਕ ਬਾਰੇ ਡਾ. ਹਰਚਰਨ ਸਿੰਘ ਦਾ ਲਿਖਿਆ ਪੇਪਰ ਰਿਸਰਚ ਸਕਾਲਰ ਅਮਨਦੀਪ ਕੌਰ ਨੇ ਪੜ੍ਹਿਆ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਸ਼ੈਦਾ, ਐਡਵੋਕੇਟ ਦਲੀਪ ਸਿੰਘ ਵਾਸਨ, ਹਰਪ੍ਰੀਤ ਸਿੰਘ ਰਾਣਾ ਆਦਿ ਲੇਖਕਾਂ ਦੀ ਸਰਬ ਸਾਂਝੀ ਰਾਏ ਸੀ ਕਿ ਗੁਲਾਟੀ ਦੀਆਂ ਮਿੰਨੀ ਕਹਾਣੀਆਂ ਸਮਾਜਕ ਅਨੁਭਵ ਦੀ ਦੇਣ ਹਨ। ਪੁਸਤਕ ਲੇਖਕ ਗੁਲਾਟੀ ਨੇ ਕਿਹਾ ਕਿ ਉਹਨਾਂ ਦੇ ਕੌੜੇ ਮਿੱਠੇ ਤਜਰਬਿਆਂ ਵਿਚੋਂ ਇਹ ਮਿੰਨੀ ਕਹਾਣੀਆਂ ਪੈਦਾ ਹੋਈਆਂ ਹਨ।

ਸਮਾਗਮ ਦੇ ਦੂਜੇ ਦੌਰ ਵਿਚ ਧਰਮ ਕੰਮੇਆਣਾ, ਕੁਲਵੰਤ ਸਿੰਘ, ਡਾ. ਹਰਜੀਤ ਸਿੰਘ ਸੱਧਰ, ਨਵਦੀਪ ਸਿੰਘ ਮੁੰਡੀ,ਬਲਦੇਵ ਸਿੰਘ ਬਿੰਦਰਾ, ਸਤਨਾਮ ਸਿੰਘ ਮੱਟੂ, ਸੁਰਿੰਦਰ ਕੌਰ ਬਾੜਾ,ਕੁਲਦੀਪ ਪਟਿਆਲਵੀ, ਦੀਦਾਰ ਖ਼ਾਨ ਧਬਲਾਨ, ਮੰਗਤ ਖ਼ਾਨ, ਅਮਰ ਗਰਗ ਕਲਮਦਾਨ, ਸਰਦੂਲ ਸਿੰਘ ਭੱਲਾ, ਮਨਪ੍ਰੀਤ ਸੁਖਵਿੰਦਰ, ਕੁਲਦੀਪ ਕੌਰ ਭੁੱਲਰ, ਤੇਜਿੰਦਰ ਫਰਵਾਹੀ, ਜੋਗਾ ਸਿੰਘ ਧਨੌਲਾ, ਮਾਸਟਰ ਰਾਜ ਸਿੰਘ ਬਧੌਛੀ,ਲਛਮਣ ਸਿੰਘ ਤਰੌੜਾ, ਰਘਬੀਰ ਮਹਿਮੀ, ਤੇਜਿੰਦਰ ਅਨਜਾਨਾ, ਸ਼ਰਵਣ ਕੁਮਾਰ ਵਰਮਾ,ਕ੍ਰਿਸ਼ਨ ਲਾਲ ਧੀਮਾਨ ਆਦਿ ਲੇਖਕਾਂ ਨੇ ਵੰਨ ਸੁਵੰਨੀਆਂ ਰਚਨਾਵਾਂ ਪੇਸ਼ ਕੀਤੀਆਂ।

ਸਮਾਗਮ ਵਿਚ ਡਾ. ਰਾਜਵੰਤ ਕੌਰ ਪੰਜਾਬੀ, ਡਾ. ਗੁਰਪਾਲ ਸਿੰਘ, ਡਾ. ਸੁਰਜੀਤ ਸਿੰਘ ਖੁਰਮਾ, ਕੁਲਵੰਤ ਸਿੰਘ ਨਾਰੀਕੇ, ਸਾਗਰ ਸੂਦ,ਨਰਦੇਵ ਸਿੰਘ ਨੰਡਿਆਲੀ, ਹਰਿਚਰਨ ਸਿੰਘ ਅਰੋੜਾ, ਹਰਜੀਤ ਕੈਂਥ, ਮਨਿੰਦਰ ਕੌਰ,ਨਰਿੰਦਰਜੀਤ ਸਿੰਘ ਸੋਮਾ, ਰਣਜੀਤ ਕੌਰ, ਰੌਣੀ ਪਰਮਵੀਰ, ਕ੍ਰਿਸ਼ਨ ਧੀਮਾਨ, ਡਾ. ਇੰਦਰਪਾਲ ਕੌਰ, ਆਰ.ਡੀ.ਜਿੰਦਲ,ਹਰਵੀਨ ਸਿੰਘ, ਕਰਨ ਪਰਵਾਜ਼, ਖ਼ੁਸ਼ਪ੍ਰੀਤ ਸਿੰਘ ਇੰਸਾਂ, ਯੂ.ਐਸ.ਆਤਿਸ਼, ਕਿਰਨਦੀਪ ਕੌਰ, ਚਰਨ ਬੰਬੀਹਾਭਾਈ, ਜਸਵੰਤ ਸਿੰਘ ਸਿੱਧੂ,ਹਰਦੀਪ ਕੌਰ ਜੱਸੋਵਾਲ,ਡਾ. ਹਰਬੰਸ ਸਿੰਘ ਧੀਮਾਨ, ਪ੍ਰਭਜੋਤ ਕੌਰ ਰੇਣੂਕਾ, ਰੋਮਿੰਦਰ ਸਿੰਘ ਚੌਹਾਨ, ਕਰਨ ਗੋਪਾਲ, ਵਿਨੋਦ ਕੌਸ਼ਲ, ਐਡਵੋਕੇਟ ਗਗਨਦੀਪ ਸਿੰਘ, ਸੰਜੇ ਦਰਦੀ, ਧਰਮਪਾਲ ਵਰਮਾ ਸਮੇਤ ਲਗਭਗ ਇਕ ਸੌ ਲੇਖਕ ਅਤੇ ਲੇਖਿਕਾਵਾਂ ਸ਼ਾਮਿਲ ਸਨ।ਇਸ ਦੌਰਾਨ ਵਿਦਵਾਨ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।

Welcome to Punjabi Akhbar

Install Punjabi Akhbar
×
Enable Notifications    OK No thanks