ਪਰਿਵਾਰਕ ਪੰਖ-ਅੰਬਰੀਂ ਉਡਾਰੀ – ਦੇਸ਼ ਤੋਂ ਪ੍ਰਦੇਸ਼ ਤੇ ਫਿਰ ਯੂਨੀਵਰਸ ‘ਚ ਪ੍ਰਵੇਸ਼

– ਪੰਜਾਬ ਦੀ ਧੀਅ ਅਮਰਿੰਦਰ ਕੌਰ ‘ਮਿਸਜ਼ ਯੂਨੀਵਰਸ-2018’ ‘ਚ ਕਰੇਗੀ ਨਿਊਜ਼ੀਲੈਂਡ ਦੀ ਨੁਮਾਇੰਦਗੀ

-ਈ ਵੋਟਿੰਗ ਵਾਸਤੇ ਫੇਸਬੱਕ ਉਤੇ ਜਾ ਕੇ ਲਾਈਕ ਕਰੋ ਤਾਂ ਕਿ ਖਿਤਾਬ ਦੇ ਨੇੜੇ ਜਾ ਸਕੇ

NZ PIC 5 Oct-1

ਆਕਲੈਂਡ 5 ਅਕਤੂਬਰ  – ਪੰਜਾਬ ਦੀਆਂ ਨੰਨੀਆਂ ਛਾਵਾਂ ਨੂੰ ਜੇਕਰ ਪਰਿਵਾਰਕ ਪੰਖ ਰਾਸ ਆ ਜਾਣ ਤਾਂ ਅੰਬਰੀਂ ਉਡਾਰੀ ਲੱਗਣੀ ਬੇਹੱਦ ਰੌਚਿਕ ਅਤੇ ਅਨੰਦਮਈ ਹੋ ਸਕਦੀ ਹੈ। ਧੀਆਂ ਨੂੰ ਦੇਸ਼ ਤੋਂ ਦੂਰ ਪ੍ਰਦੇਸੀਂ ਭੇਜ ਮਾਪੇ ਭਾਵੇਂ ਕਿੰਨਾ ਵੀ ਵਿਛੋੜੇ ਦਾ ਦਰਦ ਮਹਿਸੂਸ ਕਰਨ ਪਰ ਮੋਹ ਤੇ ਪਿਆਰ ਦੀਆਂ ਤੰਦਾ ਵਾਲੀ ਖਿਚ ਹਮੇਸ਼ਾ ਸਕੂਨ ਸਿੰਜਦੀ ਰਹਿੰਦੀ ਹੈ। ਜੇਕਰ ਕਿਸੀ ਦੀ ਧੀ ਨੂੰ ਉਸਦੇ ਸੱਸ-ਸਹੁਰੇ ਉਨ੍ਹਾਂ ਤੋਂ ਵੀ ਵੱਧ ਪਿਆਰ ਦੇ ਕੇ ਅੱਗੇ ਵਧਣ ਦਾ ਬੱਲ ਦੇ ਦੇਣ ਤਾਂ ਜ਼ਿੰਦਗੀ ਦੀ ਗਤੀ ਕਈਆਂ ਨੂੰ ਪਿੱਛੇ ਛੱਡਦੀ ਅੱਗੇ ਨਿਕਲ ਜਾਂਦੀ ਹੈ। ਇਕ ਅਜਿਹੀ ਹੀ ਪੰਜਾਬ ਤੋਂ ਨਿਊਜ਼ੀਲੈਂਡ ਆਈ ਧੀਅ ਹੈ ਸ੍ਰੀਮਤੀ ਅਮਰਿੰਦਰ ਕੌਰ। ਭਾਰਤੀ ਫੌਜ ਦੇ ਰਿਟਾਇਰਡ ਕਰਨਲ ਬਲਦੇਵ ਸਿੰਘ ਸਰਾ ਅਤੇ ਅਧਿਆਪਕਾ ਸ੍ਰੀਮਤੀ ਅਮਰਜੀਤ ਕੌਰ ਦੀ ਇਹ ਲਾਡਲੀ ਧੀਅ ਪਿੰਡ ਹਰਚੋਵਾਲ (ਗੁਰਦਾਸਪੁਰ)  ਦੇ ਨਾਲ ਪਰਿਵਾਰਕ ਪਿਛੋਕੜ ਰੱਖਦੀ ਹੈ। ਪਿਤਾ ਫੌਜ ਵਿਚ ਹੋਣ ਕਰਕੇ ਭਾਰਤ ਦੇ ਵੱਖ-ਵੱਖ ਥਾਵਾਂ ਉਤੇ ਇਹ ਪਰਿਵਾਰ ਰਿਹਾ ਅਤੇ ਅੱਜਕੱਲ੍ਹ ਜਲੰਧਰ ਸੈਟਲ ਹੈ।

NZ PIC 5 Oct-1D

ਇੰਡੀਆ ਤੋਂ ਬਾਇਓਟੈਕਨੋਲੋਜੀ ਦੇ ਵਿਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਇਸਨੇ ਆਸਟਰੇਲੀਆ ਤੋਂ ਐਮ.ਬੀ.ਏ ਅਤੇ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਟਿੰਗ ਦੀ ਪੜ੍ਹਾਈ ਕੀਤੀ ਹੋਈ ਹੈ। ਇਸ ਵੇਲੇ ਅਮਰਿੰਦਰ ਵਿਸ਼ਵ ਪੱਧਰੀ ਇਕ ਕੰਪਨੀ ਦੇ ਵਿਚ ਬਤੌਰ ਕੰਪਲਾਇਆਂਸ ਪਾਰਟਨਰ ਵਜੋਂ ਕੰਮ ਕਰ ਰਹੀ ਹੈ। ਸਰਜਨ ਡਾ. ਪ੍ਰੀਮਲਪ੍ਰੀਤ ਸਿੰਘ ਦੀ ਪਤਨੀ ਅਤੇ ਡਾ. ਮੋਹਿੰਦਰ ਪਾਲ ਸਿੰਘ ਦੀ ਇਹ ਨੂੰਹ ਆਪਣੀ ਸੱਸ ਸਵਿੰਦਰ ਕੌਰ ਦੇ ਕਹਿਣ ਉਤੇ ਸੁੰਦਰਤਾ ਮੁਕਾਬਲੇ ਵਿਚ ਭਾਗ ਲੈਣ ਲੱਗੀ। ਮਿਲੀ ਹੱਲਾਸ਼ੇਰੀ ਨੇ ਇਸਨੂੰ  ਮਿਸਜ਼ ਇੰਡੀਆ ਨਿਊਜ਼ੀਲੈਂਡ -2017 ਦੇ ਵਿਚ ਪ੍ਰਵੇਸ਼ ਕਰਵਾ ਦਿੱਤਾ ਅਤੇ ਇਸਨੇ ਸੁਹਜ਼ ਅਤੇ ਸੁੰਦਰਤਾ ਦੇ ਸਿਰ ‘ਤੇ ‘ਮਿਸਜ਼ ਇੰਡੀਆ ਨਿਊਜ਼ੀਲੈਂਡ ਗਲੋਬ’ ਦਾ ਖਿਤਾਬ ਜਿੱਤ ਲਿਆ। ਇਸ ਖਿਤਾਬ ਨੇ ਇਸ ਦੀ ਐਂਟਰੀ ‘ਇੰਟਰਨੈਸ਼ਨਲ ਮਿਸਜ਼ ਇੰਡੀਆ ਗਲੋਬ-2017’ ਨਵੀਂ ਦਿੱਲੀ ਵਿਖੇ ਕਰਵਾਈ ਅਤੇ ਇਸਨੇ ਉਹ ਖਿਤਾਬ ਵੀ ਆਪਣੇ ਨਾਂਅ ਕਰ ਲਿਆ। ਦੇਸ ਤੋਂ ਪ੍ਰਦੇਸ਼ ਅਤੇ ਫਿਰ ਪ੍ਰਦੇਸ਼ ਤੋਂ ਯੂਨੀਵਰਸ ਦੀ ਟਿਕਟ ਵਾਸਤੇ ਇਹ ਖਿਤਾਬ ਇਸਨੂੰ ਫਿਲੀਪੀਨਜ਼ ਵਿਖੇ 4 ਦਸੰਬਰ ਤੋਂ 11 ਦਸੰਬਰ ਤੱਕ ਹੋ ਰਹੇ ‘ਮਿਸਜ਼ ਯੂਨੀਵਰਸ-2018’ ਤੱਕ ਲੈ ਗਿਆ ਹੈ। ਜਿੱਥੇ ਇਹ ਪਹਿਲੀ ਵਾਰ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨ ਵਾਲੀ ਸ੍ਰੀਮਤੀ ਬਣ ਜਾਵੇਗੀ।

NZ PIC 5 Oct-1C

ਇਸਦੇ ਪਤੀ ਡਾ. ਪ੍ਰੀਮਲਪ੍ਰੀਤ ਸਿੰਘ ਸਾਰੇ ਸੁੰਦਰਤਾ ਮੁਕਾਬਲਿਆਂ ਦੇ ਵਿਚ ਪੂਰਾ ਹੌਂਸਲਾ ਅਫਜ਼ਾਈ ਕਰਦੇ ਹਨ ਅਤੇ ਅਮਰਿੰਦਰ ਕੌਰ ਸਮਾਜਿਕ ਕਾਰਜਾਂ ਦੇ ਲਈ ਡਾ. ਸਾਰਕਵ ਮੁਹੰਮਦ ਰੰਧਾਵਾ (ਹਮਿਲਟਨ) ਤੋਂ ਬਹੁਤ ਪ੍ਰੇਰਿਤ ਹੈ। ਉਹ ਉਸਦੀ ‘ਆਈ ਐਮ. ਹਰ’ ਸੰਸਥਾ ਦੇ ਨਾਲ ਵੀ ਕਈ ਕਾਰਜਾਂ ਵਿਚ ਸਹਿਯੋਗ ਕਰਦੀ ਹੈ। ਵਿਸ਼ਵ ਪੱਧਰੀ ਸੁੰਦਰਤਾ ਮੁਕਾਬਲਾ ਜਿੱਤ ਕੇ ਸ੍ਰੀਮਤੀ ਅਮਰਿੰਦਰ ਕੌਰ ਨਿਊਜ਼ੀਲੈਂਡ ਰਹਿੰਦੀਆਂ ਪੰਜਾਬੀ ਮਹਿਲਾਵਾਂ ਦੇ ਲਈ ਹੀ ਨਹੀਂ ਸਗੋਂ ਸਮੁੱਚੀਆਂ ਮਹਿਲਾਵਾਂ ਦੇ ਲਈ ਇਕ ਉਦਾਹਰਣ ਸੈਟ ਕਰਨੀ ਚਾਹੁੰਦੀ ਹੈ ਤਾਂ ਕਿ ਅਜਿਹੇ ਮੁਕਾਬਲਿਆਂ ਦੀ ਮਹੱਤਵਪੂਰਨਤਾ ਨੂੰ ਸਮਝਿਆ ਜਾਵੇ ਅਤੇ ਮੁਕਾਬਲੇ ਦੇ ਲਈ ਮਹਿਲਾਵਾਂ ਦੇ ਅੰਦਰੋਂ ਡਰ ਆਦਿ ਕੱਢਿਆ ਜਾ ਸਕੇ। ਅਮਰਿੰਦਰ ਕੌਰ ਦੀ ਪ੍ਰੋਫਾਈਲ ਮਿਸਜ਼ ਯੂਨੀਵਰਸ ਦੀ ਫੇਸ ਬੁੱਕ ਉਤੇ ਅੱਪਲੋਡ ਕਰ ਦਿੱਤੀ ਗਈ ਹੈ ਅਤੇ ਜਿੰਨੇ ਲੋਕ ਲਾਈਕ ਕਰਨਗੇ ਉਸਨੂੰ ਈਵੋਟਿੰਗ ਵਾਂਗ ਸਮਝਿਆ ਜਾਵੇਗਾ। ਸ਼ਾਵਾ! ਸ੍ਰੀਮਤੀ ਅਮਰਿੰਦਰ ਕੌਰ ‘ਮਿਸਜ਼ ਯੂਨੀਵਰਸ-2018’ ਦਾ ਖਿਤਾਬ ਜਿੱਤ ਕੇ ਮੁੜੇ ਅਤੇ ਨਿਊਜ਼ੀਲੈਂਡ ਰਹਿੰਦੇ ਭਾਰਤੀ ਭਾਈਚਾਰੇ ਦਾ ਨਾਂਅ ਰੌਸ਼ਨ ਕਰੇ। ਈਵੋਟਿੰਗ ਵਾਸਤੇ ਫੇਸਬੁੱਕ ਪੇਜ਼  www.facebook.com/MRS-niverse-੧੨੦੧੨੮੯੨੬੯੮੯੪੮੨੭/) ਉਤੇ ਜਾ ਕੇ ਨਿਊਜ਼ੀਲੈਂਡ ਦੀ ਪ੍ਰਤੀਯੋਗੀ ਤੱਕ ਪਹੁੰਚ ਕੇ ਲਾਈਕ ਦਾ ਬਟਨ ਜਰੂਰ ਦਬਾਓ ਕਿਉਂਕਿ ਜਿੰਨੇ ਲਾਈਕ ਹੋਣਗੇ ਓਨਾ ਹੀ ਇਹ ਖਿਤਾਬ ਦੇ ਨੇੜੇ ਹੋਵੇਗੀ।

Welcome to Punjabi Akhbar

Install Punjabi Akhbar
×
Enable Notifications    OK No thanks