ਵਿਕਟੌਰੀਆ ਰਾਜ ਵਿੱਚ ਐਂਬੂਲੈਂਸ ਕਰਮਚਾਰੀਆਂ ਦੀ ਗਿਣਤੀ ਘਟਣ ਕਾਰਨ ਚਿੰਤਾ

ਵਿਕਟੌਰੀਆ ਰਾਜ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਿੱਚ ਇਜ਼ਾਫ਼ਾ ਹੋ ਰਿਹਾ ਹੈ ਅਤੇ ਇਸ ਦੇ ਨਾਲ ਹੀ ਚਿੰਤਾ ਦਾ ਵਿਸ਼ਾ ਇਹ ਬਣਦਾ ਜਾ ਰਿਹਾ ਹੈ ਕਿ ਐਬੂਲੈਂਸ ਦੇ ਕਰਮਚਾਰੀਆਂ ਉਪਰ ਕੰਮ ਦਾ ਕਾਫੀ ਬੋਝ ਪਿਆ ਹੈ ਕਿਉਂਕਿ ਜ਼ਿਆਦਾਤਰ ਕਰਮਚਾਰੀ ਕਰੋਨਾ ਕਾਰਨ ਹੀ ਛੁੱਟੀ ਤੇ ਚੱਲ ਰਹੇ ਹਨ।
ਬੀਤੀ ਰਾਤ ਐਂਬੂਲੈਂਸ ਵਿਕਟੌਰੀਆ ਵੱਲੋਂ ਦਰਸਾਇਆ ਗਿਆ ਹੈ ਕਿ ਐਂਬੂਲੈਂਸ ਕਰਮਚਾਰੀਆਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ ਅਤੇ ਡਿਊਟੀ ਤੇ ਮੌਜੂਦ ਕਰਮਚਾਰੀਆਂ ਉਪਰ ਵਾਧੂ ਦਾ ਬੋਝ ਪਿਆ ਹੋਇਆ ਹੈ।
ਐਂਬੂਲੈਂਸ ਵਿਕਟੌਰੀਆ ਅਦਾਰੇ ਕੋਲ ਕੁੱਲ ਸਟਾਫ਼ ਵਿੱਚੋਂ ਇਸ ਸਮੇਂ 125 ਸਟਾਫ਼ ਮੈਂਬਰ ਕਰੋਨਾ ਕਾਰਨ ਛੁੱਟੀ ਤੇ ਚੱਲ ਰਹੇ ਹਨ ਜਦੋਂ ਕਿ ਅਕਤੂਬਰ ਦੇ ਮਹੀਨੇ ਵਿੱਚ ਸਿਰਫ 30 ਕਰਮਚਾਰੀ ਹੀ ਕਰੋਨਾ ਕਾਰਨ ਛੁੱਟੀ ਤੇ ਸਨ।
ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ 000 ਦਾ ਇਸਤੇਮਾਲ ਉਦੋਂ ਹੀ ਕੀਤਾ ਜਾਵੇ ਜਦੋਂ ਕਿ ਬਹੁਤ ਜ਼ਿਆਦਾ ਐਮਰਜੈਂਸੀ ਹੋਵੇ ਅਤੇ ਕਿਸੇ ਮਰੀਜ਼ ਦੀ ਜਾਨ ਬਚਾਉਣ ਤੱਕ ਦੀ ਸਹਾਇਤਾ ਦੀ ਜ਼ਰੂਰਤ ਹੋਵੇ।
ਇਸ ਦੇ ਨਾਲ ਹੀ ਰਾਇਲ ਚਿਲਡਰਨ ਹਸਪਤਾਲ ਵਿੱਚ ਵੀ 120 ਦੇ ਕਰੀਬ ਕਰਮਚਾਰੀਆਂ ਦੇ ਕਰੋਨਾ ਕਾਰਨ ਛੁੱਟੀ ਤੇ ਜਾਣ ਦੀਆਂ ਖ਼ਬਰਾਂ ਹਨ ਅਤੇ ਇੱਥੇ ਵੀ ਬਹੁਤ ਜ਼ਿਆਦਾ ਸਟਾਫ਼ ਦੀ ਕਮੀ ਪਾਈ ਜਾ ਰਹੀ ਹੈ। ਵੇਟਿੰਗ ਲਿਸਟ ਇੰਨੀ ਕੁ ਜ਼ਿਆਦਾ ਹੈ ਕਿ ਨਵੇਂ ਆਉਣ ਵਾਲੇ ਮਰੀਜ਼ਾਂ ਨੂੰ ਹੋਰ ਕਿਸੇ ਹਸਪਤਾਲ ਅੰਦਰ ਜਾਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ।