“ਅੰਬੇਸਡਰ ਆਫ ਹੋਪ” – ਸਾਧਨੋਂ ਵਿਹੀਣ ਲਾਚਾਰ ਬੇਟੀਆਂ ਅੰਬੇਸਡਰ ਨਹੀਂ ਤਾਂ ਉਮੀਦ ਦੀ ਕਿਰਨ ਤਾਂ ਹਨ ਹੀ

ਕੋਰੋਨਾ ਦੀ ਭਿਆਨਕ ਮਹਾਂਮਾਰੀ ਨੇ ਜਿੰਦਗੀ ਦੀ ਰਫਤਾਰ ਵਿੱਚ ਬਦਲ ਲਿਆਂਦਾ ਹੈ । ਲੋਕਾਈ ਦੇ ਭਲੇ ਲਈ ਅਰਦਾਸ ਅਤੇ ਹੌਸਲੇ ਦੀ ਗੱਲ ਕਰਦਿਆਂ ਪੂਰੀ ਦੁਨੀਆਂ ਦੀ ਮਾਨਸਿਕਤਾ ਵਿੱਚੋਂ ਅੰਗਰੇਜੀ ਦੇ ਸ਼ਬਦ ਹੋਪ (HOPE) ਭਾਵ ਉਮੀਦ ਨੂੰ ਮਨਫੀ ਕਰਕੇ ਇਸ ਕੁਦਰਤੀ ਜੰਗ ਨੂੰ ਜਿੱਤਿਆ ਨਹੀਂ ਜਾ ਸਕਦਾ । ਪੰਜਾਬ ਦਾ ਸਿੱਖਿਆ ਵਿਭਾਗ ਇਸ ਲਈ ਵਧਾਈ ਦਾ ਪਾਤਰ ਹੈ ਕਿ ਸਿੱਖਿਆ ਮੰਤਰੀ ਨੇ ਨਾਜੁਕ ਅਤੇ ਕੋਰੇ ਬਾਲ ਮਨਾਂ ਵਿੱਚ ਉਮੀਦ ਦੀ ਕਿਰਨ ਨੂੰ ਜਗਾਉਣ ਦਾ ਉਪਰਾਲਾ ਤਾਂ ਕੀਤਾ ਹੀ ਬਲਕਿ ਇਨਾਂ ਕੋਰੇ ਅਤੇ ਜਵਾਨ ਵਰਗ ਨੂੰ ਜਨਤਾ ਵਾਸਤੇ ਉਮੀਦ ਦਾ ਦੀਵਾ ਜਗਾਉਣ ਦੀ ਪੇਸ਼ਕਸ਼ ਕਰਦਿਆਂ “ ਅੰਬੇਸ਼ਡਰ ਆਫ ਹੋਪ ” ਬਨਣ ਦਾ ਸੱਦਾ ਦਿੱਤਾ ਹੈ ।

ਵਿਭਾਗ ਨੇ ਘਰਾਂ ਵਿੱਚ ਆਨ-ਲਾਈਨ ਪੜਾਈ ਕਰਦੇ ਬੱਚਿਆਂ ਨੂੰ “ ਅੰਬੇਸਡਰ ਆਫ ਹੋਪ” ਬਨਣ ਲਈ ਆਪਣੇ ਘਰਾਂ ਵਿੱਚੋਂ ਉਮੀਦ ਦੀ ਕਿਰਨ ਵਿਸ਼ੇ ਤੇ ਵੱਖ -ਵੱਖ ਪੇਸ਼ਕਾਰੀਆਂ ਕਰਕੇ ਭੇਜਣ ਦਾ ਮੁਕਾਬਲਾ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ । ਇਸ ਵਿੱਚ ਇੱਕ ਖਾਸ ਸਮੇਂ ਦੀ ਕੋਈ ਵੀ ਪੇਸ਼ਕਾਰੀ ਸਿੱਖਿਆਂ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੂੰ ਭੇਜੀ ਜਾਣੀ ਹੈ । ਇਸ ਮੁਕਾਬਲੇ ਵਿੱਚ ਬੱਚਿਆਂ ਵੱਲੋਂ ਪੂਰੀ ਤਿਆਰੀ ਨਾਲ ਕੁੱਦਣਾ ਸ਼ੁਰੂ ਹੋ ਗਿਆ ਹੈ । ਮੁਕਾਬਲੇ ਵਿੱਚ ਦਰਜ ਕਰਵਾਈਆਂ ਪੇਸ਼ਕਾਰੀਆਂ ਵਿੱਚ ਜਿਆਦਾਤਰ ਪੇਸ਼ਕਾਰੀਆਂ ਸਾਧਨ ਸੰਪੰਨ ਘਰਾਂ ਦੇ ਬੱਚਿਆਂ ਦੀਆਂ ਦੇਖਣ ਵਿੱਚ ਆ ਰਹੀਆਂ ਹਨ, ਜਿਹੜੀਆਂ ਮਖਮਲੀ ਗੱਦਿਆਂ ਤੇ ਜਾਂ ਘਰਾਂ ਵਿੱਚ ਬਣੇ ਖੁਲੇ ਪਾਰਕਾਂ ਵਿੱਚ ਕਿੱਤਾਕਾਰੀ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਹਨ । ਮਨ ਡਰਦਾ ਸੀ ਕਿ ਸਾਧਨੋਂ ਵਿਹੀਣ ਗਰੀਬੀ ਚ ਰੁਲਦੇ ਸਰਕਾਰੀ ਸਕੂਲਾਂ ਦੇ ਬੱਚੇ ਫਿਰ ਹਾਸ਼ੀਏ ਤੇ ਚਲੇ ਜਾਣਗੇ ਪਰ ਜਦੋਂ ਪੇਸ਼ਕਾਰੀਆਂ ਦੀ ਲੜੀ ਵਿੱਚ ਅਤਿ ਗਰੀਬ ਘਰਾਂ ਦੀਆਂ ਬੇਟੀਆਂ ਗਗਨਦੀਪ ਅਤੇ ਮਨਪ੍ਰੀਤ ਨੂੰ ਸੁਣਿਆ ਅਤੇ ਦੇਖਿਆ ਤਾਂ ਸਪੱਸ਼ਟ ਹੋ ਗਿਆ ਕਿ ਉਮੀਦ ਤੇ ਟੇਕ ਰੱਖਣਾ ਕਿਸੇ ਵਿਅਕਤੀ ਵਿਸ਼ੇਸ ਦਾ ਜਨਮ ਸਿੱਧ ਅਧਿਕਾਰ ਨਹੀਂ । ਮਨਪ੍ਰੀਤ ਕੌਰ ਮਾਨਸਾ ਜਿਲੇ ਦੇ ਪਿੰਡ ਰਿਓਂਦ ਕਲਾਂ ਦੇ ਦਿਹਾੜੀਦਾਰ ਦਲਿਤ ਸੁਖਦੇਵ ਸਿੰਘ ਅਤੇ ਗਗਨ ਫਰੀਦਕੋਟ ਜਿਲੇ ਦੇ ਪਿੰਡ ਢੁੱਡੀ ਦੇ ਗਰੀਬ ਦੁਕਾਨਦਾਰ ਗੁਰਵਿੰਦਰ ਸਿੰਘ ਦੀ ਬੇਟੀ ਹੈ । ਗਗਨ ਜਦੋਂ, “ ਵੇਲਾ ਕਦੇ ਨੀਂ ਖੜੌਂਦਾ ਇਹ ਬੀਤਦੇ ਹੀ ਜਾਣਾ ” ਅਤੇ ਮਨਪ੍ਰੀਤ “ ਹੌਸਲਾ ਜੇ ਰੱਖਾਂਗੇ ਤਾਂ ਜਿਤਾਂਗੇ ਜਰੂਰ ” ਗਾਉਂਦੀਆਂ ਹਨ ਤਾਂ ਲੱਗਦਾ ਹੈ ਕਿ ਉਮੀਦ ਤੋਂ ਬਿਨਾਂ ਵਾਕਈ ਜਿਉਣ ਲਈ ਕੁਛ ਹੁੰਦਾ ਹੀ ਨਹੀਂ । ਕੱਚੇ ਅਤੇ ਟੁੱਟੇ ਘਰਾਂ ਦੀਆਂ ਜਾਈਆਂ ਦੋਨੋਂ ਮਜਦੂਰਾਂ ਦੀਆਂ ਬੇਟੀਆਂ ਦੇ ਚਿਹਰਿਆਂ ਦੀ ਰੋਸ਼ਨੀ ਉਮੀਦ ਦੀ ਕਿਰਨ ਦੇ ਅਸਲੀ ਅਰਥ ਜਰੂਰ ਸਮਝ ਪੈ ਜਾਂਦੇ ਹਨ । ਕਿਸੇ ਸੰਗੀਤਕ ਸਾਜਾਂ ਤੋਂ ਸੱਖਣੀ ਮਨਪ੍ਰੀਤ ਅਤੇ ਡਫਲੀ ਦੀ ਤਾਲ ਤੇ ਗਾਉਂਦੀ ਗਗਨ ਦੋਨੋਂ ਉਮੀਦ ਦੀ ਰੋਸ਼ਨੀ ਰੁਸ਼ਨਾਂਉਦੀਆਂ ਇਹ ਕਹਿੰਦੀਆਂ ਲੱਗਦੀਆਂ ਹਨ ਕਿ ਸਾਧਨ ਵਿਹੂਣੇ ਉਹਨਾਂ ਦੇ ਤਬਕੇ ਦੀ ਪੂਰੀ ਜਿੰਦਗੀ ਉਮੀਦਾਂ ਸਹਾਰੇ ਹੀ ਤਾਂ ਖੜੀ ਹੁੰਦੀ ਹੈ, ਉਮੀਦਾਂ ਚਾਹੇ ਕੱਚੀਆਂ ਹੋਣ ਜਾਂ ਪੱਕੀਆਂ । ਮੁਕਾਬਲੇ ਦੇ ਨਤੀਜੇ ਚਾਹੇ ਜੋ ਵੀ ਹੋਣ ਇਸ ਹਥਿਆਰਾਂ ਦੇ ਜਮਾਨੇ ਦੀ ਜੰਗ ਵਿੱਚ ਬਿਨਾਂ ਹਥਿਆਰ ਕੁੱਦ ਕੇ ਇਨਾਂ ਬੇਟੀਆਂ ਨੇ ਉਮੀਦ ਦੀ ਪਹਿਲੀ ਜੰਗ ਤਾਂ ਜਿੱਤ ਹੀ ਲਈ ਹੈ ।

(ਡਾ. ਸੁਰਜੀਤ ਸਿੰਘ ਭਦੌੜ) +91 98884-88060

Install Punjabi Akhbar App

Install
×