ਆਸਟ੍ਰੇਲੀਆਈ ਹੋਟਲ ਕੁਆਰਨਟੀਨ ਸਿਸਟਮ ਵਿੱਚ ਸਰਕਾਰ ਨਾਕਾਮਿਯਾਬ, ਮਨੁੱਖੀ ਅਧਿਕਾਰਾਂ ਦਾ ਹੋ ਰਿਹਾ ਉਲੰਘਣ -ਆਸਟ੍ਰੇਲੀਆਈ ਮੈਡੀਕਲ ਐਸੋਸਿਏਸ਼ਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਮੈਡੀਕਲ ਐਸੋਸਿਏਸ਼ਨ ਦੇ ਪੱਛਮੀ ਆਸਟ੍ਰੇਲੀਆ ਰਾਜ ਦੇ ਪ੍ਰਧਾਨ ਡਾਕਟਰ ਐਂਡ੍ਰਿਊ ਮਿਲਰ ਦਾ ਕਹਿਣਾ ਹੈ ਕਿ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਦੋਹੇਂ ਦੇਸ਼ ਵਿਚਲੇ ਚੱਲ ਰਹੇ ਹੋਟਲ ਕੁਆਰਨਟੀਨ ਵਾਲੇ ਸਿਸਟਮ ਨੂੰ ਸਹੀਬੱਧ ਕਰਨ ਵਿੱਚ ਨਾਕਾਮ ਰਹੀਆਂ ਹਨ ਅਤੇ ਇਸ ਸਿਸਟਮ ਵਿਚਲੇ ਜਿਹੜੇ ਦੋਸ਼ ਅਤੇ ਗਲਤ ਚਲਨ ਪਹਿਲਾਂ ਤੋਂ ਹੀ ਸਾਹਮਣੇ ਆ ਚੁਕੇ ਹਨ, ਉਨ੍ਹਾਂ ਨੂੰ ਦੂਰ ਕਰਨ ਵਾਸਤੇ ਸਰਕਾਰਾਂ ਕੋਈ ਵੀ ਕਦਮ ਨਹੀਂ ਚੁੱਕ ਰਹੀਆਂ ਅਤੇ ਲੋਕ ਮਾਯੂਸੀਆਂ ਦਾ ਸਾਹਮਣਾ ਕਰ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਕਿਹਾ ਕਿ ਹੋਟਲ ਕੁਆਰਨਟੀਨ ਸਿਸਟਮ ਵਿੱਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਵੀ ਹੋ ਰਿਹਾ ਹੈ ਅਤੇ ਸਰਕਾਰਾਂ ਸਭ ਕੁੱਝ ਜਾਣ ਕੇ ਵੀ ਅਣਜਾਣ ਬਣਨ ਦੀ ਕੋਸ਼ਿਸ਼ ਕਰਦੀਆਂ ਸਾਫ ਦਿਖਾਈ ਦਿੰਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਕੰਮ ਵਾਸਤੇ ਹੋਟਲ ਬਿਲਕੁਲ ਵੀ ਉਪਯੁਕਤ ਸਥਾਨ ਨਹੀਂ ਹਨ ਸਗੋਂ ਸਰਕਾਰਾਂ ਨੂੰ ਇਸ ਵਾਸਤੇ ਵੱਖਰੇ ਤੌਰ ਤੇ ਅਲੱਗ ਅਲੱਗ ਇਮਾਰਤਾਂ ਦੇ ਅੰਦਰ ਕੈਂਪ ਸਥਾਪਿਤ ਕਰਨੇ ਚਾਹੀਦੇ ਹਨ ਅਤੇ ਇਸ ਵਾਸਤੇ ਸਰਕਾਰਾਂ ਨੂੰ ਪੂਰਨ ਨਿਵੇਸ਼ ਕਰਨਾ ਚਾਹੀਦਾ ਹੈ।
ਦਰਅਸਲ ਪੱਛਮੀ ਆਸਟ੍ਰੇਲੀਆ ਅਤੇ ਫੈਡਰਲ ਸਰਕਾਰ ਵਿਚਾਲੇ ਜ਼ੁਬਾਨੀ ਤਕਰਾਰ ਕਾਇਮ ਹੈ ਅਤੇ ਮੁੱਦਾ ਇਹ ਹੈ ਕਿ ਹੋਟਲ ਕੁਆਰਨਟੀਨ ਵਾਲੀ ਸਮੁੱਚੀ ਪ੍ਰਣਾਲੀ ਨੂੰ ਪੂਰਨ ਤੌਰ ਤੇ ਆਖਿਰ ਕੋਣ ਸੰਭਾਲੇ… ਅਤੇ ਇਸ ਵਿੱਚ ਹੋ ਰਹੀਆਂ ਨਾਕਾਮੀਆਂ ਲਈ ਅਸਲ ਵਿੱਚ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ….?
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਕਰੋਨਾ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਦੇਸ਼ ਤੋਂ ਬਾਹਰ ਜਾਣ ਦਿੱਤਾ ਅਤੇ ਇਸ ਵਿੱਚ ਭਾਰਤ ਵਰਗਾ ਦੇਸ਼ ਵੀ ਸ਼ਾਮਿਲ ਹੈ ਅਤੇ ਬਾਅਦ ਵਿੱਚ ਜਦੋਂ ਅਜਿਹੇ ਯਾਤਰੀ ਮੁੜੇ ਤਾਂ ਕੋਵਿਡ ਪਾਜ਼ਿਟਿਵ ਪਾਏ ਗਏ ਅਤੇ ਕਾਮਨਵੈਲਥ ਦਾ ਮੰਨਣਾ ਹੈ ਸਭ ਠੀਕ ਹੈ ਪਰੰਤੂ ਹਰ ਕੋਈ ਹੁਣ ਜਾਣ ਚੁਕਿਆ ਹੈ ਕਿ ਹਰ ਕੁੱਝ ਹੁਣ ਠੀਕ ਨਹੀਂ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਮਿਲਟਰੀ ਬੇਸਾਂ ਨੂੰ ਅਤੇ ਕ੍ਰਿਸਮਿਸ ਆਈਲੈਂਡਾਂ ਉਪਰ ਕੁਆਰਨਟੀਨ ਲਈ ਲੋਕਾਂ ਨੂੰ ਰੱਖਿਆ ਜਾਵੇ ਨਾ ਕਿ ਹੋਟਲਾਂ ਵਿੱਚ।
ਉਨ੍ਹਾਂ ਇਹ ਵੀ ਕਿਹਾ ਲੋਕਾਂ ਨੂੰ ਵੀ ਚਾਹੀਦਾ ਕਿ ਉਹ ਵਿਆਹ-ਸ਼ਾਦੀਆਂ ਅਤੇ ਜਾਂ ਫੇਰ ਅੰਤਿਮ ਸੰਸਕਾਰਾਂ ਵਾਸਤੇ ਬਾਹਰਲੇ ਦੇਸ਼ਾਂ ਵਿੱਚ ਨਾ ਜਾਣ ਅਤੇ ਜਦੋਂ ਤੱਕ ਹਰ ਕੋਈ ਆਪਸ ਵਿਚ ਮਿਲ ਕੇ, ਆਪਸੀ ਤਾਲਮੇਲ ਬਣਾ ਕੇ, ਇੱਕ ਦੂਜੇ ਦੀ ਸਹੀ ਗੱਲ ਬਾਤ ਨੂੰ ਮੰਨ ਕੇ ਨਵੇਂ ਕਦਮ ਨਹੀਂ ਚੁੱਕਦਾ, ਇਹ ਕਰੋਨਾ ਨਾਮ ਦੀ ਨਾਮੁਰਾਦ ਬਿਮਾਰੀ ਅਜਿਹੇ ਹਮਲੇ ਕਰਦੀ ਹੀ ਰਹੇਗੀ ਅਤੇ ਅਸੀਂ ਮੁੜ ਮੁੜ ਕੇ ਚੋਟਾਂ ਖਾਂਦੇ ਹੀ ਰਹਾਂਗੇ।

Install Punjabi Akhbar App

Install
×