ਅਮਰ ਸਿੰਘ ਨੂੰ ਮਿਲਿਆ ਸਾਲ 2023 ਦਾ ”ਆਸਟ੍ਰੇਲੀਆਈ ਆਫ਼ ਦਾ ਯਿਅਰ ਐਵਾਰਡ”

ਆਸਟ੍ਰੇਲੀਆਈ ਹੋਮ ਅਫ਼ੇਅਰਜ਼ ਵਿਭਾਗ ਵੱਲੋਂ ਘੋਸ਼ਣਾ ਕਰਦਿਆਂ ਕਿਹਾ ਗਿਆ ਹੈ ਕਿ ਨਿਊ ਸਾਊਥ ਵੇਲਜ਼ ਰਾਜ ਵਿੱਚ ਰਹਿੰਦੇ, ਸਿੱਖ ਪੰਜਾਬੀ ਸਰਦਾਰ ਅਮਰ ਸਿੰਘ ਜੋ ਕਿ ਟਰਬਨਜ਼ ਫ਼ਾਰ ਆਸਟ੍ਰੇਲੀਆ ਦਾ ਬਾਨੀ ਹੈ, ਨੂੰ ਸਾਲ 2023 ਦੇ ”ਆਸਟ੍ਰੇਲੀਆਈ ਆਫ਼ ਦਾ ਯਿਅਰ ਐਵਾਰਡ ਲੋਕਲ ਹੀਰੋ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਸ. ਅਮਰ ਸਿੰਘ ਇੱਕ ਬਹੁਤ ਹੀ ਸਮਾਜਸੇਵੀ ਬਿਰਤੀ ਵਾਲਾ ਸਿੱਖ ਹੈ ਅਤੇ ਅਮਰ ਸਿੰਘ ਵੱਲੋਂ ਸਥਾਪਿਤ ਕੀਤੀ ਗਈ ਸੰਸਥਾ ‘ਟਰਬਨਜ਼ ਫ਼ਾਰ ਆਸਟ੍ਰੇਲੀਆ’ ਹਰ ਹਫ਼ਤੇ ਤਕਰੀਬਨ 450 ਦੇ ਕਰੀਬ ਅਜਿਹੇ ਲੋਕਾਂ ਦੀ ਮਦਦ ਕਰਦੀ ਹੈ ਜਿਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਜਾਂ ਹੋਰ ਜ਼ਿੰਦਗੀ ਲਈ ਜ਼ਰੂਰੀ ਵਸਤੂਆਂ ਦੀ ਜ਼ਰੂਰਤ ਹੁੰਦੀ ਹੈ।
ਇਹ ਸੰਸਥਾ ਸਾਲ 2015 ਤੋਂ ਹੀ ਸਮਾਜ ਸੇਵਾ ਦੇ ਕੰਮਾਂ ਵਿੱਚ ਲੱਗੀ ਹੈ ਅਤੇ ਹੜ੍ਹਾਂ ਦੇ ਕਾਰਨ, ਸੌਕੇ ਦੇ ਕਾਰਨ, ਲਿਜ਼ਮੋਰ ਖੇਤਰ ਵਿੱਚ ਵੀ ਇਨ੍ਹਾਂ ਨੇ ਸੇਵਾਵਾਂ ਨਿਭਾਈਆਂ ਹਨ ਅਤੇ ਰਾਜ ਦੇ ਦੱਖਣੀ ਹਿੱਸੇ ਵਿੱਚ ਜਦੋਂ ਜੰਗਲ ਦੀ ਅੱਗ ਨੇ ਕਹਿਰ ਮਚਾਇਆ ਸੀ ਤਾਂ ਇਸ ਸੰਸਥਾ ਨੇ ਵੱਧ ਚੜ੍ਹ ਕੇ ਪੀੜਿਤਾਂ ਦੀ ਸਹਾਇਤਾ ਕੀਤੀ ਸੀ।
ਇਸ ਤੋਂ ਬਾਅਦ ਕੋਵਿਡ-19 ਬਿਮਾਰੀ ਸਮੇਂ ਲਗਾਏ ਗਏ ਲਾਕਡਾਊਨ ਦੌਰਾਨ ਵੀ ਇਸ ਸੰਸਥਾ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਅਤੇ ‘ਗੁਰੂ ਕਾ ਲੰਗਰ’ ਖੂਭ ਵਰਤਾਇਆ ਅਤੇ ਲੋਕਾਂ ਦੀ ਸਹਾਇਤਾ ਕੀਤੀ ਸੀ।