ਅਮਰ ਸ਼ਹੀਦ ! ਕਾਮ. ਚੰਨਣ ਸਿੰਘ ਧੂਤ ਤੇ ਕਾਮ. ਹੁਕਮ ਚੰਦ ਗੁਲਸ਼ਨ ਨੂੰ ਯਾਦ ਕਰਦਿਆਂ!!

36-ਵੀਂ ਬਰਸੀ ‘ਤੇ 26-ਫਰਵਰੀ ਨੂੰ ਵਿਸ਼ੇਸ਼

ਅੱਜ! ਅਸੀਂ ਅਮਰ ਸ਼ਹੀਦ ਕਾਮ. ਚੰਨਣ ਸਿੰਘ ਧੂਤ ਅਤੇ ਕਾਮ. ਹੁਕਮ ਚੰਦ ਗੁਲਸ਼ਨ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕਰ ਰਹੇ ਹਾਂ। ਸਾਡਾ ਨਾਇਕ ਲੋਕਾਂ ਦਾ ਜਾਇਆ ਕਿਸਾਨ ਆਗੂ, ਦੇਸ਼ ਭਗਤ ਅਤੇ ਇਕ ਸੱਚਾ-ਸੁੱਚਾ ਕਮਿਊਨਿਸਟ ਯੋਧਾ ਕਾਮ:ਚੰਨਣ ਸਿੰਘ ਧੂਤ 36 ਵਰ੍ਹੇਂ ਪਹਿਲਾ 15-ਫਰਵਰੀ, 1987 ਨੂੰ ਖਾਲਿਸਤਾਨੀ ਦਹਿਸ਼ਤ-ਗਰਦਾਂ ਹੱਥੋਂ ਸ਼ਹੀਦ ਹੋ ਕੇ ਫਿਰਕੂ-ਏਕਤਾ ਦੀ ਰਾਖੀ ਲਈ ਅਮਰ-ਸ਼ਹੀਦ ਹੋ ਗਿਆ ਸੀ! ਇਹ ਵੀ ਇਕ ਇਤਫ਼ਾਕ ਸੀ, ‘ਕਿ ਉਹ ਉਸ ਦੇਸ਼-ਭਗਤਾਂ ਦੇ ਪਿੰਡ ਦਾ ਜਾਇਆ ਸੀ ਜਿਸ ਨੇ ਪਿੰਡ ਧੂਤਕਲਾਂ ਵਿਖੇ 1912 ਨੂੰ ਮਾਤਾ ਮਾਨ ਕੌਰ ਅਤੇ ਪਿਤਾ ਬਸੰਤ ਸਿੰਘ ਦੇ ਘਰ ਜਨਮ ਲੈਕੇ ਪਿੰਡ ਧੂਤਕਲਾਂ ਦੀ ਮਿੱਟੀ ਨੂੰ ਹੋਰ ਸੁਰਖ ਕਰਕੇ ਇਕ ਨਾ ਮਿੱਟਣ ਵਾਲਾ ਇਤਿਹਾਸਕ ਪੰਨਾਂ ਜੋੜ੍ਹ ਦਿੱਤਾ ਸੀ। ਪਿੰਡ ਧੂਤਕਲਾਂ ਜੋ ਪਹਿਲਾਂ ਕਪੂਰਥਲਾ ਰਿਆਸਤ ‘ਚ ਪੈਂਦਾ ਸੀ ਤੇ 1947 ਤੋਂ ਬਾਦ ਹੁਸ਼ਿਆਰਪੁਰ ਜ਼ਿਲ੍ਹੇ ਦਾ ਹਿਸਾ ਬਣ ਗਿਆ। ਜਿਥੋਂ ਦੇ ਰਾਜਸੀ ਹਲਾਤਾਂ ਤੋਂ ਹੀ ਕਾਮ. ਚੰਨਣ ਸਿੰਘ ਧੂਤ ਨੂੰ ਇਨਕਲਾਬੀ ਰੰਗ ਚੜ੍ਹਿਆ ਸੀ। ਇਨਕਲਾਬੀਆਂ ਦੇ ਪ੍ਰਵਾਰ ਬਾਬਾ ਕਰਮ ਸਿੰਘ ਧੂਤ ਅਤੇ ਸਮੁੱਚੇ ਇਨਕਲਾਬੀ ਪਿੰਡ ਦੇ ਵਿਰਸੇ ਤੋਂ ਪ੍ਰਵਾਨ ਹੋਇਆ ਸਾਡਾ ਲੋਕ ਨਾਇਕ, ‘ਮਾ: ਹਰੀ ਸਿੰਘ ਧੂਤ, ਸੰਤੋਖ ਸਿੰਘ ਧੂਤ, ਨੈਣਾ ਸਿੰਘ ਧੂਤ ਅਤੇ ਇਕ ਲੰਬੀ 75-ਇਨਕਲਾਬੀਆਂ ਦੀ ਡਾਰ ਨਾਲ ਜੁੜ ਗਿਆ।
ਕਾਮ. ਚੰਨਣ ਸਿੰਘ ਧੂਤ ਜੀ ਦੀ ਸੋਚ, ਇਨਕਲਾਬੀ ਸਿਰੜ, ਮਾਰਕਸਵਾਦੀ ਪ੍ਰਪੱਕਤਾ ਲੋਕਾਂ ਪ੍ਰਤੀ ਸਨੇਹ ਅਤੇ ਸੱਚੀ-ਸੁੱਚੀ ਲੋਕ ਦੇਸ਼-ਭਗਤੀ ਜਿਥੇ ਵਿਰਸੇ ‘ਚੋ ਮਿਲੀ, ‘ਉਥੇ ਲੋਕਾਂ ਸੰਗ ਉਨ੍ਹਾਂ ਦੀਆਂ ਦੁਸ਼ਵਾਰੀਆਂ ਦੀ ਮੁਕਤੀ ਲਈ ਹਰ ਵੇਲੇ ਸੰਘਰਸ਼ਸ਼ੀਲ ਰਹਿਣ ਨੇ ਹੀ ਕਹਿਣੀ ਤੇ ਕਥਨੀ ਦਾ ਸੂਰਾ ਹੋਣ ਕਰਕੇ ਉਹ ਪਹਿਲਾ ਨਾ ਤਾਂ ਰਾਜਾਸ਼ਾਹੀ ਨੂੰ ਭਾਉਂਦਾ ਸੀ। ਨਾ ਫਿਰ ਦੇਸ਼ ਦੀ ਆਜ਼ਾਦੀ ਲਈ ਫਰੰਗੀਆਂ ਨੂੰ ਤੇ ਨਾ ਹੀ ਆਜ਼ਾਦੀ ਬਾਦ ਲੋਕਾਂ ਦੀ ਆਰਥਿਕ ਮੁਕਤੀ ਲਈ ਸੰਘਰਸ਼ਾਂ ਕਰਕੇ ਪੂੰਜੀਪਤੀ ਹਾਕਮਾਂ ਨੂੰ ! ਆਪਣੀ ਲੋਕ ਦੇਸ਼ ਭਗਤੀ ਦੀ ਰਾਖੀ ਲਈ ਜਦੋਂ ਉਹ ਸ਼ਹੀਦ ਹੋਣ ਤੋਂ ਕੁਝ ਘੰਟੇ ਪਹਿਲਾਂ ਦੇਸ਼ ਭਗਤ ਹਾਲ ਜਲੰਧਰ ਵਿਖੇ ਹੋਈ ਆਲ ਪਾਰਟੀ ਫਿਰਕੂ ਏਕਤਾ ਮੀਟਿੰਗ ‘ਚੋਂ ਹਾਜ਼ਰ ਹੋ ਕੇ ਆਪਣੇ ਸਾਥੀਆਂ ਸਾਥੀ ਸੰਤੋਖ ਸਿੰਘ ਧੂਤ ਅਤੇ ਰਾਜਿੰਦਰ ਕੌਰ ਚੌਹਕਾ ਨਾਲ ਵਾਪਸ ਪਿੰਡ ਧੂਤਕਲਾਂ ਦੀ ਜੂਹ ‘ਚ ਪਹੁੰਚਿਆ ਹੀ ਸੀ ਤਾਂ ਤਾਕ ਲਾਕੇ ਬੈਠੇ ਖਾਲਿਸਤਾਨੀ ਦਹਿਸ਼ਤ-ਗਰਦਾਂ ਦੀ ਕਰੂਰ ਸੋਚ ਵਾਲੀ ਸਮਝ ਦਾ ਸਾਥੀ ਚੰਨਣ ਸਿੰਘ ਧੂਤ ਉਨ੍ਹਾਂ ਦੀ ਗੋਲੀ ਨਾਲ ਸ਼ਹੀਦ ਹੋ ਗਏ। ਉਹ ਕੌਲ ਜੋ ਉਸ ਨੇ ਇਕ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਨ ਵੇਲੇ 1936 ਨੂੰ ਫਾਰਮ ਭਰਿਆ ਸੀ, ਉਸ ਨੂੰ ਪੂਰਾ ਕਰਕੇ ਆਪਣਾ ਪ੍ਰਣ ਨਿਭਾਅ ਕੇ ਅਮਰ ਸ਼ਹੀਦ ਹੋ ਗਏ !
ਇਹ ਵੀ ਇਕ ਸਚਾਈ ਹੈ ਕਿ ਧੂਤ ਹੋਣਾਂ ਨੇ ਜੋ ਸੁਪਨੇ ਆਜ਼ਾਦੀ ਲਈ ਸਮੋਏ ਸਨ, ਜਿੰਦਗੀ ਦੀ ਸਿਰਜਨਾ ਅੰਦਰ ਇਕ-ਇਕ ਪੁੱਟਿਆ ਲੋਕ ਪੱਖੀ ਕਦਮ ਅਤੇ ਕੀਤੀ ਕੁਰਬਾਨੀ ਦੇ ਸੰਘਰਸ਼ਾਂ ਅੰਦਰ ਉਸ ਨੂੰ ਕੋਈ ਵੀ ਅੰਦਰੂਨੀ ਅਤੇ ਬਾਹਰੀ ਭੌਤਿਕ, ਆਰਥਿਕ ਅਤੇ ਰਾਜਸੀ ਸ਼ਕਤੀ ਦਾ ਦਬਾਅ ਨਾ ਕਦੀ ਭਟਕਾਅ ਸੱਕਿਆ ਅਤੇ ਨਾ ਹੀ ਕਦੀ ਅੱਗੇ ਵੱਧਣ ਤੋਂ ਰੋਕ ਸੱਕਿਆ ? ਉਹ ਇਕ ਪ੍ਰਪੱਕ, ਸੰਵੇਦਨਸ਼ੀਲ ਅਤੇ ਲੋਕ ਪੱਖੀ ਮਾਰਕਸਵਾਦੀ ਯੋਧਾ ਸੀ ਜੋ ਆਪਣੇ ਅਕੀਦੇ ਤੇ ਕੌਲਾ ਪ੍ਰਤੀ ਅੰਤ ਤਕ ਪੂਰਾ ਉਤਰਿਆ। ਸਾਥੀ ਧੂਤ ਕਈ ਵਾਰ ਕਿਹਾ ਕਰਦੇ ਸਨ, ”ਕਿ ਮੇਰਾ ਤਨ, ਮਨ ਅਤੇ ਜੀਵਨ ਦੀ ਪੂੰਜੀ ਕਮਿਊਨਿਸਟ ਪਾਰਟੀ ਦੇ ਹਵਾਲੇ ਹੈ।” ਇਨ੍ਹਾਂ ਗੁਣਾਂ ਅਤੇ ਵਰਤਾਰਿਆਂ ਨੇ ਹੀ ਉਸ ਨੂੰ ਲੋਕ ਪੱਖੀ ਸੇਵਕ ਅਤੇ ਪ੍ਰਪੱਕ ਕਮਿਊਨਿਸਟ ਆਗੂ ਵਜੋਂ ਸਥਾਪਤ ਬਣਾ ਦਿਤਾ। ਉਹ ਇਤਿਹਾਸ ਅੰਦਰ ਸਾਡੇ ਲਈ ਅਮਿਟ ਪੈੜਾ ਛੱਡ ਗਿਆ ਹੈ।
ਇਹ ਵੀ ਇਕ ਘਟਨਾ ਹੀ ਹੈ ਕਿ ਜਦੋਂ ਧੂਤ ਹੋਂਣੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਵਜੋਂ ਪੜ੍ਹਾਈ ਕਰਨ ਗਏ ਤਾਂ ਉਨ੍ਹਾਂ ਦੇ ਪਿਤਾ ਵਿਦੇਸ਼ ਵਿੱਚ ਸਨ। ਜਦੋਂ ਉਹ ਆਜ਼ਾਦੀ ਬਾਦ ਆਰਥਿਕ ਆਜ਼ਾਦੀ ਲਈ ਹਾਕਮਾਂ ਨੇ ਪਾਰਟੀ ‘ਤੇ ਬੈਨ ਲਾ ਦਿੱਤਾ ਤਾਂ ਉਹ ਅੰਬਾਲਾ ਜੇਲ ‘ਚ ਕੈਦ ਸਨ। ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲਣ ਗਏ ਤਾਂ ਪਿਤਾ ਨੇ ਪੁੱਤਰ ਨੂੰ ਪੁੱਛਿਆ ਹੁਣ ਤਾਂ ਦੇਸ਼ ਆਜ਼ਾਦ ਹੋ ਗਿਆ ਹੈ ? ਤੁਸੀਂ ਜੇਲ੍ਹਾਂ ਵਿੱਚ ਹੋ ! ਤਾਂ ਧੂਤ ਦਾ ਉਤਰ ਸੀ ਅਜੇ ਆਜ਼ਾਦੀ ਮੁਕੰਮਲ ਨਹੀ ਹੋਈ ਹੈ। ਅਜਿਹਾ ਹੀ ਖਾਲਸਾ ਕਾਲਜ ਵਿੱਚ ਪੜ੍ਹਦਿਆਂ ਜਦੋਂ ਹਰ ਪਾਸੇ ਬਸਤੀਵਾਦੀ ਹਾਕਮਾਂ ਦਾ ਗੁਲਾਮੀ ਵਾਲਾ ਪ੍ਰਭਾਵ ਸੀ ਤਾਂ ਉਨ੍ਹਾਂ ਦੇ ਬਾਬਾ (ਚਾਚਾ) ਬਾਬਾ ਕਰਮ ਸਿੰਘ ਧੂਤ ਜੂਹ ਬੰਦ ਸਨ। ਇਸ ਗੁਲਾਮੀ ਵਿਰੁਧ ਧੂਤ ਨੇ ਇਕ ਚਿੱਠੀ ਵਾਇਸਰਾਏ ਨੂੰ ਲਿੱਖ ਕੇ ਆਜ਼ਾਦੀ ਦੀ ਮੰਗ ਕੀਤੀ ਕਿ ਆਜ਼ਾਦੀ ਸਾਡਾ ਜਨਮ ਸਿਧ ਅਧਿਕਾਰ ਹੈ। ਇਹ ਵਿਚਾਰ, ਧਾਰਨਾ ਅਤੇ ਰਾਜਸੀ ਬੌਧਿਕ ਵਿਚਾਰਾਂ ਦਾ ਧੂਤ ਅੰਦਰ ਪਨਪਨਾ ਇਹ ਸਾਬਤ ਕਰਦਾ ਹੈ ਕਿ ਉਨ੍ਹਾਂ ਦੀ ਰਾਜਸੀ ਬੌਧਿਕ ਸੋਚ ਦਾ ਪ੍ਰਪੱਕ ਹੋਣਾ ਕਾਲਜ ਦੌਰਾਨ ਹੀ ਪੈਦਾ ਹੋ ਗਿਆ ਸੀ। ਕਾਲਜ ਦੇ ਮਾਹੌਲ, ਮੁਕਤੀ ਅੰਦੋਲਨ ਦਾ ਪ੍ਰਭਾਵ ਅਤੇ ਪ੍ਰੋ: ਵਰਿਆਮ ਸਿੰਘ ਦੀ ਸੰਗਤ ਤੇ ਸਰਗਰਮੀਆਂ ਨੇ ਨੌਜਵਾਨ ਧੂਤ ਨੂੰ ਦੇਸ਼ ਦੀ ਆਜ਼ਾਦੀ ਅਤੇ ਮੁਕਤੀ ਅੰਦੋਲਨ ਵੱਲ ਪ੍ਰੇਰਿਆ। ਇਥੋਂ ਹੀ ਕਾਲਜ ਛੱਡ ਕਪੂਰਥਲਾ ਰਾਜਾਸ਼ਾਹੀ ਦੇ ਕੁਕਮਰਮਾਂ ਵਿਰੁਧ ਮਾ:ਹਰੀ ਸਿੰਘ ਧੂਤ ਦੀ ਅਗਵਾਈ ਵਿੱਚ ਚਲ ਰਹੇ ਕੇਂਦਰੀ ਜਿਮੀਦਾਰਾ ਲੀਗ, ‘ਜੋ ਰਿਆਸਤੀ ਲੋਕਾਂ ‘ਤੇ ਅਥਾਹ ਟੈਕਸ ਲਾਏ ਗਏ ਸਨ, ਵਿਰੁਧ ਚਲ ਰਹੇ ਅੰਦੋਲਨ ‘ਚ ਸ਼ਾਮਲ ਹੋ ਗਏ। ਇਹ ਸ਼ੁਰੂਆਤੀ ਰਾਹ ਹੀ ਸਾਥੀ ਜੀ ਦੇ ਜੀਵਨ ਦੇ ਮਾਰਕਸੀ ਰਾਹ ਦਾ ਰਾਹ ਦਸੇਰਾ ਬਣਿਆ ਤੇ ਉਸ ਨੇ ਕਦੀ ਵੀ ਪਿੱਛੇ ਨਹੀਂ ਦੇਖਿਆ !
ਨੌਜਵਾਨ ਚੰਨਣ ਸਿੰਘ ਧੂਤ ਨੇ ਸਾਰੇ ਸੁੱਖ-ਆਰਾਮ, ਪੜ੍ਹਾਈ, ਮੁਫ਼ਾਦੀ ਨਿਜੀ ਭਵਿੱਖੀ ਹਿਤ ਸਭ ਨੂੰ ਇਕ ਪਾਸੇ ਰੱਖ ਕੇ ਲੋਕ ਹਿਤਾਂ ਲਈ ਪਹਿਲਾ ਰਾਜਵਾੜਾ ਸ਼ਾਹੀ ਦੇ ਅੱਤਿਆਚਾਰਾਂ ਵਿਰੁਧ ਰਾਜਸੀ ਸਰਗਰਮੀਆਂ ‘ਚ ਸ਼ਮੂਲੀਅਤ ਸ਼ੁਰੂ ਕਰ ਦਿੱਤੀ। ਅਗਲੇ ਸਫਰ ਲਈ ਇਕ ਕਮਿਊਨਿਸਟ ਵੱਜੋ ਜੋ ਉਸ ਵੇਲੇ ਇਕ ਬਹੁਤ ਵੱਡਾ ਅਡੰਬਰ ਸੀ, ਦੇਸ਼ ਦੀ ਆਜ਼ਾਦੀ, ਲੋਕਾਂ ਦੀ ਆਰਥਿਕ ਮੁਕਤੀ ਅਤੇ ਸਮਾਜਕ ਪ੍ਰੀਵਰਤਨ ਲਈ ਬੜਾ ਬਿਖੜਾ ਟੇਡਾ-ਮੇਡਾ ਰਾਹ ਚੁਣਿਆ ! ਇਕ ਕਮਿਊਨਿਸਟ ਵਜੋਂ ਇਸ ਰਸਤੇ ਲਈ ਜੋ ਲੀਕ ਉਸ ਨੇ ਖਿੱਚੀ, ਇਕ ਸੰਗਰਾਮੀ ਬਣਦੇ ਹੋਏ ਆਪਣੀ ਧਾਰਨਾ ਨੂੰ ਪੱਕਾ ਕਰਦੇ ਹੋਏ ਫਿਰ ਪਿਛੇ ਨਹੀਂ ਦੇਖਿਆ। ਪਹਿਲਾ ਰਜਵਾੜਾ ਸ਼ਾਹੀ ਵਿਰੁਧ, ਬਸਤੀਵਾਦੀ ਗੋਰੀ ਸਰਕਾਰ ਵਿਰੁਧ ਮੁਕਤੀ ਲਈ ਅਤੇ ਆਜ਼ਾਦੀ ਬਾਦ ਆਰਥਿਕ, ਸਮਾਜਕ ਤੇ ਰਾਜਨੀਤਕ ਮੁਕਤੀ ਲਈ ਲੋਕਾਂ ਦੇ ਨਾਇਕ ਨੇ ਕੁਲ ਮਿਲਾ ਕੇ 8-ਸਾਲਾਂ ਤੋਂ ਵੱਧ ਕੈਦਾਂ ਕੱਟੀਅ। ਜੇਲ੍ਹਾਂ ਦਾ ਨਰਕੀ ਜੀਵਨ, ਹਾਕਮੀ ਤਸ਼ੱਦਦ, ਭੁੱਖ-ਹੜਤਾਲਾਂ, ਨਜ਼ਰ-ਬੰਦੀਆਂ ਇੱਕ ਪ੍ਰਪੱਕ ਮਾਰਕਸਵਾਦੀ ਕਮਿਊਨਿਸਟ ਨੂੰ ਨਾ ਝੁਕਾਅ ਸੱਕੀਆ ਅਤੇ ਨਾ ਰੋਕ ਸੰਕੀਆ ? ਉਹ ਅੱਗੇ ਵੱਧਦਾ ਰਿਹਾ ਅਤੇ ਲੋਕਾਂ ਦਾ ਇਕ ਨਾਇਕ ਹੋ ਕੇ ਉਭਰਿਆ। 1952 ਨੂੰ ਲੋਕਾਂ ਨੇ ਉਸ ਨੂੰ ਹਲਕਾ ਟਾਂਡਾ ਤੋਂ ਐਮ.ਐਲ.ਏ. ਚੁਣ ਕੇ ਆਪਣਾ ਨੁਮਾਇੰਦਾ ਬਣਾਇਆ ਸੀ।
ਕਾਮ. ਚੰਨਣ ਸਿੰਘ ਧੂਤ ਲੋਕਾਂ ਦਾ ਇਕ ਨਾਇਕ ਸੀ, ਉਹ ਇਕ ਪਿੰਡ ਤੋਂ ਲੈ ਕੇ ਕੌਮੀ-ਕੌਮਾਂਤਰੀ ਪੱਧਰ ਤਕ ਦੇ ਸਾਰੇ ਸਮਾਜਕ ਅਤੇ ਆਰਥਿਕ ਮੱਸਲਿਆਂ ਦੀ ਮਾਰਕਸਵਾਦੀ ਪਹੁੰਚ ਵਾਲੀ ਸਮਝ ਅਤੇ ਪਕੜ ਰੱਖਦੇ ਸਨ ! ਰਾਜਸੀ ਤੌਰ ‘ਤੇ ਉਹ ਕਮਿਊਨਿਸਟ ਪਾਰਟੀ ਅੰਦਰ ਪਹਿਲਾ ਸੀ.ਪੀ.ਆਈ. ਹੁਸ਼ਿਆਰਪੁਰ ਦੇ ਬਾਨੀਆਂ ਅਤੇ ਆਗੂਆਂ ਵਿਚੋਂ ਸਨ। ਬਾਅਦ ਵਿੱਚ 1964 ਤੋਂ ਲੈ ਕੇ ਉਹ ਸੀ.ਪੀ.ਆਈ (ਐਮ) ਦੇ ਕਈ ਵਾਰ ਜ਼ਿਲ੍ਹਾ ਸਕੱਤਰ ਵੀ ਰਹੇ। ਸ਼ਹੀਦ ਹੋਣ ਵੇਲੇ ਵੀ ਉਹ ਜ਼ਿਲ੍ਹਾ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ ਸਨ। ਪਾਰਟੀ ਨੂੰ ਜੱਥੇਬੰਦ ਕਰਨ, ਲੋਕ ਸੰਘਰਸ਼ਾਂ ਦੇ ਮੂੜੈਲੀਆਂ ਵਜੋਂ ਹਾਕਮੀ ਤਸ਼ੱਦਦ ਵਿਰੁਧ ਸਦਾ ਹੀ ਅੱਗੇ ਰਹੇ। ਰਜਵਾੜਾਸ਼ਾਹੀ ਦੀਆਂ ਵਧੀਕੀਆਂ ਵਿਰੁਧ, ਕਿਸਾਨੀ ਮੰਗਾਂ, ਲਾਹੌਰ ਕਿਸਾਨ ਮੋਰਚਾ, ਬੀਤ ਦੇ ਮੁਜ਼ਾਰਿਆਂ ਦੇ ਅੰਦੋਲਨ, ਖੁਸ਼ ਹੈਸੀਅਤੀ ਟੈਕਸ ਵਿਰੁਧ, ਬਸ ਕਿਰਾਇਆ ਅੰਦੋਲਨ ਦਸੂਹਾ, ਕੰਢੀ ਨਹਿਰ ਦੀ ਖੁਦਾਈ ਲਈ, ਫਿਰਕੂ ਏਕਤਾ ਦੀ ਕਾਇਮੀ ਲਈ, ਸਥਾਨਕ ਮੱਸਲੇ, ਪੁਲਿਸ ਵਧੀਕੀਆਂ ਵਿਰੁਧ ਜੂਝਦਾ ਤੇ ਲੋਕਾਂ ਨੂੰ ਲਾਮਬੰਦ ਕਰਦਾ ”ਧੂਤ” ਜੁਝਾਰੂਪਣ ਤੇ ਠਰੰਮੇ ਨਾਲ ਲੋਕਾਂ ਦੀ ਅਗਵਾਨੀ ਕਰਦਾ ਨਜ਼ਰ ਆਉਂਦਾ ਸੀ। ਉਸ ਦਾ ਇਹ ਕਿਰਦਾਰ, ਹੌਸਲਾ ਅਤੇ ਪਹਿਲ ਕਦਮੀ ਅਤੇ ਅੰਤ ਫਿਰਕੂ ਏਕਤਾ ਲਈ ਸ਼ਹਾਦਤ ਪ੍ਰਾਪਤ ਕਰਨੀ ਹੀ ਇਕ ਕਮਿਊਨਿਸਟ ਯੋਧੇ ਵਜੋਂ ਇਤਿਹਾਸ ਅੰਦਰ ਉਹ ਸਦਾ ਯਾਦ ਰਹੇਗਾ ?
ਅੱਜ ਅਸੀਂ ਸਾਥੀ ਧੂਤ ਜੀ ਦੇ ਬਹੁਤ ਨਜ਼ਦੀਕੀ ਅਤੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲੇ ਕਮਿਊਨਿਸਟ ਯੋਧੇ ਅਮਰ ਸ਼ਹੀਦ ਸਾਥੀ ਹੁਕਮ ਚੰਦ ਗੁਲਸ਼ਨ ਨੂੰ ਵੀ ਫਿਰਕੂ-ਏਕਤਾ ਦੀ ਰਾਖੀ ਲਈ ਦਿੰਤੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ। ਪੰਡਤ ਗੁਲਸ਼ਨ ਜੀ ਨੇ ਵੀ ਜਵਾਨੀ ਤੋਂ ਲੈ ਕੇ ਆਜ਼ਾਦੀ ਬਾਦ ਵੀ ਪਹਿਲਾ ਇਕ ਕਾਂਗਰਸੀ ਵਰਕਰ ਵਜੋਂ ਅਤੇ ਫਿਰ ਸੀ.ਪੀ.ਆਈ.ਅਤੇ 1964 ਬਾਦ ਸੀ.ਪੀ.ਆਈ.(ਐਮ) ਦੇ ਇਕ ਜੁਝਾਰੂ ਆਗੂ ਵਜੋਂ ਲੋਕਾਂ ਦੀਆਂ ਦੁਸ਼ਵਾਰੀਆਂ ਦੀ ਮੁਕਤੀ ਲਈ ਕੁਰਬਾਨੀਆਂ ਕੀਤੀਆਂ ਅਤੇ ਸਮਾਜਕ ਪ੍ਰੀਵਰਤਨ ਲਈ ਕਈ ਕਈ ਵਾਰ ਜੇਲ੍ਹਾਂ ਤੇ ਜੂਹ-ਬੰਦੀਆਂ ਕੱਟੀਆਂ। ਮਹਾਨ ਦੇਸ਼ ਭਗਤ ਕਾਮ. ਗੁਲਸ਼ਨ ਜੀ ਜਦੋਂ ਸਾਥੀ ਧੂਤ ਦੀ ਸ਼ਹਾਦਤ ਬਾਦ ਸ਼ਰਧਾਂਜਲੀ ਸਮਾਗਮ ਦੀ ਤਿਆਰੀ ਲਈ ਪਿੰਡ ਪਿੰਡ ਸੁਨੇਹਾ ਦੇ ਰਹੇ ਸਨ ਤਾਂ ਸਾਮਰਾਜੀ ਪਿਠੂਆਂ ‘ਤੇ ਲੋਕ ਵਿਰੋਧੀ ਖਾਲਿਸਤਾਨੀ ਦਹਿਸ਼ਤ ਗਰਦਾਂ ਨੇ 20-ਫਰਵਰੀ, 1987 ਨੂੰ ਗੋਲੀ ਮਾਰ ਕੇ ਖੇੜਾ ਸਾਹਿਬ ਗੁਰਦੁਆਰੇ ਵਾਲੇ ਰਾਹ ‘ਤੇ ਸ਼ਹੀਦ ਕਰ ਦਿੱਤਾ ਸੀ।
ਅੱਜ ਅਸੀ ਪਿੰਡ ਧੂਤਕਲਾਂ (ਹੁਸ਼ਿਆਰਪੁਰ) ਵਿਖੇ ਅਮਰ ਸ਼ਹੀਦ ਕਾਮ. ਚੰਨਣ ਸਿੰਘ ਧੂਤ ਜੀ ਅਤੇ ਅਮਰ ਸ਼ਹੀਦ ਕਾਮ. ਹੁਕਮ ਚੰਦ ਗੁਲਸ਼ਨ ਜੀ ਨੂੰ ਉਨ੍ਹਾਂ ਦੀ ਸ਼ਹਾਦਤ ‘ਤੇ ਸ਼ਰਧਾਂਜਲੀਆਂ ਭੇਂਟ ਕਰਕੇ ਉਨ੍ਹਾਂ ਦੀ ਯਾਦ ਨੂੰ ਤਾਜਾਾ ਕਰ ਰਹੇ ਹਾਂ। ਇਨ੍ਹਾਂ ਅਮਰ ਸ਼ਹੀਦਾਂ ਵਲੋਂ ਜੋ ਕੁਰਬਾਨੀਆਂ ਕੀਤੀਆਂ ਹਨ ਉਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਦੀ 36-ਵੀਂ ਬਰਸੀ ‘ਤੇ ਅੱਜ 26-ਫਰਵਰੀ, 2023 ਨੂੰ ਪਿੰਡ ਧੂਤਕਲਾਂ (ਹੁਸ਼ਿਆਰਪੁਰ) ਪੁੱਜ ਕੇ ਜਿੱਥੇ ਦੇਸ਼ ਅੰਦਰ ਸਮਾਜਕ-ਪ੍ਰੀਵਰਤਨ ਲਈ ਚੱਲ ਰਹੀਆਂ ਲੋਕ ਲਹਿਰਾਂ ‘ਚ ਸ਼ਾਮਲ ਹੋਈਏ। ਇਹ ਵੀ ਅਹਿਦ ਕਰੀਏ ਕਿ ਅੱਜ ਦੇਸ਼ ਦੀ ਰਾਜਸਤਾ ‘ਤੇ ਕਾਬਜਅੱਤ ਦੀ ਫਿਰਕਾਪ੍ਰਸਤ, ਕਾਰਪੋਰੇਟ ਪੱਖੀ ਪੂੰਜੀਵਾਦੀ ਬੀ.ਜੇ.ਪੀ.-ਆਰ.ਐਸ.ਐਸ. ਗਠਜੋੜ ਜੋ ਦੇਸ਼ ਨੂੰ, ਲੋਕਾਂ ਨੂੰ ਅਤੇ ਕਿਰਤੀ ਜਮਾਤ ਨੂੰ ਤਬਾਹ ਕਰਨ ਤੇ ਤੁਲਿਆ ਹੋਇਆ ਹੈ। ਉਸ ਦੀਆਂ ਫਿਰਕੂ ਤੇ ਲੋਕ ਵਿਰੋਧੀ ਨੀਤੀਆਂ ਵਿਰੁਧ ਸਾਰੇ ਜਮਹੂਰੀ, ਲੋਕ ਪੱਖੀ ਅਤੇ ਖੱਬੇ ਪੱਖੀ ਸ਼ਕਤੀਆਂ ਨੂੰ ਇਕੱਠੇ ਕਰਨ ਅਤੇ ਲੋਕ ਦੁਸ਼ਵਾਰੀਆਂ ਵਿਰੁਧ ਲੋਕ ਲਹਿਰਾਂ ਨੂੰ ਮਜ਼ਬੂਤ ‘ਤੇ ਤੇਜ਼ ਕਰਨ ਲਈ ਅਹਿਦ ਕਰੀਏ ਤੇ ਹਿਸਾ ਪਾਈਏ। ਇਹ ਸਾਡੀ ਅੱਜ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਵੇਗੀ।
ਅਮਰ ਸ਼ਹੀਦ ਕਾਮ. ਚੰਨਦ ਸਿੰਘ ਧੂਤ, ਕਾਮ. ਹੁਕਮ ਚੰਦ ਗੁਲਸ਼ਨ, ਅਮਰ ਰਹਿਣ !
ਅਮਰ ਸ਼ਹੀਦਾਂ ਨੂੰ ਲਾਲ-ਸਲਾਮ !!

(ਜਗਦੀਸ਼ ਸਿੰਘ ਚੋਹਕਾ) +91 91-9217997445
001-403-285-4208; jagdishchohka@gmail.com