ਜਿਨ੍ਹਾਂ ਨੂੰ ਮਾਣ ‘ਤੇ ਵਿਸ਼ਵਾਸ਼ ਹੈ ਸਿੱਖ ਹੋਣ ‘ਤੇ: ਨਿਊਜ਼ੀਲੈਂਡ ‘ਚ ‘ਲਿਨਫੀਲਡ ਕਾਲਜ’ ‘ਚ ਅਮਨਪ੍ਰੀਤ ਸਿੰਘ ਰੀਨ ‘ਹੈਡ ਬੁਆਏ’ ਚੁਣਿਆ ਗਿਆ

NZ PIC 4 Nov-1ਵਿਕਸਤ ਦੇਸ਼ਾਂ ਦੀ ਉਚ ਮਿਆਰ ਦੀ ਪੜ੍ਹਾਈ ਜਿੱਥੇ ਆਪਣੇ ਵੱਲ ਹਰ ਵਿਕਾਸਸ਼ੀਲ ਦੇਸ਼ ਦੇ ਨੌਜਵਾਨਾਂ ਨੂੰ ਉਚ ਪੜ੍ਹਾਈ ਲਈ ਆਕਰਸ਼ਿਤ ਕਰਦੀ ਹੈ ਉਥੇ ਇਨ੍ਹਾਂ ਦੇਸ਼ਾਂ ਦੀ ਚਕਾ-ਚੌਂਧ ਵਿਚ ਬਹੁਤ ਸਾਰੇ ਨੌਜਵਾਨ ਆਪਣੇ ਵਿਰਸੇ ਤੋਂ ਦੂਰੀ ਪੈਦਾ ਕਰ ਲੈਂਦੇ ਹਨ। ਨਿਊਜ਼ੀਲੈਂਡ ਜਨਮੇ ਜਾਂ ਇਥੇ ਅੰਤਰਰਾਸ਼ਟਰੀ ਤੌਰ ‘ਤੇ ਆ ਰਹੇ ਸਿੱਖ ਨੌਜਵਾਨਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨੌਜਵਾਨ ਕਈ ਤਰ੍ਹਾਂ ਦੇ ਬਹਾਨੇ ਲਾ ਕੇ ਆਪਣੇ ਕੇਸ ਕਤਲ ਕਰਵਾ ਲੈਂਦੇ ਹਨ ਪਰ ਇਸਦੇ ਉਲਟ ਅਜਿਹੇ ਦ੍ਰਿੜ ਵਿਸ਼ਵਾਸ਼ ਅਤੇ ਸਿੱਖੀ ‘ਤੇ ਮਾਣ ਕਰਨ ਵਾਲੇ ਨੌਜਵਾਨ ਵੀ ਹਨ ਜੋ ਸਿੱਖੀ ਸਰੂਪ ਦੇ ਵਿਚ ਰਹਿ ਕੇ ਪੂਰੇ ਸਿੱਖ ਪੰਥ ਦਾ ਮਾਣ ਵਧਾ ਰਹੇ ਹਨ। ਇਸਦੀ ਤਾਜ਼ਾ ਉਦਾਹਰਣ ਇਥੇ ਦੇ ਪੱਕੇ ਵਸਨੀਕ 17 ਸਾਲਾ ਸਿੱਖ ਨੌਜਵਾਨ ਅਮਨਪ੍ਰੀਤ ਸਿੰਘ ਰੀਨ ਨੇ ਪੇਸ਼ ਕੀਤੀ ਹੈ ਜਿਸ ਨੂੰ ਪੜ੍ਹ ਕੇ ਕੇਸ ਕਤਲ ਕਰਵਾਉਣ ਵਾਲੇ ਸਾਰੇ ਮੁੰਡਿਆਂ ਦੇ ਘੜੇ ਬਹਾਨੇ ਬਿਨਾਂ ਅਧਾਰ ਲੱਗਣਗੇ। ਇਹ ਨੌਜਵਾਨ ‘ਲਿਨਫੀਲਡ ਕਾਲਜ’ ਮਾਊਂਟ ਰੌਸਕਿਲ ਆਕਲੈਂਡ ਵਿਖੇ 12ਵੇਂ ਸਾਲ ਦੀ ਪੜ੍ਹਾਈ ਪੂਰੀ ਕਰ 13ਵੇਂ ਸਾਲ ‘ਚ ਦਾਖਲ ਹੋ ਰਿਹਾ ਹੈ। ਹਰ ਸਾਲ ਸਿਖਰਲੀ ਕਲਾਸ (13ਵੀਂ) ਦੇ ਲਈ ਇਕ ‘ਹੈਡ ਬੁਆਏ’ ਅਤੇ ਇਕ ‘ਹੈਡ ਗਰਲ’ ਚੁਣੀ ਜਾਂਦੀ ਹੈ। ਇਸ ਦੇ ਲਈ ਕਾਫੀ ਸਮਾਂ ਪਹਿਲਾਂ ਚੋਣ ਕਾਰਵਾਈ ਸ਼ੁਰੂ ਹੁੰਦੀ ਹੈ ਅਤੇ ਫਿਰ ਮੁੱਢਲੀ ਛਾਂਟੀ ਤੋਂ ਬਾਅਦ ਸਕੂਲ ਸਭਾ ਦੇ ਵਿਚ ਭਾਸ਼ਣ ਦੇਣਾ ਹੁੰਦਾ ਹੈ। ਵਿਦਿਆਰਥੀ ਅਤੇ ਅਧਿਆਪਕ ਫਿਰ ਆਨ ਲਾਈਨ ਵੋਟਿੰਗ ਕਰਦੇ ਹਨ ਅਤੇ ‘ਹੈਡ ਬੁਆਏ’ ਅਤੇ ‘ਹੈਡ ਗਰਲ’ ਦੀ ਚੋਣ ਹੁੰਦੀ ਹੈ। ਇਸ ਕਾਲਜ ਦੇ ਵਿਚ ਤਾਂ ਇਹ ਪਹਿਲੀ ਵਾਰ ਹੀ ਹੋ ਰਿਹਾ ਹੈ ਸ਼ਾਇਦ ਨਿਊਜ਼ੀਲੈਂਡ ਦੇ ਵਿਚ ਵੀ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਇਕ ਦਸਤਾਰਧਾਰੀ ਸਿੱਖ ਲੜਕੇ ਨੂੰ ਇਕ ਕਾਲਜ ਦੇ ਵਿਚ ਸਾਲ 2016 ਦੇ ਲਈ ‘ਹੈਡ ਬੁਆਏ’ ਚੁਣਿਆ ਗਿਆ ਹੈ। ਇਸ ਮੁਕਾਬਲੇ ਦੇ ਵਿਚ ਦਰਜਨ ਤੋਂ ਵੱਧ ਉਮੀਦਵਾਰ ਸਨ ਤੇ ਇਹ ਮੁੰਡੇ ਦੀ ਚੋਣ ਬੜੇ ਸੌਖੇ ਤਰੀਕੇ ਨਾਲ ਹੋਈ ਦੱਸੀ ਗਈ ਹੈ। ਇਸਦਾ ਰਸਮੀ ਐਲਾਨ ਵੀ ਕੱਲ੍ਹ ਕਰ ਦਿੱਤਾ ਗਿਆ ਹੈ ਅਤੇ ਇਕ ਵੱਡੇ ਸਮਾਗਮ ਦੇ ਵਿਚ ਇਸ ਨੌਜਵਾਨ ਨੂੰ ਪ੍ਰਿੰਸੀਪਲ ਵੱਲੋਂ ਜਿੱਥੇ ਇਸ ਜ਼ਿੰਮੇਵਾਰੀ ਲਈ ਉਤਸ਼ਾਹਿਤ ਕੀਤਾ ਗਿਆ ਉਥੇ ‘ਸਰਵਿਸ ਟੂ ਸਕੂਲ’ ਦੇ ਲਈ ਵੀ ਵਿਸ਼ੇਸ਼ ਟ੍ਰਾਫੀ ਦਿੱਤੀ ਗਈ। ਇਹ ਨੌਜਵਾਨ ਅਗਲੇ ਸਾਲ 2000 ਦੀ ਸਮਰੱਥਾ ਵਾਲੇ ਕਾਲਜ ਦੀ ਪੂਰਾ ਸਾਲ ਅਗਵਾਈ ਕਰੇਗਾ ਅਤੇ ਐਨ. ਜ਼ੈਕ. ਡੇਅ ਵਰਗੇ ਰਾਸ਼ਟਰੀ ਦਿਵਸਾਂ ਉਤੇ ਕਾਲਜ ਦੀ ਹਾਜ਼ਰੀ ਲਗਵਾਏਗਾ।
ਕਹਿੰਦੇ ਨੇ ਹੋਣਹਾਰ ਬੱਚੇ ਦਾ ਕਾਫੀ ਸਮਾਂ ਪਹਿਲਾਂ ਹੀ ਪਤਾ ਲੱਗਣ ਲਗਦਾ ਹੈ, ਇਸ ਨੌਜਵਾਨ ਤੋਂ ਵੀ ਅਜਿਹੀ ਆਸ ਪਹਿਲਾਂ ਹੀ ਕੀਤੀ ਜਾ ਰਹੀ ਸੀ। ਅਮਨਪ੍ਰੀਤ ਸਿੰਘ ਰੀਨ ਨੂੰ ਇਸ ਤੋਂ ਪਹਿਲਾਂ ਟੀਪੁੱਕੀ ਵਿਖੇ ਪੜ੍ਹਦਿਆਂ ਵੀ 7ਵੀਂ-8ਵੀਂ ਦੀ ਪੜ੍ਹਾਈ ਦੌਰਾਨ ਕੌਂਸਿਲ ਦਾ ਚੇਅਰਪਰਸਨ ਬਣਾਇਆ ਗਿਆ ਸੀ।
ਬੀਤੇ ਕਈ ਸਾਲਾਂ ਤੋਂ ਇਥੇ ਰਹਿੰਦੇ (ਮੂਲ ਰੂਪ ਵਿਚ ਜੰਮੂ ਮੌਜੂਦਾ ਘਰ ਦਿੱਲੀ) ਪਿਤਾ ਸ. ਜਸਵਿੰਦਰ ਸਿੰਘ ਰੀਨ ਤੇ ਮਾਤਾ ਅਵਿਨਾਸ਼ ਕੌਰ ਰੀਨ ਆਪਣੇ ਬੱਚੇ ਦੀ ਇਸ ਪ੍ਰਾਪਤੀ ਉਤੇ ਮਣਾਂਮੂੰਹੀ ਮਾਣ ਕਰਦੇ ਹਨ। ਦਾਦਾ ਸਵ. ਗਿਆਨੀ ਤੀਰਥ ਸਿੰਘ ਅਤੇ ਦਾਦੀ ਸ੍ਰੀਮਤੀ ਪ੍ਰੀਤਮ ਕੌਰ ਦਾ ਇਸ ਨੌਜਵਾਨ ਉਤੇ ਗਹਿਰਾ ਪ੍ਰਭਾਵ ਹੈ। ਆਪਣੇ ਤਾਇਆ ਡਾ. ਜਸਪਾਲ ਸਿੰਘ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਉਹ ਅਤਿ ਸਤਿਕਾਰ ਕਰਦਾ ਹੈ। ਇਹ ਨੌਜਵਾਨ ਮਾਊਂਟ ਈਡਨ ਰੌਸਕਿਲ ਅੰਡਰ-18 ਲਈ ਕ੍ਰਿਕਟ ਖੇਡਦਾ ਹੈ ਅਤੇ 2013-2014 ਲਈ ‘ਪਲੇਅਰ ਆਫ ਦਾ ਯੀਅਰ’ ਬਣਿਆ ਅਤੇ 2014 ਦੇ ਵਿਚ ਕੈਪਟਨ ਵੀ ਰਿਹਾ। ਇਕ ਸਿੱਖ ਹੋਣ ਦੇ ਬਾਵਜੂਦ ਇਸਨੇ ਸਕੂਲ ਦੇ ਮਾਓਰੀ ਮੁੰਡਿਆਂ ਨਾਲ ਵੀ ਪੂਰੀ ਨੇੜਤਾ ਰੱਖੀ ਹੋਈ ਹੈ, ਉਹ ਹਾਕਾ ਟੀਮ ਦੀ ਮੂਹਰਲੀ ਕਤਾਰ ਦੇ ਵਿਚ ਰਹਿ ਕੇ ਹਾਕਾ ਕਰਦਾ ਹੈ। ਬੱਚੇ ਦੇ ਪਰਿਵਾਰ ਨੂੰ ਵਧਾਈ ਦੇਣ ਲਈ ਉਸਦੇ ਪਿਤਾ ਸ. ਜਸਵਿੰਦਰ ਸਿੰਘ ਨੂੰ ਫੋਨ ਨੰਬਰ 021 237 2556 ਉਤੇ ਸੰਪਰਕ ਕੀਤਾ ਜਾ ਸਕਦਾ ਹੈ।