ਮੈਂ ਪੰਜਾਬ ਸਿਸਕਦਾਂ……

amandeephans article
ਮੈਨੂੰ ਵਿਲਕਦੇ ਨੂੰ ਛੱਡ ਗਏ.. ਪ੍ਰਵਾਸੀ ਬੱਚੜਿਓ, ਮੇਰਾ ਜੀਅ ਤਾਂ ਬਹੁਤ ਕਰਦੈ ਕਿ ਤੁਹਾਨੂੰ ਮਿਲਣ ਨੂੰ ਸੱਦਾਂ ਪਰ ਕਿਹੜਾ ਮੂੰਹ ਦਿਖਾਊਂ..?
ਇਥੇ ਵੱਸਦੇ ਸਾਰੇ ਪੰਜਾਬੀ ਬੱਸ ‘ਠੀਕ ਠਾਕ’ ਨੇ, ਪਰ ਮੈਂ ਤੁਹਾਡਾ ਆਪਣਾ ਪੰਜਾਬ ਇਥੇ ਸਿਸਕ ਰਿਹਾਂ..
ਕੱਲ ਮੇਰੇ ਦੋ ਕਪੁੱਤਾਂ ਨੇ ਮਲੇਰਕੋਟਲਾ ਦੀ ਮਿੱਟੀ ਸਿਆਸੀ ਰੰਜ਼ਿਸ਼ ਕਰਕੇ ਰੱਤ ਨਾਲ ਰੱਤ ਦਿੱਤੀ , ਮੇਰੇ ਪੁੱਤ ਹਰਕੀਰਤ ਸਿੰਘ ਚੂੰਘਾਂ ਦਾ ਕਸੂਰ ਸਿਰਫ ਇਹ ਸੀ ਕਿ 2013 ਚ ਪੰਚਾਇਤੀ ਚੋਣਾਂ ਵੇਲੇ ਪਿੰਡ ਵਿੱਚ ਦੂਜੀ ਧਿਰ ਨਾਲ ਉਸ ਦੇ ਵਿਚਾਰਾਂ ਦੀ ਵਿਰੋਧਥਾ ਸੀ, ਉਦੋਂ ਦੋਵਾਂ ਕਪੁੱਤਾਂ ਨੇ ਮੇਰੇ ਹੈਡਮਾਸਟਰ ਪੁੱਤ ਹਰਕੀਰਤ ਸਿੰਘ ਨੂੰ ਕੁੱਟਿਆ, ਕਾਰ ਨਾਲ ਦਰੜ ਕੇ ਉਹਦੀਆਂ ਲੱਤਾਂ ਤੋੜ ਦਿੱਤੀਆਂ ਸੀ, ਦੋ ਸਾਲ ਪਹਿਲਾਂ ਉਹਨਾਂ ਨੂੰ ਚਾਰ ਸਾਲਾਂ ਦੀ ਕੈਦ ਵੀ ਹੋਈ, ਸੁਧਾਰ ਘਰ ਵਿੱਚ ਜਾ ਕੇ ਵੀ ਨਾ ਸੁਧਰੇ, ਜ਼ਮਾਨਤ ਤੇ ਆ ਕੇ ਮੁੜ ਕਾਰਾ ਕਰ ਦਿੱਤਾ ਤੇ ਹਰਕੀਰਤ ਦੀ ਜਾਨ ਹੀ ਲੈ ਲਈ।
..
ਮੇਰੇ ਗੁਰੂਆਂ ਦੀ ਚਰਨ ਛੋਹ ਨਗਰੀ ਚ ਵੀ ਕੱਲ ਰੱਤ ਡੁੱਲਿਆ, ਸਿਆਸੀ ਰੰਜ਼ਿਸ਼ ਸੀ ਜਾਂ ਪੈਸੇ ਵਜਾ ਬਣੇ, ਪਰ ਇਕ ਪੁੱਤ ਦੀ ਜਾਨ ਚਲੀ ਗਈ, 10 ਗੋਲੀਆਂ ਚਲਾਈਆਂ, ਉਹਦੇ ਵੱਜੀਆਂ 6, ਥਾਏਂ ਦਮ ਤੋੜ ਗਿਆ, ਘਰ ਉਹਦੇ ਪਰਿਵਾਰ ਦੇ ਜੀਅ ਉਹਨੂੰ ਉਡੀਕਦੇ ਰਹਿ ਗਏ..
ਮੈਂ ਸਿਸਕਦਾ ਪੰਜਾਬ ਦੱਸਦਾਂ ਕਿ ਮਰਨ ਵਾਲਾ ਵਿਪਨ ਸ਼ਰਮਾ ਵਿਚਾਰਾਂ ਦੀ ਵਿਰੋਧਤਾ ਵਾਲਿਆਂ ਦੇ ਨਿਸ਼ਾਨੇ ਤੇ ਦੱਸਿਆ ਜਾ ਰਿਹਾ ਸੀ, ਹਿੰਦੂ ਸੁਰੱਖਿਆ ਸੈਨਾ ਨਾਲ ਸੰਬੰਧਤ ਸੀ, ਅੱਤਵਾਦ ਦੀ ਵਿਰੋਧਤਾ ਕਰਦਿਆਂ ਪੁਤਲੇ ਫੂਕੇ ਸੀ, ਤਾਂ ਉਹਨੂੰ ਫੇਸਬੁੱਕ ਤੇ ਧਮਕੀ ਮਿਲੀ ਸੀ,
ਵਿਚਾਰਾਂ ਦੀ ਵਿਰੋਧਤਾ ਵਾਲੀ ਲੜਾਈ ਨੂੰ ਮੇਰੇ ਲਾਡਲੇ ਬਾਬਾ ਨਾਨਕ ਦੇ ਗੋਸ਼ਟ ਸਿਧਾਂਤ ਨੂੰ ਵਿਸਾਰ ਕੇ ਬੰਦੇ ਖਾਣੀ ਨਾਲ ਕਿਉਂ ਲੜਦੇ ਨੇ?
ਦੂਜੇ ਪਾਸੇ ਵੀ ਭਾਂਬੜ ਮੱਚ ਰਹੇ ਨੇ, ਹਿੰਦੂ ਜਥੇਬੰਦੀਆਂ ਦੰਦ ਕਰੀਚਦੀਆਂ ਕਹਿ ਰਹੀਆਂ ਨੇ ਕਿ ਨਵੇਂ ਹਾਕਮਾਂ ਦੀ ਸ਼ਹਿ ਤੇ ਹਿੰਦੂਆਂ ਤੇ ਹਮਲੇ ਵਧੇ ਨੇ। ਮੇਰਾ ਕਾਲਜਾ ਰਹਿ ਰਹਿ ਕੇ ਕੰਬ ਰਿਹੈ..
..
ਪੱਟੀ ਹਸਪਤਾਲ ਦੇ ਬਾਹਰ ਜਿਹੜਾ ਮੇਰਾ 25 ਸਾਲਾ ਗੱਭਰੂ ਪੁੱਤ ਮਾਰਿਆ, ਉਹ ਪੁੱਠੇ ਰਾਹੇ ਪਿਆ ਹੋਇਆ ਸੀ ਪਰ ਸੁਧਰਨਾ ਚਾਹੁੰਦਾ ਸੀ, ਨਸ਼ੇ ਦੀ ਦਲਦਲ ਵਿਚੋਂ ਨਿਕਲਣ ਲਈ ਦਵਾਈ ਲੈਂਦਾ ਸੀ, ਕੱਲ ਵੀ ਦਵਾ ਹੀ ਲੈਣ ਆਇਆ ਕਿ ਡਾਢਿਆਂ ਦਾ ਸ਼ਿਕਾਰ ਹੋ ਗਿਆ.. ਮੈਨੂੰ ਤਾਂ ਇਹ ਵੀ ਪੱਕੀ ਖਬਰ ਨਹੀਂ ਲੱਭਦੀ ਕਿ ਉਹ ਹੈ ਵੀ ਕਿ ਨਹੀਂ.. , ਕੋਈ ਕਹਿੰਦਾ ਹਾਲੇ ਸਾਹ ਚੱਲਦੇ ਨੇ, ਤੇ ਕੋਈ ਕਹਿ ਰਿਹੈ ਦਮਾਂ ਵਾਲੀ ਤੰਦ ਤਾਂ ਬੰਦੇਖਾਣੀ ਨੇ ਓਸੇ ਵੇਲੇ ਤੋੜ ਦਿੱਤੀ ਸੀ। ਹੋ ਸਕਦੈ ਮੇਰੇ ਐਸ ਪੁੱਤ ਨੂੰ ਮਾਰਨ ਦੀ ਵਜਾ ਉਹਦੇ ਸੁਧਰਨ ਦਾ ਰਾਹ ਹੋਵੇ, ਤੇ ਅਗਲਿਆਂ ਨੂੰ ਡਰ ਹੋਵੇ ਕਿ ਸਾਡੇ ਨਸ਼ੇ ਦੇ ਕਾਰੋਬਾਰ ਦਾ ਭਾਂਡਾ ਨਾ ਭੰਨ ਦੇਵੇ..
ਮੈਨੂੰ ਛੱਡ ਕੇ ਤੁਰ ਗਏ ਧੀਆਂ ਪੁੱਤੋ ਮੈਂ ਤੁਹਾਡਾ ਪੰਜਾਬ ਸਿਸਕਦਾਂ..
..
ਲਗਦੈ ਹੋਣੈ ਮੇਰੇ ਖਾਕੀ ਵਰਦੀਧਾਰੀ ਪੁੱਤ ਮੇਰੀ ਤੇ ਮੇਰੇ ਇਥੇ ਵਸਦੇ ਬਾਕੀ ਧੀਆਂ ਪੁੱਤਾਂ ਦੀ ਹਿਫਾਜ਼ਤ ਕਰਦੇ ਹੀ ਨੇ.. ਪਰ ਪ੍ਰਵਾਸੀ ਹੋ ਗਏ ਬੱਚੜਿਓ ਕੀ ਕੀ ਦੁੱਖ ਦੱਸਾਂ.  ਇਹ ਵੀ ਕਰਤੂਤੀ ਨੇ ਸਿਰੇ ਦੇ,
ਆਓ ਤੁਹਾਡੀ ਉਂਗਲ ਫੜ ਕੇ ਜ਼ੁਲਮ ਮਿਟਾਵੇ ਮੇਰਾ ਖਾਲਸਾ ਸਿਰਜਣ ਵਾਲੀ ਧਰਤੀ ਆਨੰਦਪੁਰ ਨਗਰੀ ਲੈ ਚੱਲਦਾਂ, ਇਹਨੂੰ ਮੇਰੇ ਤਖਤ ਦੇ ਹਾਕਮਾਂ ਨੇ ਪਵਿੱਤਰ ਨਗਰੀ ਐਲਾਨਿਆ ਹੋਇਐ.. ਇਹਦੀ ਹਦੂਦ ਅੰਦਰ ਮੀਟ ਖਾਣ ਤੇ ਸ਼ਰਾਬ ਪੀਣ ਦੀ ਮਨਾਹੀ ਹੈ, ਪਰ ਇਥੇ ਤਖਤ ਕੇਸਗੜ ਸਾਹਿਬ ਤੋਂ ਮਹਿਜ 500 ਮੀਟਰ ਦੂਰ ਮੇਰੇ ਖਾਕੀ ਵਰਦੀਧਾਰੀ ਪੁੱਤਾਂ ਦੀਆਂ ਬੇਕਰਤੂਤੀਆਂ ਦੱਸਦਿਆਂ ਤਾਂ ਮੈਨੂੰ ਵੀ ਸ਼ਰਮ ਆਉਂਦੀ ਹੈ.. ਇਹਨਾਂ ਨੇ ਚੌਕੀ ਚ ਜਾਮ ਨਾਲ ਜਾਮ ਟਕਰਾਏ, ਮਹਿਫਿਲ ਲਾਈ, ਗੀਤਾਂ ‘ਤੇ ਦਾਰੂ ਦੇ ਨਸ਼ੇ ਚ ਭੰਗੜੇ ਪਾਏ.. ਕਹਿੰਦੇ ਦੀਵਾਲੀ ਮਨਾ ਰਹੇ ਸੀ,
ਸ਼ਹਿਰ ਚ ਢਾਬਿਆਂ, ਹੋਟਲਾਂ, ਆਦਿ ਚ ਸ਼ਰਾਬ ਮੀਟ ਪਰੋਸਣ ਦੀ ਮਨਾਹੀ ਹੈ, ਪਰ ਪੁਲਿਸ ਚੌਕੀ ਚ ਸਭ ਕਾਇਦੇ ਕਨੂੰਨ ਸਰੇਆਮ ਟੁੱਟੇ।
ਜਦ ਇਹ ਵੀਡੀਓ ਮੇਰੇ ਵੱਡੇ ਖਾਕੀ ਵਰਦੀਧਾਰੀ ਪੁੱਤ ਐਸ ਐਸ ਪੀ ਕੋਲ ਪੁੱਜੀ ਤਾਂ ਢੀਠਤਾਈ ਜਿਹੀ ਨਾਲ ਕਹਿੰਦਾ, ਮੈਨੂੰ ਪਹਿਲਾਂ ਹੀ ਇਹਦੇ ਬਾਰੇ ਪਤਾ ਲੱਗ ਗਿਆ ਸੀ ਜੇ ਸਾਡੇ ਜ਼ਿਲੇ ਦਾ ਕੋਈ ਪੁਲਿਸ ਮੁਲਾਜ਼ਮ ਇਸ ਵੀਡੀਓ ਵਿੱਚ ਸ਼ਾਮਲ ਹੋਇਆ ਲੱਭਿਆ ਤਾਂ ਕਾਰਵਾਈ ਕਰਾਂਗੇ..
ਪ੍ਰਵਾਸੀ ਹੋ ਗਏ ਬੱਚੜਿਓ. ਮੈਂ ਹਰ ਇਨਸਾਫ ਦੇ ਦਰ ਤੋਂ ਇਉਂ ਹੀ ਕਾਰਵਾਈ ਹੋਊ ਦੇ ਲਾਰੇ ਸੁਣ ਕੇ ਆਪਣੇ ਚਾਦਰੇ ਨਾਲ ਧਰਤ ਦੀ ਗਰਦ ਹੂੰਝਦਾਂ ਮੁੜ ਆਉਂਨਾ ਤੇ ਕਿਤੇ ਠਾਹਰ ਭਾਲਦਾਂ, ਸਿਸਕਦਾ ਰਹਿਨਾ..
..
ਜਲਾਲਾਬਾਦ ਕੋਲੇ ਤਾਂ ਮੇਰੀ ਹਿੱਕ ਤੇ ਮੇਰੀ ਬਾਲੜੀ ਧੀ ਗਿਆਨ ਹਾਸਲ ਕਰਨ ਸਕੂਲ ਆਉਂਦੀ ਜਾਂਦੀ ਨੂੰ ਮੁਸ਼ਟੰਡੇ ਛੇੜਦੇ ਰਹੇ, ਬਲੂੰਗੜੀ ਘਰ ਦੀ ਗੁਰਬਤ ਕਰਕੇ ਤੇ ਸਮਾਜਕ ਸ਼ਰਮ ਕਰਕੇ ਮੇਰੇ ਵਿਗੜੈਲ ਪੁੱਤਾਂ ਨਾਲ ਆਢਾ ਨਾ ਲਾ ਸਕੀ, ਇਦੂੰ ਵੱਡਾ ਹੋਰ ਦੁੱਖ ਮੇਰੇ ਲਈ ਕਿਹੜਾ ਹੋਊ ਕਿ ਸ਼ਰਮਾਂ ਵਾਲੇ ਸ਼ਰਮਸਾਰ ਹੁੰਦੇ ਡਰਦੇ ਨੇ, ਤੇ ਸ਼ਰਮਾਂ ਲਾਹ ਕੇ ਕੁਕਰਮ ਕਰਨ ਵਾਲੇ ਧਾਕੜ ਦਨਦਨਾਉਂਦੇ ਫਿਰਦੇ ਨੇ..
25 ਅਕਤੂਬਰ ਨੂੰ ਰਾਹ ਚੋਂ ਜ਼ਾਲਮਾਂ ਨੇ ਮੇਰੀ ਇਹ ਧੀ ਚੁੱਕ ਲਈ, ਨਸ਼ੇ ਦੇ ਟੀਕੇ ਲਾ ਲਾ ਕੇ ਮੇਰੀ ਬਾਲੜੀ ਦੀ ਪੱਤ ਤਾਰ ਤਾਰ ਕਰ ਦਿੱਤੀ, ਮੇਰੇ ਸਿਰ ਦੀ ਪੱਗ ਬੱਚੀ ਦੀ ਰੱਤ ਨਾਲ ਰੱਤੀ ਪਈ ਹੈ, ਮੈਂ ਪੰਜਾਬ ਸਿਸਕਦਾਂ, ਹੰਝੂ ਕਾਹਦੇ ਨਾਲ ਸਮੇਟਾਂ, ਸਿਰ ਦਾ ਲੀੜਾ ਵੀ ਸਾਬਤਾ ਨਹੀਂ ਰਿਹਾ.. ਮੇਰੀ ਧੀ ਤੇ ਐਨਾ ਜ਼ੁਲਮ ਕੀਤਾ, ਕਪੁੱਤਾਂ ਨੇ, ਕਿ ਉਹਦੇ ਦਮਾਂ ਦੀ ਤੰਦ ਵੀ ਟੁੱਟ ਗਈ..
..
ਲੁਧਿਆਣੇ ਦੇ ਢੰਡਾਰੀ ਕਲਾਂ ਦੀ ਮੇਰੀ 17 ਸਾਲਾ ਧੀ ਨੂੰ ਵੀ ਮੇਰੇ ਕਪੁੱਤਾਂ ਤੋਂ ਦੁਖੀ ਹੋ ਕੇ ਜਾਨ ਦੇਣੀ ਪਈ, ਮੇਰੀ ਐਸ ਲਾਡੋ  ਨਾਲ ਆਂਢ ਗੁਆਂਢ ਦੇ ਮੁਸ਼ਟੰਡੇ ਛੇੜਛਾੜ ਕਰਦੇ , ਮੋਹਤਬਰ ਵਿੱਚ ਪੈ ਕੇ ਮਾਮਲਾ ਠੰਡਾ ਕਰਦੇ ਰਹੇ, ਪਰ ਮੁਸ਼ਟੰਡਿਆਂ ਦੀਆਂ ਹਰਕਤਾਂ ਨਾ ਸੁਧਰੀਆਂ, ਕੋਈ ਡੰਡਾ ਨਹੀਂ ਨਾ,, ਸੁਧਰਨ ਕਿਵੇਂ, ਪੁਲਿਸ ਕੋਲ ਵੀ ਮਾਮਲਾ ਗਿਆ,
ਕਾਰਵਾਈ ਕੋਈ ਨਾ ਹੋਈ ਤਾਂ ਤੁਹਾਨੂੰ ਪਤੈ – ਮੇਰੀ ਧੀ, ਥੋਡੀ ਲਾਡੋ ਭੈਣ ਨੇ ਕੀਤਾ ??
ਉਹਨੇ ਜ਼ਾਲਮਾਂ ਤੋਂ ਦੁਖੀ ਹੋ ਕੇ ਰੇਲ ਗੱਡੀ ਮੂਹਰੇ ਆ ਕੇ ਜਾਨ ਦੇ ਦਿੱਤੀ..
..
ਅਬੋਹਰ ਦਾ ਭੀਮ ਕਤਲ ਕਾਂਡ ਵੀ ਤੁਸੀਂ ਭੁੱਲੇ ਨਹੀਂ ਹੋਣੇ.. ਭੁੱਲਿਓ ਵੀ ਨਾ.. ਮਤੇ ਪੈਰ ਇਧਰ ਨੂੰ ਉਲੱਰ ਪੈਣ..
ਭੀਮ ਦੇ ਕਤਲ ਕੇਸ ਚ ਸ਼ਿਵ ਲਾਲ ਡੋਡਾ ਦੇ ਕਰਿੰਦਾ ਹਰਪ੍ਰੀਤ ਸਿੰਘ ਹੈਪੀ ਫਿਰੋਜ਼ਪੁਰ ਦੇ ਸੁਧਾਰ ਘਰ ਚ ਬੰਦ ਐ, ਕਹਿਣ ਨੂੰ ਸੁਧਾਰ ਘਰ ਨੇ ਪਰ ਅਸਲ ਚ ਇਹ ਅੱਡੇ ਈ ਨੇ ਪੂਰੇ ਸੁਰੱਖਿਅਤ ਆਪਣੇ ਕਾਲੇ ਕਾਰੋਬਾਰ ਚਲਾਉਣ ਦੇ.. ਇਸੇ ਹੈਪੀ ਨੇ ਜੇਲ ਵਿਚ ਬੈਠੇ ਨੇ ਅੰਮ੍ਰਿਤਸਰ ਦੇ ਸ਼ਰਾਬ ਦੇ ਕਾਰੋਬਾਰੀ ਨੂੰ ਜੇਲ ਵਿਚੋਂ ਫੋਨ ਕਰਕੇ ਧਮਕੀ ਦਿੱਤੀ ਹੈ ਕਿ ਸੁਧਰ ਜਾਹ ਨਹੀਂ ਤਾਂ ਤੇਰਾ ਹਾ ਵੀ ਭੀਮ ਵਰਗਾ ਕਰੂੰ.. ਪੀੜਤ ਕਾਰੋਬਾਰੀ ਨੇ ਧਮਕੀ ਵਾਲੇ ਫੋਨ ਦਾ ਨੰਬਰ ਵੀ ਪੁਲਿਸ ਨੂੰ ਦੇ ਦਿੱਤਾ, ਮੇਰੇ ਖਾਕੀ ਵਰਦੀ ਧਾਰੀ ਪੁੱਤ ਕਹਿੰਦੇ ਕੋਈ ਨਾ ਪੜਤਾਲ ਕਰਦੇ ਆਂ..
ਤੇ ਫੇਰ ਜੇਲ ਚ ਫਰੋਲਾ ਫਰਾਲੀ ਕਰਕੇ ਕਹਿੰਦੇ ਹੈਪੀ ਕੋਲ ਤਾਂ ਫੋਨ ਹੈ ਹੀ ਨਹੀਂ..
ਪ੍ਰਵਾਸੀ ਪੁੱਤੋ ਇਥੇ ਤੰਦ ਨਹੀਂ ਪੂਰੀ ਤਾਣੀ ਉਲਝੀ ਪਈ ਹੈ..
ਬਾਕੀ ਸਭ ਠੀਕ ਠਾਕ ਹੈ ਮੇਰੇ ਇਥੇ ਵਸਦੇ ਧੀਆਂ ਪੁੱਤ ਸੁੱਤੇ ਪਏ ਨੇ,  ਮੈਂ ਬਥੇਰੀਆਂ ਦੁਹਾਈਆਂ ਪਾਈਆਂ, ਚੀਕਾਂ ਕੂਕਾਂ ਮਾਰੀਆਂ. . ਪਰ ਇਹਨਾਂ ਦੀ ਨੀਂਦ ਨਹੀਂ ਟੁੱਟੀ ਖੌਰੇ ਜ਼ਾਲਮਾਂ ਨੇ ਕਿਹੜੀ ਜ਼ਮੀਰ ਸਵਾਊ ਘੁੱਟੀ ਛਿੜਕਾਈ ਆ..
ਪਰ ਮੈਂ ਸਿਸਕਦਾਂ.. ਕਦੇ ਔਸ ਖੂੰਜੇ ਕਦੇ ਐਸ ਖੂੰਜੇ.. ਜੇ ਵਕਤ ਮਿਲੇ ਤਾਂ ਕਦੇ ਮੇਰੇ ਹੰਝੂ ਸਮੇਟਣ ਨੂੰ ਮੋਢਾ ਦੇ ਜਾਇਓ..

Install Punjabi Akhbar App

Install
×