ਮਿੰਟੂ ਬਰਾੜ ਜੀ ਤੁਸੀਂ ਵੀ ਸਹੀ ਹੋ ਤੇ ਗ਼ਲਤ ਅਸੀਂ ਵੀ ਨਹੀਂ..

amandeep hans 180529 thik tusi v ho te galat asi v niiii

“ਸਾਫ਼ ਨੀਅਤ ਤੇ ਸਪਸ਼ਟ ਨੀਤੀ” ਦਾ ਸੁਨੇਹਾ ਵੰਡਦਾ ਪੰਜਾਬੀ ਅਖ਼ਬਾਰ ਬਹੁਤ ਕੁੱਝ ਸੱਜਰਾ ਵੀ ਲੈ ਕੇ ਆਉਂਦਾ ਹੈ । ਮਈ ਦੇ ਅੰਕ ਚ ਤੁਹਾਡੀ ਕਲਮ ਚੋਂ ਨਿਕਲੀ ਸੰਪਾਦਕੀ ਕੀ ਖੋਹਿਆ ਤੇ ਕੀ ਪਾਇਆ.. ਪੜਿਆ, ਤੁਹਾਡੀ ਲਿਖਤ ਚ ਚੰਗੇ ਭਵਿੱਖ ਦੀ ਆਸ ਚ ਹੰਢਾਏ ਜਾ ਰਹੇ ਪ੍ਰਵਾਸ ਦੀ ਪੀੜ ਚੋਂ ਬਹੁਤ ਸਾਰਾ ਕੁੱਝ ਖ਼ਾਸ ਕਰਕੇ ਗਵਾਚੇ ਜਾਂ ਗਵਾਚਦੇ ਜਾ ਰਹੇ ਰਿਸ਼ਤਿਆਂ ਦੀ ਚਸਕ ਦਾ ਅਹਿਸਾਸ ਹੋਇਆ। ਇਹ ਦਰਦ ਤਕਰੀਬਨ ਸਾਰੇ ਉਨ੍ਹਾਂ ਪ੍ਰਵਾਸੀਆਂ ਦਾ ਸਾਂਝਾ ਹੈ ਜੋ ਜੰਮਣ ਭੋਇੰ ਨਾਲ ਉਸ ਵਕਤ ਦੇ ਜੁੜੇ ਹਨ, ਜਿਸ ਵਕਤ ਉਨ੍ਹਾਂ ਸੱਤ ਸਮੁੰਦਰ ਪਾਰ ਉਡਾਰੀ ਮਾਰੀ ਸੀ ਸੁਨਹਿਰੀ ਚੋਗ ਦੀ ਆਸ ਚ। ਤੁਹਾਡੇ ਜਿਹੇ ਹਿਜਰ ਹੰਢਾਉਂਦੇ ਪ੍ਰਵਾਸੀਆਂ ਦੇ ਜ਼ਿਹਨ ਚ ਉਹੀ ਪੰਜਾਬ, ਉਹੀ ਮੋਹ ਭਰੇ ਰਿਸ਼ਤੇ ਨਾਤੇ, ਉਹੀ ਅਪਣੱਤ, ਉਹੀ ਖੁੱਲ੍ਹਾ ਡੁੱਲ੍ਹਾ ਮਾਹੌਲ, ਬੇਫ਼ਿਕਰੀ ਆਦਿ ਪਿਆ ਹੈ।
ਪ੍ਰਦੇਸ ਨਾਲੋਂ ਅੱਧੀ ਮਿਹਨਤ ਜੰਮਣ ਭੋਇੰ ਤੇ ਰਹਿ ਕੇ ਕਰ ਲਈਏ ਤਾਂ ਰੋਟੀ ਇਸ ਨਾਲੋਂ ਚੰਗੀ ਤੇ ਪਿਆਰ ਵੀ ਇਸ ਨਾਲੋਂ ਜ਼ਿਆਦਾ ਕਮਾ ਸਕਦੇ ਹਾਂ, ਤੁਹਾਡੇ ਇਹਨਾਂ ਲਫ਼ਜ਼ਾਂ ਚ ਪ੍ਰਵਾਸ ਦੌਰਾਨ ਹੰਢਾਈ ਜਾ ਰਹੀ ਬੇਗਾਨਗੀ ਦਾ ਬਹੁਤ ਸਾਰਾ ਦਰਦ ਭਰਿਆ ਪਿਆ ਹੈ, ਪਰ ਸਾਡੇ ਇੱਥੇઠਮੁਲਕઠਚ ਚੰਦ ਕੁ ਖ਼ਾਨਦਾਨੀ ਲੋਕ ਨੇ ਜੋ ਮੌਜਾਂ ਮਾਣਨ ਵਾਲੇ ਨੇ, ਬਾਕੀ ਵੱਡੀ ਗਿਣਤੀ ਜਨਤਾ ਚ ਹਾਹਾਕਾਰ ਦਾ ਆਲਮ ਹੈ।ਉਹ ਵੱਖਰੀ ਗੱਲ ਹੈ ਕਿ ਇਹ ਹਾਹਾਕਾਰ ਸੁਣਨ ਦੇਖਣ ਵਾਲੇ ਮਹਿਸੂਸ ਕਰਨ ਵਾਲੇ ਗਿਣਵੇਂ ਚੁਣਵੇਂ ਹੀ ਨੇ।ઠઠਸੱਚ ਜਾਣਿਓ, ਜੇ ਅੱਜ ਵਰਗਾ ਮਾਹੌਲ ਰਿਹਾ ਤਾਂ ਖ਼ੁਦਾ ਨਾ ਕਰੇ ਕਿ ਕਿਸੇ ਪ੍ਰਵਾਸੀ ਨੂੰ ਮੁੜ ਇੱਥੇ ਸਦਾ ਲਈ ਪਰਤਣਾ ਪਵੇ।
ਤੁਹਾਨੂੰ ਤਾਂ ਹੇਰਵਾ ਰਿਸ਼ਤਿਆਂ ਦੇ ਗਵਾਚਣ ਦਾ ਹੈ,ਪਰ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ . . ਉਨ੍ਹਾਂ ਰਿਸ਼ਤਿਆਂ ਨੂੰ ਰੱਖ ਕੇ ਕਰਨਾ ਵੀ ਕੀ ਹੈ ਜੋ ਪਾਣੀ ਬਣ ਚੁੱਕੇ ਲਹੂ ਵਾਲੇ ਹੋਣ .. ਕੋਲ ਹੋ ਕੇ ਜੋ ਕੋਲ ਨਹੀਂ ਉਨ੍ਹਾਂ ਦਾ ਦੁੱਖ ਪ੍ਰਦੇਸ ਜਾ ਕੇ ਪਈ ਦੂਰੀ ਨਾਲੋਂ ਕਿਤੇ ਵੱਧ ਚਸਕਦਾ ਹੈ। ਇੱਥੇ ਐਸੀ ਧੁੰਦ ਪਸਰੀ ਹੈ ਕਿ ਹੱਥ ਨੂੰ ਹੱਥ ਨਹੀਂ ਦਿਸਦਾ। ਇਹੋ ਜਿਹੇ ਧੁੰਦੂਕਾਰੇ ਚ ਮੌਜਾਂ ਨਹੀਂ ਟੱਕਰਾਂ ਮਾਰਦੇ ਫਿਰਦੇ ਹਾਂ ਅਸੀਂ ਵੱਡੀ ਗਿਣਤੀ ਲੋਕ।
ਇੱਥੇ ਰਿਸ਼ਤਿਆਂ ਦੀ ਕਦਰ ਦਾ ਭਰਮ ਰੱਖੀ ਬੈਠੇ ਹੋ ਪਰ ਇੱਥੇ ਤਾਂ ਬੰਦੇ ਦੀ ਕਦਰ ਨਹੀਂ, ਮੀਡੀਆ ਨਾਲ ਜੁੜੇ ਹੋ ਭਲੀ ਭਾਂਤ ਜਾਣਦੇ ਹੋ ਕਿ ਅੱਜ ਭਾਰਤ ਸਮੇਤ ਪੰਜਾਬઠઠਕਿਹੋ ਜਿਹੀ ਫ਼ਿਰਕੂ ਵੰਡ ਪਾਊ ਧੁਖਣੀ ਚ ਧੁਖ ਰਿਹੈ। ਕੌਣ ਜਾਣਦੈ ਕਿ ਘਰੋਂ ਨਿਕਲਿਆ, ਅੱਗੋਂ ਕਿਸੇ ਨੇ ਮੂੰਹ ਸੁੰਘ ਕੇ ਆਹ ਖਾਧਾ ਤੇ ਔਹ ਨਹੀਂ ਖਾਧਾ ਦਾ ਦੋਸ਼ ਲਾ ਕੇ ਕੁਚਲ ਧਰਨੈ. . ਹਾਸ਼ੀਏ ਤੇ ਧੱਕੇ ਹੋਏ ਫ਼ਿਰਕੇ ਨਾਲ ਜੁੜੇ ਹੋ ਤਾਂ ਨਾਮ ਨਾਲ ਸਿੰਘ ਲਾਏ ਤੋਂ, ਵਿਆਹ ਲਈ ਸ਼ਗਨ ਮਨਾਏ ਜਾਣ ਤੋਂ ਅਖੌਤੀ ਵੱਡੇ ਔਖ ਵੱਟ ਕੇ ਕਤਲ ਕਰ ਸਕਦੇ ਨੇ, ਇੱਥੇ ਜਿਉਂਦੇ ਜੀਅ ਸੁਣਵਾਈ ਨਹੀਂ ਤਾਂ ਲਾਸ਼ ਦੀ ਕੌਣ ਸੁਣੂ?ਲਾਸ਼ ਜੇ ਹਸਪਤਾਲ ਚੋਂ ਘਰ ਨੂੰ ਲੈ ਕੇ ਜਾਣੀ ਹੈ ਤਾਂ ਮੋਢੇ ਮਜ਼ਬੂਤ ਕਰਨੇ ਪੈਂਦੇ ਨੇ,ਜਾਂ ਕੂੜਾ ਢੋਹਣ ਵਾਲੀ ਰੇਹੜੀ ਦਾ ਇੰਤਜ਼ਾਮ ਕਰ ਸਕਦੇ ਹਾਂ।
ਇੱਥੇ ਜੇઠਕਿਸੇ ਵੀ ਵਜਾ ਕਰਕੇઠਜਿਣਸ ਮਰ ਗਈ ਤਾਂ ਘਰ ਚੁੱਲ੍ਹਾ ਤਪਦਾ ਰੱਖਣ ਲਈ ਕਰਜ਼ਾ ਲੈਣ ਖ਼ਾਤਰ ਆਪਣਾ ਜਵਾਕ ਕਿਸੇ ਧਨੀ ਸੇਠ ਕੋਲ ਗਹਿਣੇ ਰੱਖਣਾ ਪੈਂਦਾ ਹੈ..।
ਕਰਜ਼ੇ ਮਾਰੇ ਕਿਸਾਨ ਮਜ਼ਦੂਰ ਦੀ ਵਿਧਵਾ ਨੂੰઠ੨-੪੦੦ઠਦੀ ਪੈਨਸ਼ਨ ਲੈਣ ਲਈ ਕਿਸੇ ਨੇਤਾ ਜਾਂ ਅਫ਼ਸਰ ਕੋਲ ਆਪਣੀ ਇੱਜ਼ਤ ਗਿਰਵੀ ਰੱਖਣੀ ਪੈਂਦੀ ਹੈ।ਘਰ ਚ ਪਖਾਨਾ ਨਹੀਂ ਖੇਤ ਵੱਲ ਗਈ ਧੀ ਇੱਜ਼ਤ ਸਲਾਮਤ ਲੈ ਕੇ ਪਰਤੇਗੀ ਵੀ , ਕੋਈ ਅੰਦਾਜ਼ਾ ਨਹੀਂ ਹੁੰਦਾ।
ਛੇੜਛਾੜ, ਬਲਾਤਕਾਰ ਦਾ ਵਿਰੋਧ ਕਰਕੇ, ਧਰਮ, ਜਾਤ-ਪਾਤ ਦੇ ਨਾਮ ਤੇ ਕੀਤੀ ਜਾ ਹੀ ਗੁੰਡਾਗਰਦੀ ਦਾ ਵਿਰੋਧ ਕਰਕੇ ਦੇਸ਼ ਧਰੋਹੀ ਦਾ ਖ਼ਿਤਾਬ ਹਾਸਲ ਹੁੰਦਾ ਹੈ। ਹੱਕ ਮੰਗਦੇ ਹੋ ਤਾਂ ਡਾਂਗਾਂ ਗੋਲੀਆਂ ਮਿਲਦੀਆਂ ਨੇ। ਮੁਲਕ ਚ ਬਹੁਤ ਕੁੱਝ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਵਾਪਰ ਰਿਹਾ ਹੈ, ਅੱਵਲ ਤਾਂ ਇਹਦੀ ਕੋਈ ਗੱਲ ਕਰਦਾ ਨਹੀਂ ਤੇ ਜੇ ਕੋਈ ਕਰਦਾ ਹੈ ਤਾਂ ਉਹ ਦੇਸ਼ ਧਰੋਹੀ ਹੈ. ਕਿਉਂਕਿ ਇਕੱਲੇ ਇਕਹਿਰੇ ਦੀ ਆਵਾਜ਼ ਤਾਂ ਸਹੀ ਹੋ ਨਹੀਂ ਸਕਦੀ,ਇੱਥੇ ਤਾਂ ਭੀੜ ਦਾ ਸ਼ੋਰ ਸਹੀ ਗਰਦਾਨਿਆ ਜਾ ਰਿਹੈ।
ਹੋਰ ਕੁੱਝ ਨਾ ਸਹੀ ਤਾਂ ਆਵਾਰਾ ਪਸ਼ੂ, ਕੁੱਤੇ, ਗਊ ਵੰਸ਼ ਸੜਕ ਤੇઠ ਤੁਰੇ ਜਾਂਦੇ ਬੰਦੇ ਦਾ ਆਮ ਹੀ ਸ਼ਿਕਾਰ ਕਰ ਸਕਦੇ ਨੇ, ਘਾਤ ਲਾਉਣ ਦੀ ਵੀ ਇਹਨਾਂ ਨੂੰ ਲੋਡ ਨਹੀਂ ਪੈਂਦੀ। ਜੇ ਬਚਾਅ ਕਰਦੇ ਹੋਏ ਇਹਨਾਂ ਤੇ ਬੰਦਾ ਜੁਆਬੀ ਹਮਲਾ ਕਰ ਦੇਵੇ ਤਾਂ ਕਾਨੂੰਨ ਦੀ ਨਜ਼ਰ ਉਹ ਪਸ਼ੂ ਵਿਰੋਧੀ ਹੈ, ਹਿੰਸਕ ਪ੍ਰਵਿਰਤੀ ਰੱਖਦਾ ਹੈ ਜਾਨਵਰਾਂ ਪ੍ਰਤੀ। ਜਾਨਵਰ ਜਾਨਵਰ ਹੋਣ ਦਾ ਸੁੱਖ ਭੋਗ ਰਿਹਾ ਹੈ, ਪਰ ਅੱਜ ਭਾਰਤ ਚ ਬੰਦਾ ਕੀੜੇ ਮਕੌੜੇ ਨਾਲੋਂ ਮੰਦੀ ਹਾਲਤ ਚ ਹੈ। ਇਹ ਵੱਡੀ ਗਿਣਤੀ ਦੀ ਦਾਸਤਾਨ ਹੈ।
ઠਖ਼ੁਸ਼ਹਾਲ ਮੰਨੇ ਜਾਂਦੇ ਪੰਜਾਬ ਚ ਅੱਜ ਵੀ ਮਿਹਨਤਕਸ਼ ਨੂੰઠ੧੨-੧੪ઠਘੰਟੇ ਦੀ ਮਜ਼ਦੂਰੀ ਦੇ ਇਵਜ਼ ਚ ਮਹਿਜ਼ ਰੋਟੀ ਜਾਂ ਗ਼ਰਜ਼ਾਂ ਸਾਰਨ ਲਈ ਕਦੇ ਕਦਾਈਂ ਕੁੱਝ ਕੁ ਸੌ ਰੁਪਿਆਂ ਨਾਲ ਵਰਾਇਆ ਜਾ ਰਿਹਾ ਹੈ।
ਰੁਜ਼ਗਾਰ ਹੈ ਨਹੀਂ, ਵਿੱਦਿਅਕ ਅਦਾਰੇ ਨਹੀਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ, ਮੋਟਾ ਪੈਸਾ ਭਰ ਕੇ ਨੌਕਰੀ ਲੈਣ ਵਾਲੇ ਦਾ ਪਹਿਲਾ ਮਕਸਦ ਪੜਾਈ ਤੋਂ ਲੈ ਕੇ ਨੌਕਰੀ ਲੈਣ ਤੱਕ ਖ਼ਰਚਿਆ ਪੈਸਾ ਵਸੂਲਣਾ ਬਣਿਆ ਹੋਇਆ ਹੈ। ਫ਼ਰਜ਼ਾਂ ਉੱਤੇ ਗ਼ਰਜ਼ਾਂ ਭਾਰੀ ਪਈਆਂ ਹੋਈਆਂ ਨੇ।
ਤੇ ਜੇ ਕਿਤੇ ਮੌਜ ਬਹਾਰ ਵਾਲੀ ਲੁੱਡੀ ਪੈਂਦੀ ਵੀ ਹੈ ਤਾਂ ਉਹ ਵੀ ਤੁਹਾਡੇ ਵਰਗੇ ਸੱਜਣਾਂ ਦੇ ਸਿਰ ਤੇ ਡਾਲਰ ਪੌਂਡ ਰੁਪਈਆਂ ਚ ਬਦਲਵਾ ਕੇ..
ਉਂਝ ਇੱਥੇઠਨਿਰਾਸ਼ਾ ਦਾ ਦੌਰ ਹੈ, ਮਨ ਨੂੰ ਧਰਵਾਸ ਦੇਣ ਲਈ ਲੋਕ ਸੰਤੁਸ਼ਟੀ ਦਾ ਦਿਖਾਵਾ ਕਰਦੇ ਨੇ। ਪਰ ਜੇ ਸੁਖਾਲਾ ਰਾਹ ਮਿਲੇ ਤਾਂ ਸੱਚਮੁੱਚ ਅੱਧ ਤੋਂ ਵੀ ਵੱਧ ਗਿਣਤੀ ਲੋਕ ਭਾਰਤ ਨੂੰ ਛੱਡ ਕੇ ਦੌੜ ਜਾਣ..। ਵੱਡੇ ਵੱਡੇ ਰਾਸ਼ਟਰਵਾਦੀ ਕਹਾਉਂਦੇ ਵੀ ਇਸੇ ਭਗੌੜਿਆਂ ਦੀ ਸੂਚੀ ਚ ਆਉਣਗੇ..।
ਮਿੰਟੂ ਬਰਾੜ ਜੀ ਤੁਸੀਂ ਡਰ ਮਹਿਸੂਸ ਕਰ ਰਹੇ ਹੋ ਕਿ ਪ੍ਰਵਾਸੀ ਬੱਚੇ ਆਪਣੇ ਪੁਰਖਿਆਂ ਦੀ ਭਾਸ਼ਾ ਵਿਸਾਰ ਜਾਣਗੇ ..ઠ!!
ਪ੍ਰਵਾਸੀ ਬੱਚੇ ਹੀ ਕਿਉਂ ਇੱਥੇ ਪੰਜਾਬ ਚ ਹੀ ਹਾਸ਼ੀਆਗਤ ਲੋਕਾਂ ਨੂੰ ਛੱਡ ਕੇ ਕਿੰਨੇ ਕੁ ਲੋਕ ਮਾਂ ਬੋਲੀ ਨਾਲ ਜੁੜੇ ਰਹਿਣਾ ਚਾਹੁੰਦੇ ਨੇ? ਜੇ ਮਾਂ ਬੋਲੀ ਅਨਪੜઠਹੋਣ ਦਾ ਲੈਵਲ ਲਵਾ ਰਹੀ ਹੋਵੇ, ਰੁਜ਼ਗਾਰ ਦੇ ਮੌਕੇ ਨਾ ਦੇ ਰਹੀ ਹੋਵੇ, ਵਿੱਦਿਅਕ ਖੇਤਰ ਚ ਅੱਗੇ ਵਧਣ ਚ ਅੜਿੱਕਾ ਪਾ ਰਹੀ ਹੋਵੇ ਤਾਂ ਲੋਕ ਮਾਂ ਬੋਲੀ ਦਾ ਤ੍ਰਿਸਕਾਰ ਕਰਨਗੇ ਹੀ..
ਤੁਹਾਡੇ ਬੱਚੇ ਤਾਂ ਵਿਦੇਸ਼ੀ ਮੁਲਕ ਦੀ ਮੂਲ ਭਾਸ਼ਾ ਨਾਲ ਜੁੜੇ ਨੇ, ਸਾਰਾ ਕੰਮਕਾਜ, ਪੜਾਈ ਲਿਖਾਈ ਸਭ ਕੁੱਝ ਉਸੇ ਭਾਸ਼ਾ ਚ ਸਿੱਖ ਰਹੇ ਨੇ, ਇਹੀ ਭਾਸ਼ਾ ਉਨ੍ਹਾਂ ਦੀ ਮਾਨਸਿਕਤਾ ਤੇ ਹਾਵੀ ਹੈ,ਪਰ ਫੇਰ ਵੀ ਉਹ ਮਾਪਿਆਂ ਦੀ ਖ਼ੁਸ਼ੀ ਲਈ ਪੁਰਖਿਆਂ ਦੀ ਮਾਂ ਬੋਲੀ ਨੂੰ ਅਪਣਾ ਲੈਣਗੇ, ਪਰ ਸਾਡੇ ਤਾਂ ਇੱਥੇ ਮਾਪੇ ਹੀ ਨਹੀਂ ਚਾਹੁੰਦੇ ਕਿ ਜੁਆਕ ਪੰਜਾਬੀ ਬੋਲੇ .. ਰਿਸ਼ਤੇਦਾਰਾਂ ਤੇ ਪੈਂਠ ਨਹੀਂ ਬੱਝਦੀ.. ਪ੍ਰਵਾਸੀਆਂ ਨਾਲੋਂ ਵੱਧ ਮਾਂ ਬੋਲੀ ਨੂੰ ਸਾਡੇ ਇੱਥੇઠઠਜ਼ਿਆਦਾ ਦੂਰ ਧੱਕਿਆ ਜਾ ਰਿਹਾ ਹੈ।
ਤੁਹਾਡੇ ਵੱਲੋਂ ਪ੍ਰਗਟਾਏ ਸੰਸੇ ਆਪਣੀ ਜਗਾ ਜਾਇਜ਼ ਨੇ, ਤੁਸੀਂ ਹੇਰਵਾ ਹੰਢਾਅ ਰਹੇ ਹੋ,ਪਰ ਘੱਟੋ-ਘੱਟ ਜਿੱਥੇ ਵੀ ਹੋ ਇਨਸਾਨੀਅਤ ਦੀ ਕਦਰ ਤਾਂ ਹੈ ਓਥੇ,ਬੰਦੇ ਨੂੰ ਬੰਦਾ ਤਾਂ ਸਮਝਿਆ ਜਾਂਦੈ ਓਥੇ, ਸਹੀ ਤੁਸੀਂ ਵੀ ਹੋ ਤੇ ਕੀੜਿਆਂ ਮਕੌੜਿਆਂ ਦੀ ਜੂਨ ਹੰਢਾਉਂਦੇ ਗ਼ਲਤ ਅਸੀਂ ਵੀ ਨਹੀਂઠઠਜੋ ਭਗੌੜੇ ਹੋਣ ਲਈ ਪਰ ਤੋਲਦੇ ਫਿਰਦੇ ਹਾਂ, ਇੱਥੇ ਦੇ ਜੋ ਹਾਲਾਤ ਨੇ ਸਾਨੂੰ ਵੱਡੀ ਗਿਣਤੀ ਨੂੰ ਭਗੌੜੇ ਹੋਣ ਲਈ ਮਜਬੂਰ ਕਰ ਰਹੇ ਨੇ। ਫੇਰ ਵੀ ਤਸੱਲੀ ਲਈ ਕਹਿ ਦਿੰਦੇ ਹਾਂ..ઠEverything is all right..ઠਪੰਜਾਬੀ ਹਾਂ ਨਾ ਐਨੀ ਕੁ ਅੰਗਰੇਜ਼ੀ ਤਾਂ ਮੂੰਹ ਚੜ੍ਹੀ ਰਹਿੰਦੀ ਹੈ..

Install Punjabi Akhbar App

Install
×