ਕੌੜਤੁੰਮੇ ਵਰਗਾ “ਮਿੱਠਾ” ਸੱਚ – ਸਾਡੇ ਨਾਲੋਂ ਤਾਂ ਭੋਲੇ ਦਾ ਬਾਪੂ ਹੀ ਚੰਗਾ ਨਿੱਕਲਿਆ

amli

ਗਿੱਪੀ ਗਰੇਵਾਲ ਦੀ ਫਿਲਮ ਮੰਜੇ ਬਿਸਤਰੇ 2 ਵੇਖੀ। ਫਿਲਮ ਤਾਂ ਮੈਨੂੰ ਜਚੀ ਨਹੀਂ ਪਰ  ਆਪਣੇ ਪੁਰਾਣੇ ਮਿੱਤਰ ਬੱਧਣੀ ਵਾਲੇ ਭੋਲੇ ਵੱਲੋਂ ਸੁਣਾਈ ਉਸਦੀ ਪੁਰਾਣੀ ਪਰਿਵਾਰਕ ਘਟਨਾਂ ਯਾਦ ਆ ਗਈ।ਮੈਨੂੰ ਯਾਦ ਆ ਭੋਲੇ ਨੇ ਇਥੋਂ ਹੀ ਗੱਲ ਸ਼ੁਰੂ ਕੀਤੀ ਸੀ। ਬਾਈ ਅਮਰ, “ਜਦੋਂ  ਕੁ ਮੈੰ ਸੁਰਤ ਸੰਭਾਲੀ, ਵੇਖਿਆ, ਬਾਪੂ ਸਾਡਾ ਅਫੀਮ ਖਾਂਦਾ ਸੀ। ਦਾਦਾ ਦੱਸਦਾ ਸੀ ਕਿ ਜੁਆਨੀ ਵੇਲੇ ਇਹ ਅਫੀਮ ਵੇਚਣ ਵੀ ਲੱਗ ਗਿਆ ਸੀ, ਪਰ ਦੋ ਕੁ ਬਾਰ ਪੁਲਸ ਨੇ “ਆਣ ਮਿਲੋ ਸੱਜਣਾਂ” ਦੇ ਦਰਸ਼ਨ ਕਰਵਾਏ ਤਾਂ ਇਹ ਹਟ ਗਿਆ, ਪਰ ਖਾਣ ਦੀ ਪੱਕੀ ਆਦਤ ਪੈ ਗਈ। ਕੰਮ ਕਰਨ ਨੂੰ ਤਕੜਾ ਤੇ ਮਿਹਨਤੀ ਸੀ, ਕੰਮ ਚੱਲੀ ਗਿਆ। ਹਾੜੀ, ਸੌਣੀਂ, ਕੰਮ ਦੇ ਜ਼ੋਰ ਵੇਲੇ, ਅਸੀਂ ਵੀ ਤਿੰਨੇ ਭਰਾ ਥੋੜ੍ਹੀ ਥੋੜ੍ਹੀ ਖਾ ਲੈਂਦੇ ਸੀ। ਹੌਲੀ-ਹੌਲੀ ਅਫੀਮ ਮਿਲਣੀ ਔਖੀ ਹੋ ਗਈ, ਜੇ ਮਿਲਦੀ ਸੀ ਤਾਂ, ਮਹਿੰਗੀ। ਉਸਦੇ ਬਦਲ ਵਿੱਚ ਡੋਡਿਆਂ ਦੀ ਭੁੱਕੀ ਆ ਗਈ। ਅਫੀਮ ਦੇ ਮੁਕਾਬਲੇ ਡੋਡੇ ਬਹੁਤ ਸਸਤੇ ਸੀ। ਇਸ ਨਾਲ ਅਮਲੀਆਂ ਦੀ ਗਿਣਤੀ ਵਿੱਚ, ਬੇਰੁਜ਼ਗਾਰੀ ਵਾਂਗ ਬਹੁਤ ਵਾਧਾ ਹੋਇਆ। ਡੋਡੇ ਵੇਚਣ ਵਾਲਾ ਕਿਸੇ ਦੀ ਚਰ੍ਹੀ, ਮੱਕੀ ਜਾਂ ਕਮਾਦ ਵਿੱਚ ਬੈਠ ਜਾਂਦਾ ਤੇ ਪਿੰਡ ਚ ਰੌਲਾ ਪੈ ਜਾਂਦਾ, ਕਿ ਫਲਾਨੇ ਦੇ ਖੇਤ ਜਹਾਜ ਉਤਰਿਆ ਹੋਇਆ। ਖਬਰ ਸੁਣਦੇ ਹੀ ਅਮਲੀ ਉਸ ਪਾਸੇ ਵਹੀਰਾਂ ਘੱਤ ਲੈਂਦੇ। ਹੰਸ ਰਾਜ ਦਾ ਇਕ ਧਾਰਮਿਕ ਗੀਤ ਉਹਨਾਂ ਦਿਨਾਂ ਚ ਮਸ਼ਹੂਰ ਸੀ। ਜਿਸ ਦੀ ਅਸੀਂ ਪੈਰੋਡੀ ਕਰਦੇ ਸੀ, “ਡੋਡਿਆਂ ਵਾਲਾ ਵਾਜਾਂ ਮਾਰਦਾ, ਅਮਲੀ ਨੂੰ ਕਮਾਦ ਵਿੱਚ ਖੜ੍ਹਕੇ।

ਸਮਾਂ ਲੰਘਦਾ ਰਿਹਾ, ਸਾਡੇ ਵਿਆਹ ਹੋਏ। ਘਰ ਦੀ ਕਬੀਲਦਾਰੀ ਵੱਡੀ ਹੋਈ ਤੇ ਆਰਥਿਕ ਹਾਲਤ ਪਤਲੀ ਪੈਣੀਂ ਸ਼ੁਰੂ ਹੋ ਗਈ। ਉਧਰੋ ਲੀਡਰਾਂ ਤੇ ਸਮਗਲਰਾਂ ਨੇ ਭੁੱਕੀ ਦੇ ਬਦਲ ਚ ਪੰਜਾਬ ਚ ਚਿੱਟਾ ਖਿਲਾਰ ਦਿੱਤਾ। ਭੁੱਕੀ ਮਹਿੰਗੀ ਹੋ ਗਈ।ਕਈ ਅਮਲੀ ਲੋਮੋਟਿਲ ਗੋਲੀਆਂ ਤੇ ਪ੍ਰੋਕਸੀਵਨ ਕੈਪਸੂਲਾਂ ਤੇ ਲੱਗ ਗਏ ਤੇ ਕਈ ਮੋਟੇ ਅਮਲੀ ਸ਼ਹੀਦੀ ਜਾਮ ਵੀ ਪੀ ਗਏ। ਤਾਇਆ ਸਾਧਾ ਖੰਗੂੜਾ ਤੇ ਬਾਪੂ ਦੋ ਵਾਰ ਸੰਗਰੀਆਂ ਮੰਡੀ ਰਾਜਸਥਾਨ ਤੋਂ ਭੁੱਕੀ ਲੈਕੇ ਆਏ। ਤੀਜੀ ਵਾਰ ਪੁਲਸ ਨੇ ਫੜ ਲਏ, ਚਲੋ ਚਾਹ ਪਾਣੀ ਦੇ ਕੇ ਛੱਡ ਦਿੱਤੇ। ਸਾਰਿਆਂ ਨੇ ਬਾਪੂ ਤੇ ਡੋਡੇ ਛੱਡਣ ਦਾ ਦਬਾਅ ਪਾਇਆ। ਹੁਣ ਦੇ ਆਈ ਲੈਟਸ ਕੋਰਸ, ਵਾਲਿਆਂ ਵਾਂਗ ਉਸ ਵੇਲੇ ਪੰਜਾਬ ਦੀਆਂ ਸਾਰੀਆਂ ਕੰਧਾਂ, ਡੋਡੇ ਗਰੰਟੀ ਨਾਲ ਛੱਡਣ ਦੇ ਇਸ਼ਤਿਹਾਰਾਂ ਨਾਲ ਭਰੀਆਂ ਪਈਆਂ ਸਨ। ਦੋ ਤਿੰਨ ਮਹੀਨੇ ਦੁਆਈ ਖਾ ਕੇ ਬਾਪੂ ਨਸ਼ਾ ਮੁਕਤ ਹੋ ਗਿਆ। ਸਾਰੇ ਟੱਬਰ ਨੇ ਸ਼ੁਕਰ ਮਨਾਇਆ। ਬਾਪੂ ਨੇ ਵੀ ਖੁਸ਼ੀ ਵਿੱਚ ਨਵਾਂ ਮੰਜਾ ਸ਼ਹਿਰੋਂ ਲਿਆਂਦਾ। ਨੂੰਹਾਂ ਨੇ ਨਵਾਂ ਬਿਸਤਰਾ ਪੇਟੀ ਚੋਂ ਕੱਢ ਦਿੱਤਾ। ਸੂਤ ਨਾਲ ਬੁਣੇ ਹੋਏ ਮੰਜੇ ਤੇ ਬੂਟੀਆਂ ਵਾਲੀ ਚਾਦਰ ਗੰਧੂਈ ਨਾਲ ਮੋਟੇ ਮੋਟੇ ਤੋਪੇ ਲਾਕੇ ਸਿਉਂ ਦਿੱਤੀ। ਸੱਤ ਅੱਠ ਮਹੀਨੇ ਲੰਘ ਗਏ। ਬਾਪੂ ਨੌ ਬਰ ਨੌਂ ਹੋ ਗਿਆ। ਵੇਖ ਕੇ ਲੱਗਦਾ ਹੀ ਨਹੀਂ ਸੀ ਤੀਹ ਪੈਂਤੀ ਸਾਲ ਨਸ਼ਾ ਕਰਨ ਵਾਲਾ ਨਸ਼ਾ ਛੱਡ ਕੇ ਤੰਦਰੁਸਤ ਹੋ ਗਿਆ ਹੈ।

ਨੇੜੇ ਘਰਾਂ ਵਿੱਚ ਵਿਆਹ ਸੀ। ਮੁੰਡੇ ਮੰਜੇ ਬਿਸਤਰੇ ਇਕੱਠੇ ਕਰਨ ਵਾਲੇ ਆ ਗਏ। ਇਕ ਮੰਜਾ ਬਿਸਤਰਾ ਪਹਿਲਾਂ ਹੀ ਕਿਸੇ ਹੋਰ ਵਿਆਹ ਵਾਲੇ ਘਰ ਗਿਆ ਹੋਇਆ ਸੀ। ਜਨਾਨੀਆਂ ਨੇ ਬਾਪੂ ਵਾਲਾ ਮੰਜਾ ਬਿਸਤਰਾ ਮੁੰਡਿਆਂ ਨੂੰ ਦੇ ਦਿੱਤਾ। ਬਾਪੂ ਘਰ ਆਇਆ ਤਾਂ ਮੰਜੇ ਬਾਰੇ ਪਤਾ ਲੱਗਾ ਕਿ ਉਹ ਤਾਂ ਵਿਆਹ ਵਾਲੇ ਘਰ ਹੈ। ਬਾਪੂ ਪਹਿਲਾਂ ਤਾਂ ਨੂੰਹਾਂ ਨਾਲ ਲੜਿਆ ਤੇ ਫਿਰ ਮੰਜਾਂ ਵਾਪਸ ਲੈਣ ਲਈ ਵਿਆਹ ਵਾਲੇ ਘਰ ਨੂੰ ਤੁਰ ਪਿਆ। ਮੈਂ ਘਰ ਆਇਆ ਤਾਂ ਮੰਜੇ ਵਾਲੀ ਕਹਾਣੀ ਦਾ ਪਤਾ ਲੱਗਾ। ਮੈਂ ਇਸ ਵੀ ਬਾਪੂ ਦੇ “ਪਲੰਘ ਪਿਆਰ” ਤੇ ਹੈਰਾਨ ਸੀ ਕਿ ਇਸ ਬੰਦੇ ਨੇ ਤਾਂ ਕਦੇ ਕਿਸੇ ਨੂੰ ਸਕੂਟਰ ਮੋਟਰਸਾਈਕਲ ਤੋਂ ਜਵਾਬ ਨਹੀਂ ਦਿੱਤਾ। ਮੰਜੇ ਲਈ ਕਿਉਂ ਰੱਫੜ ਪਾ ਲਿਆ। ਪਰ ਬਾਪੂ ਦੇ ਤਰਕ ਵੀ ਜਾਇਜ਼ ਸਨ। ਕਿ, “ਮੇਰਾ ਨਵਾਂ ਮੰਜਾ, ਵਿਆਹ ਵਾਲੇ ਘਰ ਟੁੱਟ ਵੀ ਸਕਦਾ। ਜੁਆਕ ਹੱਗਣ ਮੂਤਣਗੇ, ।ਮੈਂ ਅਜੇ ਪਾਣੀ ਵੀ ਨਹੀਂ ਸੀ ਪੀਤਾ ਕਿ ਗੁਆਂਢੀਆਂ ਦੇ ਮੁੰਡੇ ਨੇ ਸੁਨੇਹਾ ਦਿੱਤਾ ਕਿ ਬਾਪੂ ਵਿਆਹ ਵਾਲਿਆਂ ਨਾਲ ਲੜ ਰਿਹਾ ਹੈ। ਮੈਂ ਜਲਦੀ ਨਾਲ ਵਿਆਹ ਵਾਲੇ ਘਰ ਗਿਆ। ਬਾਪੂ ਗੁੱਸੇ ਵਿੱਚ ਲਾਲ ਪੀਲਾ ਸੀ। ਦਰਅਸਲ ਮੰਜਾ ਗੁਆਂਢੀਆਂ ਦੇ ਚੁਬਾਰੇ ਵਿੱਚ ਸ਼ਰਾਬੀਆਂ ਦੇ ਅੜਿੱਕੇ ਆ ਗਿਆ ਸੀ। ਮੁੰਡੇ ਲੱਭ ਰਹੇ ਸਨ ਪਰ ਲੱਭ ਨਹੀ ਸੀ ਰਿਹਾ। ਵਿਆਹ ਵਾਲਿਆਂ ਨੇ ਬਾਪੂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ, ਪੈਗ ਦੀ ਸੁਲਾਹ ਵੀ ਮਾਰੀ ਪਰ ਸ਼ਰਾਬ ਦੇ ਪਿਆਕੜ ਬਾਪੂ ਦਾ ਕਹਿਣਾ ਸੀ, “ਮੈਂ ਆਪਣਾ ਮੰਜਾ ਲੈਣ ਆਇਆਂ, ਥੋਡਾ ਲਾਹਣ ਡੱਫਣ ਨਹੀਂ,। ਗੁੱਸੇ ਨਾਲ ਭਰੇ ਪੀਤੇ ਨੂੰ ਮਸਾਂ ਮਨਾਕੇ ਘਰ ਮੋੜਿਆ ਕਿ ਤੂੰ ਘਰ ਚੱਲ ਮੈਂ ਮੰਜਾ ਲੱਭਕੇ ਲਿਉਨਾ।

ਮੁੰਡਿਆਂ ਨੇ ਹਿੰਮਤ ਕਰਕੇ ਮੰਜਾ ਲੱਭ ਲਿਆਂਦਾ। ਘਰ ਜਿਆਦਾ ਦੂਰ ਨਹੀਂ ਸੀ। ਮੈਂ ਮੰਜੇ ਹੇਠ ਸਿਰ ਦਿੱਤਾ ਤੇ ਘਰ ਨੂੰ ਤੁਰ ਪਿਆ। ਮੰਜੇ ਵਿੱਚੋਂ ਮੈਨੂੰ ਅਜੀਬ, ਪਰ ਜਾਣੀ ਪਹਿਚਾਣੀ ਸੁਗੰਧ ਆਈ। ਨਾ ਤਾਂ ਇਹ ਸ਼ਰਾਬ ਦੀ ਸੀ, ਨਾ ਪਿਸ਼ਾਬ ਦੀ ਤੇ ਨਾਹੀ ਕਿਸੇ ਦਾਲ ਸ਼ਬਜੀ ਦੀ ਸੀ। ਘਰ ਪਹੁੰਚਦੇ – ਪਹੁੰਚਦੇ, ਮੈਂ ਇਸ ਸੁਗੰਧ ਨੂੰ ਪਹਿਚਾਣ ਲਿਆ ਸੀ। ਘਰ ਆਇਆ ਮੰਜਾ ਵੇਖਕੇ ਬਾਪੂ ਦਾ ਗੁੱਸਾ ਵੀ ਸਾਂਤ ਹੋ ਗਿਆ ਸੀ ਤੇ ਚਿਹਰੇ ਤੇ ਖੁਸ਼ੀ ਦੇ ਹਾਵ ਭਾਵ ਵੀ ਆ ਗਏ ਸਨ। ਬਾਪੂ ਤੇ ਜਨਾਨੀਆਂ ਦੀ ਹਾਜ਼ਰੀ ਵਿੱਚ, ਮੈਂ ਮੰਜਾ ਖੁਰੀਆਂ ਲਾਉਣ ਵਾਲੇ ਬਲਦ ਵਾਂਗੂੰ ਮੂਧਾ ਕਰ ਲਿਆ। ਬਾਪੂ ਦੇ” ਪਲੰਘ ਪਿਆਰ” ਦਾ ਰਾਜ ਖੁੱਲ੍ਹ ਗਿਆ ਸੀ ਕਿਉਂਕਿ ਮੰਜੇ ਦੇ ਸਾਂਘੇ ਵਿੱਚ ਇਕ ਲਿਫਾਫਾ ਨਿਕਲ ਆਇਆ ਜਿਸ ਵਿੱਚ ਬਾਪੂ ਦਾ ਅਨਮੋਲ ਖਜ਼ਾਨਾ ਛੁਪਾਇਆ ਹੋਇਆ ਸੀ। ਕੱਚਾ ਜਿਆ ਹੋਇਆ ਬਾਪੂ ਸਫਾਈਆਂ ਦੇਵੇ, “ਉਹ ਇਹ ਤਾਂ ਕਦੇ-ਕਦੇ ਤੋੜ ਲੱਗੇ ਤੋੰ ਜਾਂ ਮਰੋੜ ਲੱਗੇ ਤੋਂ ਅੱਧਾ ਕੁ ਚਮਚਾ ਲੈ ਲੈਨਾਂ ਹੁੰਨਾਂ।

ਮੈਂ ਸੋਚ ਰਿਹਾ ਸੀ ਕਿ ਮੇਰੇ ਨਾਲੋਂ ਤਾਂ ਭੋਲੇ ਦਾ ਬਾਪੂ ਚੰਗਾ ਰਿਹਾ, ਆਪਣਾ ਮੰਜਾ ਤਾਂ ਵਾਪਸ ਲੈ ਆਇਆ ਉਹ ਵੀ ਭੁੱਕੀ ਸਣੇ। ਸਾਡੇ ਤਾਂ ਸਾਰੇ ਟੱਬਰ ਦੇ ਪੰਜਾਹ ਸੱਠ ਪੌੰਡ ਗੁੱਲ ਹੋ ਗਏ ਤੇ ਢਾਈ ਤਿੰਨ ਘੰਟੇ ਸਮਾਂ ਬਰਬਾਦ ਕੀਤਾ। ਅਸੀਂ ਕੀਹਦੇ ਗਲ ਚ ਸਾਫਾ ਪਾਈਏ ਕਿ ਮੋੜ ਸਾਡੇ ਪੈਸੇ।

(ਅਮਰ ਮੀਨੀਆਂ (ਗਲਾਸਗੋ))

Install Punjabi Akhbar App

Install
×