‘ਰੋਬੋਡੈਟ’ ਵਿੱਚ ਨੁਕਸਾਨੇ ਗਏ ਪੀੜਿਤਾਂ ਨੂੰ ਮਿਲੇਗਾ 100 ਡਾਲਰਾਂ ਤੋਂ ਵੀ ਘੱਟ ਦਾ ਮੁਆਵਜ਼ਾ

ਆਸਟ੍ਰੇਲੀਆਈ ਸੇਵਾਵਾਂ (Services Australia) ਵੱਲੋਂ ਜਾਰੀ ਕੀਤੀ ਗਈ ਇੱਕ ਜਾਣਕਾਰੀ ਮੁਤਾਬਿਕ, ਰੋਬੋਡੈਟ ਸਕੀਮ ਜਿਸ ਨੇ ਕਿ ਸਕਾਟ ਮੋਰੀਸਨ ਦੀ ਸਰਕਾਰ ਸਮੇਂ ਸਾਲ 2015 (ਜੁਲਾਈ) ਤੋਂ 2019 (ਨਵੰਬਰ) ਤੱਕ ਕਾਫੀ ਹੜਕੰਪ ਮਚਾਇਆ ਸੀ, ਅਤੇ ਇਸ ਸਕੀਮ ਤਹਿਤ ਲੱਖਾਂ ਆਸਟ੍ਰੇਲੀਆਈਆਂ ਨੂੰ ਮਾਲੀ ਤੌਰ ਤੇ ਕਾਫੀ ਨੁਕਸਾਨ ਉਠਾਉਣਾ ਵੀ ਪਿਆ ਸੀ, ਵਾਸਤੇ ਹੁਣ ਮੁਆਵਜ਼ਿਆਂ ਦੇ ਐਲਾਨ ਕਰ ਦਿੱਤੇ ਗਏ ਹਨ। ਇਹ ਮੁਆਵਜ਼ੇ ਦੀਆਂ ਰਕਮਾਂ ਹੁਣ ਪੀੜਿਤਾਂ ਦੇ ਬੈਂਕ ਅਕਾਉਂਟ ਵਿੱਚ ਇਸੇ ਮਹੀਨੇ ਦੀ 30 ਤਾਰੀਖ ਤੱਕ ਟ੍ਰਾਂਸਫਰ ਕਰ ਦਿੱਤੇ ਜਾਣਗੇ।
ਮੁਆਵਜ਼ੇ ਦੀ ਰਕਮ ਬਾਰੇ ਕਿਹਾ ਜਾ ਰਿਹਾ ਹੈ ਕਿ ਕੁੱਲ 112 ਮਿਲੀਅਨ ਡਾਲਰਾਂ ਦੀ ਰਕਮ, ਪੀੜਿਤਾਂ ਵਿੱਚ ਵੰਡੀ ਜਾ ਰਹੀ ਹੈ ਅਤੇ ਪੀੜਿਤਾਂ ਦੀ ਸੰਖਿਆ ਲੱਗਭਗ 4 ਲੱਖ ਦੇ ਕਰੀਬ ਹੈ।

ਇਨ੍ਹਾਂ ਕੁੱਲ ਪੀੜਿਤਾਂ ਵਿੱਚੋਂ ਅੱਧਿਆਂ ਨੂੰ ਤਾਂ ਮੁਆਵਜ਼ੇ ਦੇ ਤੌਰ ਤੇ ਮਹਿਜ਼ 100 ਡਾਲਰ ਜਾਂ ਇਸ ਤੋਂ ਵੀ ਘੱਟ ਦੀ ਪ੍ਰਾਪਤੀ ਹੋਵੇਗੀ। ਅਗਲੇ ਦੌਰ ਵਿੱਚ 30% ਪੀੜਿਤਾਂ ਨੂੰ ਮੁਆਵਜ਼ੇ ਦੀ ਰਕਮ 100 ਤੋਂ 300 ਡਾਲਰਾਂ ਤੱਕ ਮਿਲੇਗੀ ਅਤੇ ਕੇਵਲ 5% ਹੀ ਅਜਿਹੇ ਹੋਣਗੇ ਜਿਨ੍ਹਾਂ ਨੂੰ ਕਿ ਮੁਆਵਜ਼ੇ ਦੀ ਰਕਮ ਰਾਹੀਂ 1000 ਜਾਂ ਇਸਤੋਂ ਵੱਧ ਡਾਲਰਾਂ ਦੀ ਪ੍ਰਾਪਤੀ ਹੋਵੇਗੀ।
ਗੋਰਡਨ ਲੀਗਲਜ਼ ਨੇ ਵੀ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਸੈਟਲਮੈਂਟ ਅਮਾਉਂਟ ਵਿੱਚ ਕੁੱਲ 112 ਮਿਲੀਅਨ ਡਾਲਰ ਆਉਂਦੇ ਹਨ ਅਤੇ ਇਨ੍ਹਾਂ ਵਿੱਚੋਂ 10.3 ਮਿਲੀਅਨ ਡਾਲਰਾਂ ਨੂੰ ਖਰਚਿਆਂ ਵਜੋਂ ਪਹਿਲਾਂ ਹੀ ਕੱਟ ਲਿਆ ਗਿਆ ਹੈ ਅਤੇ ਬਾਕੀ ਦੀ ਬਚੀ ਹੋਈ 101.7 ਮਿਲੀਅਨ ਡਾਲਰਾਂ ਦੀ ਰਕਮ ਨੂੰ 381,000 ਲੋਕਾਂ ਵਿੱਚ ਵੰਡਿਆ ਜਾ ਰਿਹਾ ਹੈ।