ਬਦਾਮ ਵਾਲਾ ਦੁੱਧ -ਜ਼ਹਿਰੀਲੇਪਣ ਕਾਰਨ ਵੂਲਵਰਥਸ ਦੀਆਂ ਸ਼ੇਲਫਾਂ ਤੋਂ ਚੁੱਕਿਆ

ਨਿਊ ਸਾਊਥ ਵੇਲਜ਼ ਵਿਚਲੇ ਵੂਲਵਰਥਸ ਸਟੋਰਾਂ ਦੀਆਂ ਸ਼ੈਲਫ਼ਾਂ ਉਪਰ ਪਏ ‘ਇਨਸਾਈਡ ਆਊਟ’ ਬਰੈਂਡ ਦੇ ਬਦਾਮ ਦੇ ਦੁੱਧ ਨੂੰ ਗ੍ਰਾਹਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਗਿਆ ਹੈ ਕਿਉਂਕਿ ਸ਼ੱਕ ਹੈ ਕਿ ਇਸ ਬੋਤਲ ਅੰਦਰ ਕੁੱਝ ਅਜਿਹੇ ਜ਼ਹਿਰੀਲੇ ਬੈਕਟੀਰੀਆ ਪਣਪ ਰਹੇ ਹਨ ਜੋ ਕਿ ਇਸਦੇ ਇਸਤੇਮਾਲ ਕਰਨ ਵਾਲੇ ਨੂੰ ਬਿਮਾਰ ਕਰ ਸਕਦੇ ਹਨ ਅਤੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਵੀ ਹੈ। ਬਿਮਾਰੀ ਹੋਏ ਮਰੀਜ਼ ਨੂੰ ਹਸਪਤਾਲ ਵਿੱਚ ਭਰਤੀ ਕਰਨਾ ਪਿਆ ਹੈ ਜਿੱਥੇ ਕਿ ਉਹ ਜ਼ੇਰੇ ਇਲਾਜ ਹੈ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੇ ਇਸ ਦੁੱਧ ਦਾ ਇਸਤੇਮਾਲ ਕੀਤਾ ਹੈ ਤਾਂ ਉਹ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੇ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਪੈਦਾ ਹੋਣ ਕਾਰਨ, ਤੁਰੰਤ ਨਜ਼ਦੀਕੀ ਡਾਕਟਰ ਦੀ ਸਲਾਹ ਲਵੇ। ਕਿਉਂਕਿ ਤੁਰੰਤ ਪਤਾ ਲੱਗ ਜਾਣ ਤੇ ਇਲਾਜ ਵੀ ਜਲਦੀ ਅਤੇ ਆਸਾਨੀ ਨਾਲ ਹੀ ਕੀਤਾ ਜਾ ਸਕਦਾ ਹੈ।
ਉਪਰੋਕਤ ਦੁੱਧ ਦੀਆਂ ਜਿਹੜੀਆਂ ਬੋਤਲਾਂ ਜ਼ਿਆਦਾ ਇਫੈਕਟਿਡ ਦੱਸੀਆਂ ਜਾਂਦੀਆਂ ਹਨ ਉਨ੍ਹਾਂ ਉਪਰ ਮਾਰਚ 1, 2023 ਤੱਕ ਇਸਤੇਮਾਲ ਕਰਨ ਦੀ ਤਾਰੀਖ ਪਈ ਹੋਈ ਹੈ।
ਇਸਤੋਂ ਇਲਾਵਾ ਬੀਤੇ ਕੱਲ੍ਹ ਹੀ ਬਾਸਕਟ ਬਾਲ ਖੇਡਣ ਵਾਲੇ ਰਿੰਗ ਸੈਟ ਵਿੱਚ ਵੀ ਕੁੱਝ ਕਮੀਆਂ ਪਾਈਆਂ ਗਈਆਂ ਹਨ ਅਤੇ ਖੇਡਾਂ ਦੇ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਤੋਂ ਇਨ੍ਹਾਂ ਨੂੰ ਵਾਪਸ ਚੁੱਕ ਲਿਆ ਗਿਆ ਹੈ।
ਬੀਤੇ ਮਹੀਨੇ, ਜਨਵਰੀ ਦੇ ਅੰਤ ਦੌਰਾਨ ਇਸੇ ਤਰ੍ਹਾਂ ਦੇ ਮਸਲਿਆਂ ਤਹਿਤ ਹੁੰਡਾਈ ਕਾਰ ਵੀ, ਕੰਪਨੀ ਵੱਲੋਂ ਵਾਪਿਸ ਬੁਲਵਾਈ ਗਈ ਸੀ ਕਿਉਂਕਿ ਇਸ ਦੇ ਸਾਫ਼ਟਵੇਅਰ ਅੰਦਰ ਕੋਈ ਕਮੀਪੇਸ਼ੀ ਆ ਗਈ ਸੀ ਅਤੇ ਇਸ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਸੀ।