ਯੂਰੋਪ ਤੋਂ ‘ਹਵਾਲਗੀ’ ਤਹਿਤ ਨਸ਼ਿਆਂ ਦਾ ਵੱਡਾ ਤਸਕਰ ਮੈਲਬੋਰਨ ਵਿੱਚ ਗ੍ਰਿਫ਼ਤਾਰ

ਆਸਟ੍ਰੇਲੀਆਈ ਫੈਡਰਲ ਪੁਲਿਸ ਦੇ ਸਹਾਇਕ ਕਮਿਸ਼ਨਰ ਕ੍ਰਿਸੀ ਬੈਰਟ ਨੇ ਇਹ ਗੱਲ ਜਨਤਕ ਤੌਰ ਤੇ ਸਾਂਝੇ ਕਰਦਿਆਂ ਦੱਸਿਆ ਕਿ ਨੀਦਰਲੈਂਡਜ਼ ਮੁਲਕ ਤੋਂ ਹਵਾਲਗੀ ਦੇ ਤਹਿਤ, 59 ਸਾਲਾਂ ਦੇ ਸੇ ਚੀ ਲੋਪ ਨੂੰ ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਮੈਲਬੋਰਨ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਦੋਹਾਂ ਮੁਲਕਾਂ ਦੀ ਪੁਲਿਸ ਦੀ ਸਾਂਝੀ ਕਾਰਵਾਈ ਤਹਿਤ ਕੀਤੀ ਗਈ ਹੈ।
ਮੁਲਜ਼ਮ, ਜੋ ਕਿ ਕੈਨੈਡਾ ਦਾ ਨਾਗਰਿਕ ਹੈ, ਉਪਰ ਇਲਜ਼ਾਮ ਹਨ ਕਿ ਮਾਰਚ 2012 ਤੋਂ ਮਾਰਚ 2013 ਦੌਰਾਨ , ਉਕਤ ਨੇ ਸਿਡਨੀ ਅਤੇ ਮੈਲਬੋਰਨ ਦਰਮਿਆਨ 20 ਕਿਲੋਗ੍ਰਾਮ ਦੇ ਕਰੀਬ ਮੈਥਮਫੈਟਾਮਾਈਨ ਨਾਮ ਦਾ ਨਸ਼ੀਲਾ ਪਦਾਰਥ ਸਪਲਾਈ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਇਹ ਨਸ਼ੀਲਾ ਪਦਾਰਥ ਜਿਸ ਦੀ ਕੀਮਤ 4.4 ਮਿਲੀਅਨ ਡਾਲਰਾਂ ਦੀ ਸੀ ਅਤੇ ਪੁਲਿਸ ਵੱਲੋਂ ਜ਼ਬਤ ਕਰ ਲਿਆ ਗਿਆ ਸੀ।
ਇਹ ਮੁਲਜ਼ਮ, ਆਸਟ੍ਰੇਲੀਆਈ ਕਸੀਨੋ ਨਾਮ ਤਹਿਤ ਇੱਕ ਬੈਂਕ ਖਾਤਾ ਵੀ ਚਲਾਉਂਦਾ ਸੀ ਜਿਸ ਜ਼ਰੀਏ ਇਹ ਨਸ਼ਿਆਂ ਦੇ ਧੰਦੇ ਵਾਲੇ ਪੈਸੇ ਦਾ ਆਦਾਨ-ਪ੍ਰਦਾਨ ਕਰਦਾ ਸੀ।
ਸਹਾਇਕ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆਈ ਫੈਡਰਲ ਪੁਲਿਸ ਦੀ ਇਹ ਇੱਕ ਬਹੁਤ ਹੀ ਵੱਡੀ ਕਾਮਿਯਾਬੀ ਕਹੀ ਜਾ ਸਕਦੀ ਹੈ ਕਿਉਂਕਿ ਇੰਨੇ ਵੱਡੇ ਰੈਕਟ ਦਾ ਮੁਖੀਆ ਪੁਲਿਸ ਦੇ ਹੱਥੇ ਚੜ੍ਹਿਆ ਹੈ ਅਤੇ ਇਸਦੀ ਗ੍ਰਿਫ਼ਤਾਰੀ ਵਿੱਚ ਘੱਟੋ ਘੱਟ ਇੱਕ ਦਸ਼ਕ ਦੀ ਮੁਸ਼ੱਕਤ ਵੀ ਸ਼ਾਮਿਲ ਹੈ।
ਉਕਤ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।