ਖ਼ੁਸ਼ੀ ਤਾਂ ਤੁਹਾਡੇ ਆਸ-ਪਾਸ ਹੀ ਹੈ….

ਪ੍ਰਸੰਨ, ਆਨੰਦਿਤ, ਪੂਰਨ ਸੰਤੁਸ਼ਤ, ਜੋ ਆਪਣੇ ਜਾਂ ਕਿਸੇ ਦੇ ਦੁਆਰਾ ਕੀਤੇ ਹੋਏ ਕੰਮ ਤੋਂ ਸੁੱਖ ਅਤੇ ਸੰਤੋਸ਼ ਦਾ ਅਨੁਭਵ ਕਰ ਰਿਹਾ ਹੋਵੇ ਜਾਂ ਪ੍ਰਫੁੱਲਤਾ ਦਾ ਨਾਂਅ ਹੀ ਖ਼ੁਸ਼ੀ ਹੈ। ਜ਼ਿੰਦਗੀ ਇਕ ਤਰਾਜ਼ੂ ਹੈ ਜਿਸ ਦੇ ਇਕ ਪਲੜੇ ਵਿਚ ਸੁੱਖ ਅਤੇ ਦੂਸਰੇ ਪਲੜੇ ਵਿਚ ਦੁੱਖ, ਸੰਤੁਲਨ ਅਤੇ ਅਸੰਤੁਲਨ ਦੀ ਕਿਰਿਆ ਵਿਚ ਹੇਠਾਂ ਉਪੱਰ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਦੇ ਭਾਰ ਨਾਲ ਵਧਣ-ਘਟਣ ਨਾਲ ਆਪਣੀ ਸਮਰਥਾ ਨੂੰ ਚਲਾਈ ਰਖਦਾ ਹੈ। ਜ਼ਿੰਦਗੀ ਇਕ ਐਸਾ ਖ਼ੂਬਸੂਰਤ ਸੁਗੰਧਿਤ ਖਿੜ੍ਹਿਆ ਫੁੱਲ ਹੈ ਜਿਸ ਦੀਆਂ ਸੂਖ਼ਮ ਕੋਮਲ ਸੁੰਦਰ ਦਿੱਖ ਦੀਆਂ ਪੱਤੀਆਂ ਦੇ ਹੇਠਾਂ ਨੁਕੀਲੇ ਕੰਡੇ (ਖਾਰ) ਆਪਣੀ ਚੋਭ ਦਾ ਖ਼ਤਰਨਾਕ ਅਹਿਸਾਸ ਕਰਵਾਉਣ ਵਿਚ ਸਦਾ ਹੀ ਤੱਤਪਰ ਰਹਿੰਦੇ ਹਨ। ਖ਼ੂਬਸੂਰਤ ਫੁੱਲ, ਖ਼ੁਸ਼ਬੂ, ਛੂਹਣ ਅਤੇ ਕੰਡਿਆਂ ਦਾ ਚੋਭਮਈ ਅਹਿਸਾਸ ਹੀ ਦੀਵਾਨ ਦੀ ਪਰਿਭਾਸ਼ਾ ਸਾ ਸਾਰਥਿਕ ਕੀਰਤੀਮਾਨ ਸਥਾਪਤ ਕਰਦਾ ਹੈ।

ਦੋਸਤੋ ਖ਼ੁਸ਼ੀ ਕਿਸੇ ਵੀ ਰੂਪ ਵਿਚ ਆਈ ਹੋਵੇ ਉਸ ਦਾ ਸਿੱਧਾ ਸਬੰਧ ਦਿਲ-ਦਿਮਾਗ਼ ਤੇ ਜਿਸਮ ਨਾਲ ਹੁੰਦਾ ਹੈ। ਸਾਰੀਆਂ ਇੰਦਰੀਆਂ ਖ਼ੁਸ਼ੀ ਦੇ ਅਹਿਸਾਸ ਨਾਲ ਪ੍ਰਫੁਲਿਤ ਹੁੰਦੀਆਂ ਹਨ। ਸੌ ਬਿਮਾਰੀਆਂ ਦੀ ਇਕ ਦਵਾਈ ਹੈ ਖ਼ੁਸ਼ੀ। ਖ਼ੁਸ਼ੀ ਇਕ ਐਸਾ ਸੂਖ਼ਮ ਅਹਿਸਾਸ ਹੈ ਜਿਸ ਦੀ ਆਮਦ ਨਾਲ ਸਾਰੀਆਂ ਇੰਦਰੀਆਂ ਦੇ ਦਰ ਆਪਣੇ ਆਪ ਖੁਲ੍ਹਦੇ ਹੋਏ ਮੰਤਰ ਮੁਗਧ-ਆਨੰਦ ਅਨਹਦ ਦੀ ਪ੍ਰਿਕ੍ਰਿਆ ਨੂੰ ਪਾਰ ਕਰਦੇ ਹੋਏ ਜਿਸਮ ਦੇ ਅੰਦਰੂਨੀ ਅੰਗਾਂ ਨੂੰ ਤਾਜ਼ਗੀ, ਸ਼ੁਧਤਾ, ਪੂਰਨਤਾ ਆਦਿ ਨੂੰ ਇਕ ਅਲੌਕਿਕ ਸ਼ਕਤੀ ਪ੍ਰਦਾਨ ਕਰਦੀ ਹੈ ਜਿਸ ਨਾਲ ਮਨੁੱਖ ਦੀ ਲੰਬੀ ਉਮਰ ਨੂੰ ਚਾਰ ਚੰਦ ਲਗਦੇ ਹਨ। ਖ਼ੁਸ਼ੀ ਸਰੀਰ ਨੂੰ ਊਰਜਾ ਦਿੰਦੀ ਹੈ। ਬਚਪਨ ਤੋਂ ਲੈ ਕੇ ਆਖ਼ਰੀ ਦਮ ਤੱਕ ਖ਼ੁਸ਼ੀਆਂ ਦਾ ਦਾਰੋਮਦਾਰ ਕਿਸੇ ਨਾ ਕਿਸੇ ਰੂਪ ਵਿਚ ਚਲਦਾ ਹੀ ਰਹਿੰਦਾ ਹੈ। ਜੀਵਨ ਛੋਟੀਆਂ-ਛੋਟੀਆਂ ਖ਼ੁਸ਼ੀਆਂ ਦਾ ਅਦਭੁਤ ਸੁੰਦਰ ਸੰਗ੍ਰਹਿ ਹੈ। ਕਿਸੇ ਵੀ ਵਿਅਕਤੀ ਕੋਲ ਖ਼ੁਸ਼ੀਆਂ ਦਾ ਪੂਰਾ ਆਸਮਾਨ ਨਹੀਂ ਹੈ ਕਿ ਜਦੋਂ ਉਸ ਦਾ ਜੀਅ ਕਰੇ ਖ਼ੁਸ਼ੀਆਂ ਦੇ ਆਸਮਾਨ ‘ਚੋਂ ਤਾਰਾ ਤੋੜ ਲਵੇ। ਖ਼ੁਸ਼ੀਆਂ ਤਾਂ ਤੁਹਾਡੇ ਚੋਗਿਰਦੇ ਅਤੇ ਆਪਣੇ ਆਪ ਦੇ ਆਲੇ-ਦੁਆਲੇ ਛੁਪੀਆਂ ਪਈਆਂ ਹਨ, ਅਲਬੱਤਾ, ਜ਼ਰੂਰਤ ਹੈ ਉਨ੍ਹਾਂ ਨੂੰ ਕੋਸ਼ਿਸ਼, ਮਿਹਨਤ, ਸੁਹਿਰਦਤਾ, ਕਰਮਠਤਾ ਦੀਆਂ ਅੱਖਾਂ ਨਾਲ ਲੱਭਣ ਦੀ, ਜੋ ਮਨੁੱਖ ਖ਼ੁਸ਼ੀਆਂ ਲੱਭਣ ਵਿਚ ਮਾਹਿਰ ਹੁੰਦੇ ਹਨ ਜਾਂ ਸੰਵੇਦਨਸ਼ੀਲ ਹੁੰਦੇ ਹਨ, ਹਰ ਤੜਪਦੀ ਸ਼ੈਅ ਨੂੰ ਆਪਣਾ ਸਮਝਦੇ ਹਨ, ਉਹ ਆਲੇ-ਦੁਆਲੇ ‘ਚੋਂ ਖ਼ੁਸ਼ੀਆਂ ਲੱਭ ਲੈਂਦੇ ਹਨ।

ਆਪਣੇ ਆਲੇ-ਦੁਆਲੇ ਵਿਚ ਖ਼ੁਸ਼ੀਆਂ ਦਾ ਅਮੁੱਲਾ ਆਦਿੱਖ ਤੇ ਦਿੱਖ ਭੰਡਾਰ ਆਪਣੇ ਵੱਖ-ਵੱਖ ਮਨੋਰਮ ਤੱਤਾਂ ਨੂੰ ਛੁਪਾਈ ਬੈਠਾ ਹੈ, ਜ਼ਰੂਰਤ ਤਾਂ ਹੈ ਸਿਰਫ਼ ਕਿ ਤੁਹਾਨੂੰ ਉਨਹਾਂ ‘ਚੋਂਖ਼ੁਸ਼ੀ ਕਿਵੇਂ ਲੱਭਦੀ ਹੈ? ਘਰ ‘ਚੋਂ ਹੀ ਲੈ ਲਓ: ਮਾਤਾ-ਪਿਤਾ, ਪਤਨੀ, ਬੱਚੇ, ਪੋਤਾ-ਪੋਤੀ, ਨੂੰਹ, ਸੱਸ, ਸਹੁਰਾ, ਭਰਾ-ਭੈਣ, ਦੋਸਤ, ਰਿਸ਼ਤੇਦਾਰ ਆਦਿ ਰਿਸ਼ਤਿਆਂ ਦੀ ਅਦਭੁਤ ਰਚਨਾ ਵਿਚ ਮਾਲਾ ਮਾਲ ਖ਼ੁਸ਼ੀਆਂ ਦਾ ਖ਼ਜ਼ਾਨਾ ਹੈ ਇਸ ਨੂੰ ਲੱਭਣ ਦੀ ਜ਼ਰੂਰਤ ਹੈ। ਰਿਸ਼ਤਿਆਂ ਦੀ ਹਰ ਇਕ ਖ਼ਵਾਹਿਸ਼ ਨੂੰ ਮੰਦਿਰ ਦੇ ਪੁਜਾਰੀ ਵਾਂਗ ਅਰਚਨਾ ਪੂਜਾ ਦੇ ਥਾਲ ਵਿਚ ਰੱਖ ਕੇ ਸੱਚੇ ਦਿਲੋਂ, ਸੁਹਿਰਦਤਾ, ਇਕਾਗਰਤਾ ਦੀ ਮਾਲਾ ਪਹਿਣ ਕੇ ਆਰਤੀ ਉਤਾਰਦੇ ਜਾਓ, ਖ਼ੁਸ਼ੀਆਂ ਦਾ ਪ੍ਰਸ਼ਾਦਿ ਤੁਹਾਡੇ ਕੋਲ ਹੋਵੇਗਾ। ਇਕ ਅਲੌਕਿਕ ਆਨੰਦ, ਲੌਕਿਕਤਾ ਦੀ ਹਕੀਕਤ ਵਿਚ ਤੁਹਾਡੇ ਜਿਹਨ ਦੇ ਗਗਨ ਵਿਚ ਅਨੇਕਾਂ ਹੀ ਆਸਾਂ-ਮੁਰਾਦਾਂ ਦੇ ਖ਼ੂਬਸੂਰਤ ਚਮਕਦੇ ਝਿਲਮਿਲ ਕਰਦੇ ਸੂਰਜ ਚੰਦ ਸਿਤਾਰੇ ਚੜ੍ਹਾ ਕੇ ਰੌਸ਼ਨੀਆਂ ਦੇ ਬੰਦਨਵਾਰ ਦਿਲਾਂ ਦੇ ਦਰਵਾਜ਼ਿਆਂ ਉਪੱਰ ਸਜਾ ਦੇਵੇਗਾ। ਆਨੰਦ ਦੀ ਇਕ ਲਹਿਰ, ਇਕ ਅਤਿ ਰੂਪ ਰੌਸ਼ਨੀ, ਸੱਚਖੰਡ ਦੀ ਪਰਾਏਵਾਚੀ ਹੋ ਕੇ ਰੂਹ ਦੇ ਸੁੰਦਰ ਗੁਲਸ਼ਨ ਵਿਚ ਰਬ ਵਰਗਾ ਅਹਿਸਾਸ ਦੇ ਜਾਵੇਗੀ। ਜੀਵਨ ਦੇ ਹਰ ਤੱਤ ਵਿਚ ਦੁਨੀਆਂ, ਕਾਏਨਾਤ, ਬ੍ਰਹਿਮੰਡ, ਭੁਗੋਲ, ਖਗ਼ੋਲ ਦੇ ਹਰ ਤੱਤ ਵਿਚ ਖ਼ੁਸ਼ੀ ਛੁਪੀ ਹੋਈ ਹੈ। ਜ਼ਰੂਰਤ ਹੈ ਇਮਾਨਦਾਰੀ, ਸੱਚ, ਨੇਕੀ, ਆਧਿਆਤਮਿਕਤਾ, ਪਿਆਰ, ਨਿਮਰਤਾ, ਪੂਜਨ, ਸਤਿਕਾਰ, ਸ਼ੁਕਰੀਆ, ਧੰਨਵਾਦ, ਮਿਹਰਬਾਨੀ (ਸਲਾਮ), ਸਤਿਕਾਰ, ਅਭਿਵਾਦਨਾ, ਅਭਿਨੰਦਨ, ਸੰਕਲਪ, ਪ੍ਰਣ, ਤਿਆਗ, ਮਿਹਨਤ, ਆਪਣਾਪਣ, ਰੰਗ-ਜਾਤ-ਪਾਤ ਰਹਿਣ, ਕੁਦਰਤ ਤੇ ਖੇੜਾ ਸੂਖ਼ਮ-ਮਜ਼ਬੂਤ, ਪਿਆਰਾ ਜਿਹਾ, ਕਿਸੇ ਆਸ ਦੀ ਟਹਿਣੀ ‘ਤੇ ਝੂਲਦਾ ਸੁੰਦਰ ਆਲ੍ਹਣਾ ਹੋਵੇ।

ਖ਼ੁਸ਼ੀ ਝੂਠ ਰਿਸ਼ਵਤ, ਠੱਗੀ ਠੋਰੀ, ਬੇਈਮਾਨੀ, ਹੰਕਾਰ, ਆਦਿ ਤੱਤਾਂ ਵਿਚ ਚਮਕ ਕੇ ਆਉਂਦੀ ਹੈ ਪਰ ਕੁਝ ਪਲਾਂ ਲਈ ਪਰ ਫਿਰ ਖ਼ੁਦਕਸ਼ੀ ਕਰ ਲੈਂਦੀ ਹੈ ਅਤੇ ਫਿਰ ਜ਼ਿੰਦਗੀ ਦੀਆਂ ਸਭ ਕਿਰਿਆਵਾਂ ਨੂੰ ਨਰਕ ਬਣਾ ਦਿੰਦੀ ਹੈ। ਜਦੋਂ ਮਨੁੱਖ ਆਪਣੀ ਸੱਚੀ ਮਿਹਨਤ, ਦਿਲੀ ਸਾਧਨਾ, ਉਚੇ ਸੰਕਲਪ, ਸੁਚੱਜੀਆਂ ਯੋਜਨਾਵਾਂ, ਇਕਰਾਰ ਸ਼ਕਤੀਆਂ ਆਦਿ ਨਾਲ ਕਿਸੇ ਪ੍ਰਾਪਤੀ ਦੀ ਬਹੁਤ ਦੂਰ ਖੜ੍ਹੀ ਮੰਜ਼ਿਲ ਨੂੰ ਪਾਵਣ ਲਈ ਤੱਤਪਰ ਹੁੰਦਾ ਹੈ ਤਾਂ ਉਸ ਦੀ ਸਾਰੀ ਦਿਮਾਗ਼ੀ ਤੇ ਸਰੀਰਕ ਸ਼ਕਤੀ ਇਮਾਨਦਾਰੀ ਅਤੇ ਸੰਘਰਸ਼ ਦੇ ਕੰਡਿਆਲੇ ਰਾਹਾਂ ‘ਚੋਂ ਨਿਕਲਦੀ ਹੋਈ ਛੋਟੀ ਜਾਂ ਵੱਡੀ ਪ੍ਰਾਪਤੀ ਨੂੰ ਆਪਣੀ ਹੋਂਦ ਵਿਚ ਪਾ ਲੈਂਦਾ ਹੈ ਤਾਂ ਇਕ ਵੱਡੀ ਖ਼ੁਸ਼ੀ ਦਾ ਜਨਮ ਹੁੰਦਾ ਹੈ, ਜਿਸ ਦਾ ਆਨੰਦ ਉਸ ਦੇ ਤਨ-ਮਨ-ਰੂਹ ਵਿਚ ਖੇੜ੍ਹੇ ਦੀਆਂ ਖ਼ੁਸ਼ਬੂਆਂ ਨਾਲ ਭਰਦਾ ਹੋਇਆ ਉਸ ਦੀ ਤ੍ਰਿਪਤੀ ਨੂੰ ਪੂਰਨਤਾ ਦੇ ਬੰਧਨ ਵਿਚ ਬੰਨ ਕੇ ਅਨੇਕ ਖ਼ੁਸ਼ੀਆਂ ਦਾ ਸੰਗਮ ਰਚਾਉਂਦਾ ਹੈ। ਸਾਰੀ ਕਾਏਨਾਤ, ਸੁੰਦਰਤਾ, ਚੰਗੀਆਂ ਪੁਸਤਕਾਂ, ਸਾਹਿਤਕ ਰਸਾਲੇ, ਅਖ਼ਬਾਰਾਂ ਦੇ ਸਿਹਤਮਈ ਕਾਲਮ, ਲੇਖ, ਵੱਖ-ਵੱਖ ਰਿਸ਼ਤਿਆਂ ਦੇ ਰਾਮ-ਭਰਤ ਦੀਆਂ ਖੜ੍ਹਾਵਾਂ ਵਰਗੇ ਰਿਸ਼ਤੇ ਆਦਿ ਤੱਤਾਂ ਵਿਚ ਖ਼ੁਸ਼ੀਆਂ ਦੇ ਸਕਾਰਾਤਮਿਕ, ਫਬੀਲੇ ਵੱਡੇ-ਵੱਡੇ ਸੂਰਜ ਤੇ ਸਾਗਰ ਛੁਪੇ ਹੋਏ ਹਨ ਜਿਨ੍ਹਾਂ ਨੂੰ ਸੋਚ ਦੀ ਖੋਜਮਈ ਸ਼ਕਤੀ ਨਾਲ ਵਾਚਣ ਦੀ ਜ਼ਰੂਰਤ ਪੈਂਦੀ ਹੈ।

ਸੰਵੇਦਨਸ਼ੀਲਤਾ, ਅਹਿਸਾਸ ਤੇ ਮਹਿਸੂਸ ਕਰਨ ਦੀਆਂ ਅੰਦਰੂਨੀ ਸ਼ਕਤੀਆਂ ਜਦ ਮਨੁੱਖ ਵਿਚ ਉਜਾਗਰ ਹੋ ਕੇ ਉਸ ਨੂੰ ਚੰਗੇ-ਮਾੜੇ ਦੀ ਪਹਿਚਾਣ, ਸਿੱਖਣ ਤੇ ਮੰਨਣ ਦੀ ਭਾਵਨਾ ਦੇ ਦਾਣਿਆਂ ਨੂੰ ਪਿਆਰ ਦੀ ਮਿੱਠੀ ਚਾਸ਼ਣੀ ਵਿਚ ਪਾ ਕੇ ਇਕ ਨਵੀਂ ਮਿੱਠੀ-ਮਿੱਠੀ ਖ਼ੁਸ਼ਬੂਦਾਰ ਕ੍ਰਿਤੀ ਤਿਆਰ ਕਰਦਾ ਹੈ ਤਾਂ ਖ਼ੁਸ਼ੀ ਦਾ ਜਨਮ ਹੁੰਦਾ ਹੈ। ਕਿਸੇ ਵੀ ਮਨੁੱਖ ਨੇ ਕੋਈ ਹਜ਼ਾਰ ਸਾਲ ਥੋੜ੍ਹੀ ਜੀਣਾ ਏਂ, ਵੱਧ ਤੋਂ ਵੱਧ ਮਨੁੱਖ ਦੀ ਉਮਰ ਸੌ ਸਾਲ ਲਗਾ ਲਓ। ਸੌ ਸਾਲ ਤਾਂ ਐਵੇਂ ਚੁਟਕੀ ਨਾਲ ਬੀਤ ਜਾਂਦੇ ਹਨ। ਹੁਣ ਵੇਖ ਲਓ ਭਲਾ ਤੁਹਾਡੀ ਉਮਰ ਕਿੰਨੀ ਹੈ? ਭਲਾ ਇੰਝ ਮਹਿਸੂਸ ਨਹੀਂ ਹੋ ਰਿਹਾ ਕਿ ਤੁਸੀਂ ਜਿਸ ਉਮਰ ਵਿਚ ਹੋ, ਇਉਂ ਨਈਂ ਲਗਦਾ ਕਿ ਇਹ ਉਮਰ ਤਾਂ ਚੁਟਕੀ ਵਾਂਗ ਬੀਤ ਗਈ ਏ। ਤੁਸੀਂ ਸੋਚੋਗੇ ਕਿ ਕਈ ਅਧੂਰੇ ਕੰਮ ਰਹਿ ਗਏ ਹਨ, ਜੋ ਨਹੀਂ ਕੀਤੇ ਅਤੇ ਬੁਢਾਪੇ ਨੇ ਜੀਵਨ ਦੀ ਪੁਸਤਕ ਦੇ ਆਖ਼ਰੀ ਪੰਨੇ ‘ਤੇ ਦਸਤਖ਼ਤ ਕਰ ਦਿੱਤੇ ਹਨ। ਸਰੀਰਕ ਸ਼ਕਤੀਆਂ ਰਫੂ-ਚੱਕਰ ਹੋ ਗਈਆਂ ਹਨ। ਹੁਣ ਕੀ ਕਰੀਏ? ਤੁਸੀਂ ਹੁਣ ਕੁਝ ਨਈਂ ਕਰ ਸਕਦੇ। ਦੋਸਤੋ ਜਵਾਨੀ ਤੇ ਪ੍ਰੋਢਤਾ ਦੀ ਉਮਰ ਇਕ ਬਹੁਤ ਹੀ ਖ਼ੂਬਸੂਰਤ, ਕਰਮਠ, ਮਨਮੋਹਣੀ, ਜਾਨਦਾਰ ਉਮਰ ਹੁੰਦੀ ਹੈ, ਇਹ ਉਮਰ ਹੀ ਪ੍ਰਾਪਤੀਆਂ ਦੀ ਉਮਰ ਹੁੰਦੀ ਹੈ। ਮਿਹਨਤ, ਸੰਘਰਸ਼, ਸੰਕਲਪ, ਪ੍ਰਣ, ਨਿਸ਼ਠਾ, ਪ੍ਰਤਿਸ਼ਠਾ ਆਦਿ ਦੀ ਉਮਰ ਹੁੰਦੀ ਹੈ। ਜਿਹੜੇ ਲੋਕ ਇਸ ਉਮਰ ਵਿਚ ਆਪਣੀਆਂ ਮਿੱਥੀਆਂ ਹੋਈਆਂ ਪ੍ਰਾਪਤੀਆਂ, ਨਿਸ਼ਾਨੇ ਨੂੰ, ਗੋਲ ਨੂੰ ਪ੍ਰਾਪਤ ਕਰ ਲੈਂਦੇ ਹਨ, ਫਿਰ ਓਨ੍ਹਾਂ ਦੇ ਆਲੇ-ਦੁਆਲੇ, ਹਿਰਦੇ ਵਿਚ ਖ਼ੁਸ਼ੀਆਂ ਦੇ ਢੇਰ ਲੱਗੇ ਰਹਿੰਦੇ ਹਨ। ਖ਼ੁਸ਼ੀ ਹੀ ਇਕ ਐਸੀ ਚੀਜ਼ ਹੈ ਜੋ ਮਨੁੱਖ ਨੂੰ ਤਾਜ਼ਗੀ, ਸਫੁਰਤੀ, ਸੁੰਦਰਤਾ, ਮੁਹੱਬਤ-ਮੋਹ-ਪਿਆਰ, ਰਿਸ਼ਤਿਆਂ ਦੇ ਨਿੱਘ, ਖ਼ੂਬਸੂਰਤੀ, ਆਪਣਾਪਣ, ਬਿਗਾਨਾ ਵੀ ਆਪਣਾ, ਹਰਿਆਲੀ, ਤੰਦਰੁਸਤੀ ਅਤੇ ਸਵਰਗ ਵਰਗੀ ਰੌਸ਼ਨੀ ਪ੍ਰਦਾਨ ਕਰਦੀ ਹੈ।

ਮੈਂ ਇਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਮੇਰਾ ਇਕ ਜਾਣਕਾਰ ਵਿਅਕਤੀ ਜੋ ਇਕ ਉਚੱ ਅਫ਼ਸਰ ਸੀ। ਉਸ ਨੇ ਬਹੁਤ ਰਿਸ਼ਵਤ ਲਈ, ਠੱਗੀਆਂ ਮਾਰੀਆਂ। ਬਹੁਤ ਜਾਇਦਾਦ ਬਣਾਈ। ਉਹ 55 ਦੇ ਕਰੀਬ ਬਿਮਾਰ ਹੋ ਗਿਆ। ਡਾਕਟਰਾਂ ਨੇ ਕਿਹਾ ਕਿ ਇਸ ਨੂੰ ਕੈਂਸਰ ਹੈ। ਕੋਈ ਬਚਾਅ ਨਹੀਂ ਹੈ। ਉਸ ਦਾ ਇਲਾਜ ਇਕ ਚੰਗੇ ਹਸਪਤਾਲ ਵਿਚ ਹੋ ਰਿਹਾ ਸੀ। ਮੈਂ ਉਸ ਦਾ ਹਾਲ-ਚਾਲ ਪੁੱਛਣ ਲਈ ਗਿਆ। ਉਸ ਦਾ ਸਰੀਰ ਭੁਕਾਣੇਂ ‘ਚੋਂ ਨਿਕਲੀ ਹਵਾ ਦੇ ਵਾਂਗ ਹੋ ਚੁਕਿਆ ਸੀ। ਅੱਖਾਂ ਧੱਸੀਆਂ ਹੋਈਆਂ। ਸਿਰ ਦੇ ਵਾਲ ਝੜ ਚੁਕੇ ਸਨ। ਗੋਰਾ ਚਿੱਟਾ ਰੰਗ ਕਾਲਾ ਹੋ ਚੁਕਾ ਸੀ, ਜਿਵੇਂ ਕੋਈ ਭੂਤ ਹੋਵੇ। ਮੈਂ ਉਸ ਨੂੰ ਕਿਹਾ, “ਭਾਅ ਜੀ, ਕੀ ਹਾਲ ਏ?” ਉਹ ਮੇਰੇ ਵੱਲ ਵੇਖ ਕੇ ਰੋਣ ਲੱਗ ਪਿਆ। ਕਿਉਂਕਿ ਮੈਂ ਉਸ ਨੂੰ ਹਰ ਚੰਗੀ-ਮਾੜੀ ਕਿਰਿਆ ਤੋਂ ਜਾਣਦਾ ਸਾਂ। ਮੈਨੂੰ ਰੋਂਦੇ ਹੋਏ ਕਹਿਣ ਲੱਗਾ, “ਜੋ ਕੁਝ ਜੀਵਨ ਵਿਚ ਕੀਤਾ ਹੈ, ਸਭ ਕੁਝ ਦਿਮਾਗ਼ ਵਿਚ ਘੁੰਮ ਰਿਹਾ ਹੈ। ਦਿਲ ਕਰਦਾ ਹੈ ਵਾਪਿਸ ਜਾ ਕੇ ਉਨ੍ਹਾਂ ਸਭਨਾਂ ਕੋਲੋਂ ਮੁਆਫ਼ੀ ਮੰਗਾਂ ਜਿਨ੍ਹਾਂ ਦਾ ਮੈਂ ਦਿਲ ਦੁਖਾਇਆ ਹੈ। ਜਿਨ੍ਹਾਂ ਨਾਲ ਜ਼ਿਆਦਤੀਆਂ ਕੀਤੀਆਂ ਹਨ। ਜਿਨ੍ਹਾਂ ਨਾਲ ਠੱਗੀਆਂ-ਠੋਰੀਆਂ ਮਾਰੀਆਂ ਹਨ।”

ਮੈਂ ਕਿਹਾ, “ਭਾਅ ਜੀ, ਤੁਸੀਂ ਹੁਣ ਵਾਪਿਸ ਨਹੀਂ ਜਾ ਸਕਦੇ। ਤੁਸੀਂ ਮੈਨੂੰ ਦੱਸੋ ਕਿ ਜੀਵਨ ਕੀ ਹੈ? ਸਾਨੂੰ ਕਿਵੇਂਜੀਣਾ ਚਾਹੀਦਾ ਹੈ? ਕੋਈ ਸਾਨੂੰ ਸੰਦੇਸ਼ ਦੇਵੋ ਤਾਂ ਕਿ ਅਸੀਂ ਵੀ ਕੋਈ ਗ਼ਲਤੀ ਨਾ ਕਰ ਸਕੀਏ।” ਉਸ ਨੇ ਮੈਨੂੰ ਇਸ਼ਾਰੇ ਨਾਲ ਸਮਝਾਇਆ, ਮੈਂ ਸਮਝ ਗਿਆ ਤੇ ਇਕ ਕਾਗ਼ਜ਼ ਤੇ ਜੇਬ ‘ਚੋਂ ਪੈਨੱ ਕੱਢ ਕੇਦੇ ਦਿੱਤਾ। ਕਾਗ਼ਜ਼ ਉਪੱਰ ਵੱਡੇ ਜਿਹੇ ਸ਼ਬਦਾਂ ਵਿਚ ਲਿਖ ਦਿੱਤਾ, “ਲਵ (ਪਿਆਰ)”।

ਦੋਸਤੋ ਖ਼ੁਸ਼ੀ ਦੀ ਮੰਜ਼ਿਲ ਪਿਆਰ ਹੈ। ਸੱਚ ਦਾ ਪਿਆਰ, ਇਮਾਨਦਾਰੀ ਦਾ ਪਿਆਰ, ਰਿਸ਼ਤਿਆਂ ਨਾਤਿਆਂ ਦਾ ਸੱਚਾ ਪਿਆਰ, ਦੋਸਤਾਂ, ਮਿੱਤਰਾਂ, ਸਨੇਹੀਆਂ, ਬਿਗਾਨਿਆਂ ਦਾ ਪਿਆਰ, ਆਲੇ-ਦੁਆਲੇ ਦਾ ਪਿਆਰ, ਹਰ ਤੱਤ ਵਿਚ ਖਿੜ੍ਹੀ ਧੁੱਪ ਵਰਗਾ, ਸਰਘੀ ਦੇ ਵੇਲੇ ਵਰਗਾ ਨਿੱਘਾ ਪਿਆਰ। ਦੋਸਤੋ ਖ਼ੁਸ਼ੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਰਹੋ, ਤੁਹਾਡੇ ਆਲੇ-ਦੁਆਲੇ ਹੀ ਹੈ।

(ਬਲਵਿੰਦਰ ‘ਬਾਲਮ’ ਗੁਰਦਾਸਪੁਰ) +91 98156-25409

Install Punjabi Akhbar App

Install
×