ਹਰ ਵਿਅਕਤੀ ਨੂੰ ਸਾਹਿਤ ਪੜ੍ਹਨ ਵਿਚ ਰੱਖਣੀ ਚਾਹੀਦੀ ਰੁਚੀ

ਸਾਹਿਤ ਸਮਾਜ ਦਾ ਸੀਸ਼ਾ ਹੈ, ਅਸੀਂ ਸਮਾਜ ਵਿਚ ਰਹਿੰਦੇ ਹੋਏ, ਇਸ ਦੇ ਨਾਲ ਦੂਜਿਆਂ ਦੁਆਰਾ ਕੀਤੇ ਜਿੰਦਗੀ ਵਿਚ ਸਮਝੌਤੇ, ਜਿੰਦਗੀ ਦੇ ਚੰਗੇ ਕੰਮਾਂ ਨੂੰ ਆਪਣੀ ਜਿੰਦਗੀ ਦਾ ਆਧਾਰ ਬਣਾ ਲੈਂਦੇ ਹਾਂ। ਪਰ ਉਨ੍ਹਾਂ ਦੁਆਰਾ ਚੁਣੇ ਗਏ ਗਲਤ ਦਿਸ਼ਾਮਾਨ ਕਰਦੇ ਫੈਸਲਿਆਂ ਦੀ ਤੁਲਨਾ ਆਪਣੀ ਜਿੰਦਗੀ ਦੇ ਨਾਲ ਕਰਦੇ ਹੋਏ, ਉਨ੍ਹਾਂ ਤੋਂ ਸਬਕ ਲੈਂਦੇ ਹਾਂ ਤੇ ਜਿੰਦਗੀ ਨੂੰ ਬਰਬਾਦ ਹੋਣ ਤੋਂ ਬਚਾ ਲੈਂਦੇ ਹਾਂ। ‘ਸਾਹਿਤ’ ਸ਼ਬਦਾਂ ਦਾ ਹੀ ਤਾਣਾ-ਬਾਣਾ ਹੁੰਦਾ ਹੈ। ਜਿਸ ਵਿਚ ਲੇਖਕ ਆਪਣੀ ਕਲਪਨਾ ਸ਼ਕਤੀ ਨੂੰ ਅਜਿਹੇ ਰਚਨਾਤਮਿਕ ਢੰਗ ਨਾਲ ਪੇਸ਼ ਕਰਦਾ ਹੈ ਕਿ ਉਹ ਆਪਣੇ ਖੁਦ ਦੇ ਨਿੱਜੀ ਤਜ਼ੁਰਬੇ ਨੂੰ ਸ਼ਬਦਾਂ ਦੇ ਰਾਹੀਂ ਪ੍ਰਗਟ ਕਰਕੇ ਪਾਠਕਾਂ ਨੂੰ ਆਪਣੇ ਲਿਖੇ ਹੋਏ ਸ਼ਬਦਾਂ ਦੁਆਰਾ ਹੀ ਉਹ ਸਭ ਕੁਝ ਮਹਿਸੂਸ ਕਰਵਾ ਦਿੰਦਾ ਹੈ, ਜਿਸ ਦਾ ਤਜ਼ੁਰਬਾ ਉਸ ਨੇ ਖੁਦ ਕੀਤਾ ਹੁੰਦਾ ਹੈ। ਇਸ ਦੇ ਦੁਆਰਾ ਜਿੰਦਗੀ ਦੀਆਂ ਵੱਡੀਆਂ ਸਚਾਈਆਂ, ਕਠੋਰਤਾਵਾਂ, ਵਿਚਾਰ, ਹਲਾਤਾਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ ਤੇ ਉਨ੍ਹਾਂ ਲੋਕਾਂ ਲਈ ਰਸਤਾ ਤਿਆਰ ਕਰਦਾ ਹੈ, ਜਿਹੜੇ ਇਸ ਰਸਤੇ ਨੂੰ ਉਪਰ ਚੱਲਣਾ ਚਾਹੁੰਦੇ ਹਨ ਤੇ ਜਿੰਦਗੀ ਨੂੰ ਨੇੜੇ ਤੋਂ ਤੱਕਣਾ ਚਾਹੁੰਦੇ ਹਨ। 

ਸਭ ਤੋਂ ਵੱਧ ਜੋ ਗੱਲ ਹੈਰਾਨੀਜਨਕ ਹੈ, ਉਹ ਇਹ ਹੈ ਕਿ ਇਸ ਵਿਚ ਬੋਲ-ਚਾਲ ਵਿਚਾਰਾਂ ਦਾ ਅਦਾਨ ਪ੍ਰਦਾਨ ਸਿਰਫ਼ ਤੇ ਸਿਰਫ਼ ਸ਼ਬਦਾਂ ਦੇ ਦੁਆਰਾ ਹੀ ਹੁੰਦਾ ਹੈ। ਹੁਣ ਇਹ ਲੇਖਕ ‘ਤੇ ਨਿਰਭਰ ਕਰਦਾ ਹੈ ਕਿ ਉਸ ਵਿਚ ਸ਼ਬਦਾਂ ਨੂੰ ਚਿਤਰਨ ਦੀ ਕਿੰਨੀ ਕੁ ਮੁਹਾਰਤ ਹੈ ਕਿ ਉਸ ਦੁਆਰਾ ਲਿਖੀ ਕੋਈ ਵੀ ਲਿਖਤ ਪਾਠਕਾਂ ਦੀਆਂ ਅੱਖਾਂ ਅੱਗੋਂ ਕਿਸੇ ਫਿਲਮ ਦੀ ਰੀਲ ਦੀ ਤਰ੍ਹਾਂ ਘੁੰਮ ਜਾਵੇ ਤੇ ਪਾਠਕ ਉਸ ਲੇਖਕ ਦੀ ਲੇਖਣੀ ਦੇ ਨਾਲ ਖੁਸ਼ ਦੀ ਘਟਨਾ ਵੇਲੇ ਖੁਸ਼ ਹੋਵੇ ਅਤੇ ਦੁਖ ਦੀ ਘਟਨਾ ਵੇਲੇ ਅੰਦਰੋਂ ਦੁਖੀ ਮਹਿਸੂਸ ਹੋਵੇ ਤੇ ਦਿਲ ਦੀ ਚੀਸ ਉਸ ਦੇ ਅੰਦਰੋਂ ਅੱਖਾਂ ਦੁਆਰਾ ਹੰਝੂਆਂ ਦੇ ਰੂਪ ਵਿਚ ਵਹਿ ਕੇ ਉਸ ਦੇ ਚਿਹਰੇ ਤੇ ਆ ਜਾਵੇ ਤੇ ਗੱਲ ਉਸ ਦੇ ਅਚੇਤ ਮਨ, ਉਪਰ ਇਸ ਕਦਰ ਹਾਵੀ ਹੋ ਜਾਵੇ ਕਿ, ਹਰ ਸਮੇਂ ਉਹ ਉਹੀ ਗੱਲ ਸੋਚੇ, ਜੋ ਉਸ ਨੇ ਕਿਤਾਬ ਵਿਚ ਪੜ੍ਹੀ ਹੋਵੇ। 

ਸਾਡੇ ਬਹੁਤ ਸਾਰੇ ਸਹਿਤਕਾਰ ਹੋਏ, ਉਨ੍ਹਾਂ ਦੇ ਅੰਦਰ ਇਹੋ ਜਿਹੀ ਸ਼ਕਤੀ ਸੀ, ਜੋ ਮਨੁੱਖਤਾ ਨੂੰ ਬਦਲਣ ਦੇ ਕੰਮ ਆ ਸਕਦੀ ਹੈ,। ਸਾਹਿਤ ਨੂੰ ਪੜ੍ਹਨਾ ਬਹੁਤ ਜ਼ਿਆਦਾ ਜਰੂਰੀ ਹੈ, ਕਿਉਂਕਿ ਇਹ ਹਰ ਮਨੁੱਖ ਦੇ ਅੰਦਰ ਪਣਪਦੀ ਹਰ ਸ਼ੈਅ ਨੂੰ ਕਾਬੂ ਵਿਚ ਰੱਖਦਾ ਹੈ। ਇਸ ਦੇ ਨਾਲ ਮਨ ਦੇ ਅੰਦਰ ਅਲੋਚਨਾਤਮਿਕ ਵਿਚਾਰਧਾਰਾ ਵੀ ਪੈਦਾ ਹੁੰਦੀ ਹੈ। ਜਿਹੜੀ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ, ਜਬਰ-ਜੁਲਮ, ਵਖਰੇਵੇਂ, ਉਚ ਨੀਚ, ਜਾਤ ਪਾਤ ਦੇ ਭੈੜੇ ਵਿਕਾਰਾਂ ਨੂੰ ਦਬਾਉਣ ਵਿਚ ਮਨੁੱਖ ਦੀ ਸੋਚ ਨੂੰ ਸਹੀ ਦਿਸ਼ਾਮਾਨ ਕਰਦੀ ਹੈ। ਸਾਹਿਤ ਕਿਸੇ ਆਦਮੀ ਉਪਰ ‘ਸਮਾਜ ਵਿਚੋਂ’ ਪੈਣ ਵਾਲੇ ਦਬਾਅ ਨੂੰ ਘੱਟ ਕਰਨ ਵਿਚ ਸਹਾਇਕ ਸਿੱਧ ਹੁੰਦਾ ਹੈ। 

ਸਾਹਿਤ ਦੇ ਦੁਆਰਾ ਸਾਨੂੰ ਪੁਰਾਤਨ ਸਮੇਂ ਵਿਚ ਵਰਤੀਆਂ ਜਾਣ ਵਾਲੀਆਂ ਮੈਡੀਸਨ, ਇਤਿਹਾਸ, ਸਮਾਜ ਅਤੇ ਮਨੋਵਿਗਿਆਨ ਵਰਗੇ ਵਿਸ਼ਿਆਂ ਉਪਰ ਗਿਆਨ ਪ੍ਰਾਪਤ ਹੁੰਦਾ ਹੈ। ‘ਸਾਹਿਤ’ ਪੜ੍ਹਨਾ ਹਰ ਕਿਸੇ ਵੱਸ ਦੀ ਗੱਲ ਨਹੀਂ ਹੈ। ਸਾਹਿਤ ਪੜ੍ਹਣ ਦੇ ਲਈ ਹਲੀਮੀ, ਜਮੀਨੀ ਪੱਧਰ, ਸੋਚ ਉਪਰ ਕਾਬੂ ਹੋਣਾ ਜਰੂਰੀ ਹੈ

ਕਿਤਾਬਾਂ ਆਪਣੇ ਅੰਤਰ ਗਿਆਨ ਦਾ ਅਰਥਾਹ ਸਮੁੰਦਰ ਛੁਪਾ ਕੇ ਬੈਠੀਆਂ ਹਨ। ਕਿਤਾਬਾਂ ਨੂੰ ਪੜ੍ਹ ਕੇ ਮਨ ਵਧੀਆ ਹੋ ਜਾਂਦਾ ਹੈ। ਅੰਗਰੇਜ਼ੀ ਦੇ ਇਕ ਵਿਦਵਾਨ ਦੇ ਅਨੁਸਾਰ ਕਿਤਾਬਾਂ ਦੀਆਂ ਵੀ ਆਪਣੀਆਂ ਕਿਸਮਾਂ ਹੁੰਦੀਆਂ ਹਨ, ਕਿ ਕੁਝ ਕਿਤਾਬਾਂ ਸਿਰਫ਼ ਸੁਆਦ ਲਈ ਹੁੰਦੀਆਂ ਹਨ, ਕੁਝ ਕਿਤਾਬਾਂ ਨਿਗਲਣ ਵਾਸਤੇ ਹੁੰਦੀਆਂ ਹਨ ਅਤੇ ਕੁਝ ਕਿਤਾਬਾਂ ਹੌਲੀ ਹੌਲੀ ਚਬਾ ਚਬਾ ਕੇ ਹਜ਼ਮ ਕਰਨ ਲਈ ਹੁੰਦੀਆਂ ਹਨ। ਭਾਵ, ਕੁਝ ਕਿਤਾਬਾਂ ਨੂੰ ਅਸੀਂ ਭਾਗਾਂ ਦੇ ਵਿਚ ਪੜ੍ਹਦੇ ਹਾਂ, ਕੁਝ ਕਿਤਾਬਾਂ ਅਸੀਂ ਖਾਨਾਪੂਰਤੀ ਲਈ ਪੜ੍ਹਦੇ ਹਾਂ, ਕੁਝ ਕਿਤਾਬਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਰਾਮ ਦੇ ਨਾਲ ਸਮਝ ਸਮਝ ਕੇ ਪੜ੍ਹਦੇ ਹਾਂ ਅਤੇ ਆਪਣਾ ਧਿਆਨ ਉਨ੍ਹਾਂ ਉਪਰ ਕੇਂਦਰਿਤ ਕਰਦੇ ਹਾਂ। ਕਿਤਾਬਾਂ ਸੱਚੇ ਮਿਤਰਾਂ ਦੀ ਤਰ੍ਹਾਂ ਹੁੰਦੀਆਂ ਹਨ। ਜਿਹੜੀਆਂ ਕਿ ਸਾਡੇ ਜੀਵਨ ਵਿਚ ਸਦਾ ਬਣੇ ਰਹਿੰਦੇ ਤੇ ਸਮੇਂ ਸਮੇਂ ਸਿਰ ਸਾਡੀ ਚੰਗੇ ਅਗਵਾਈ-ਕਾਰ ਦੀ ਤਰ੍ਹਾ ਅਗਵਾਈ ਕਰਦੇ ਦੀਆਂ ਹਨ।  

ਹਰ ਵਰਗ ਬੱਚੇ ਤੋਂ ਲੈ ਕੇ ਪੱਕੀ ਉਮਰ ਦੇ ਵਿਅਕਤੀਆਂ ਲਈ ਕਿਤਾਬਾਂ ਪੜ੍ਹਣਾ ਬਹੁਤ ਜਰੂਰੀ ਹੈ, ਪਰ ਉਸ ਤੋਂ ਵੀ ਜਰੂਰੀ ਹੈ, ਉਸ ਵਿਚੋਂ ਗਿਆਨ ਪ੍ਰਾਪਤ ਕਰਨਾ ਅਤੇ ਉਸ ਗਿਆਨ ਨੂੰ ਸਮੇਂ ਸਮੇਂ ਸਿਰ ਆਪਣੀ ਜਿੰਦਗੀ ਦੇ ਵਿਚ ਵਰਤਣਾ, ਤਾਂ ਜੋ ਜਿੰਦਗੀ ਦੇ ਉਤਰਾਅ-ਝੜਾਅ ਵਿਚ ਕਿਤਾਬੀ ਗਿਆਨ ਦੀ ਮਦਦ ਲਈ ਜਾਵੇ। ਆਪਣੇ ਮਨ ਦੀ ਸਥਿਤੀ ਨੂੰ ਹੋਰ ਵਿਗੜਣ ਤੋਂ ਬਚਾਇਆ ਜਾ ਸਕੇ। ਕਿਉਂਕਿ ਕਿਤਾਬਾਂ ਸਾਡਾ ਧਿਆਨ ਭਟਕਣ ਨਹੀਂ ਦਿੰਦੀਆਂ, ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਤਾਂ ਅਸੀਂ ਸ਼ਬਦਾਂ ਦੇ ਸਮੁੰਦਰ ਵਿਚ ਆਪਣੇ ਆਪ ਨੂੰ ਤੈਰਦਾ ਹੋਇਆ ਮਹਿਸੂਸ ਕਰਦੇ ਹਾਂ। ਇਸ ਦੇ ਨਾਲ ਸਾਨੂੰ ਅੰਦਰੂਨੀ ਟੈਨਸ਼ਨਾਂ ਤੋਂ ਨਿਜਾਤ ਮਿਲਦੀ ਹੈ। ਜਿਵੇਂ ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਲੋੜ ਕਾਢ ਦੀ ਮਾਂ ਹੈ, ਦੇ ਅਨੁਸਾਰ ਅਸੀਂ ਕਿਸੇ ਵੀ ਸਮੱਸਿਆ ਦਾ ਹੱਲ ਕਿਤਾਬਾਂ ਵਿਚ ਲਿਖੀ ਘਟਨਾ ਦੇ ਹੱਲ ਨਾਲ ਤੁਲਨਾ ਕਰਕੇ ਝੱਟ ਕੱਢ ਲੈਂਦੇ ਹਾਂ ਤੇ ਸਾਡੇ ਅੰਦਰਲੇ ਮਨ ਬਾਰੇ, ਚਿੰਤਾਂ ਬਾਰੇ, ਡਰ ਬਾਰੇ, ਕਿਸੇ ਨੂੰ ਵੀ ਪਤਾ ਨਹੀਂ ਲੱਗਦਾ। ਸਾਨੂੰ ਕਿਸੇ ਅੱਗੇ ਸ਼ਰਮਿੰਦਾ ਵੀ ਨਹੀਂ ਹੋਣਾ ਪੈਂਦਾ। 

ਹਰ ਆਦਮੀ ਦੀ ਜਿੰਦਗੀ ਵਿਚ ਜਿਵੇਂ ਜਨਮ ਲੈਣ ਤੋਂ ਮੌਤ ਤੱਕ ਦਾ ਪੰਧ ਆਉਂਦਾ ਹੀ ਹੈ, ਉਸੇ ਤਰ੍ਹਾਂ ਵਿਅਕਤੀ ਦੀ ਜਿੰਦਗੀ ਦੇ ਵਿਚ ਇਕ ਉਮਰ ਐਸੀ ਆਉਂਦੀ ਹੈ, ਜਦੋਂ ਉਸ ਦੇ ਵਿਚਾਰ ਖੰਭ ਲਾ ਕੇ ਅੰਬਰਾਂ ਵਿਚ ਉੱਡਣ ਲੱਗਦੇ ਹਨ, ਪੈਰ ਜ਼ਮੀਨ ਤੇ ਨਹੀਂ ਲੱਗਦੇ, ਹਰ ਸ਼ੈਅ ਵਿਚ ਮਿੱਠਾ ਮਿੱਠਾ ਸੰਗੀਤ ਸੁਣਾਈਂ ਦਿੰਦਾ ਹੈ। ਕਲਪਨਾ ਕਾਬੂ ਵਿਚ ਨਹੀਂ ਰਹਿੰਦੀ, ਹਰ ਸ਼ੈਅ ਕਵਿਤਾ ਜਾਪਣ ਲੱਗ ਜਾਂਦੀ ਹੈ। ਉਸੇ ਸਮੇਂ ਸਾਹਿਤ ਦੀ ਬਹੁਤ ਜ਼ਿਆਦਾ ਲੋੜ ਅਨੁਭਵ ਕੀਤੀ ਜਾਂਦੀ ਹੈ, ਕਿਉਂਕਿ ਮਨ ਕਿਸੇ ਵੀ ਤਰ੍ਹਾਂ ਦਾ ਵਿਚਾਰ ਕਿਸੇ ਨਾਲ ਸਾਂਝਾ ਕਰਨ ਤੋਂ ਡਰਦਾ ਹੈ। ਝਿਜਕ ਮਹਿਸੂਸ ਕਰਦਾ ਹੈ, ਕਿ ਕਿਤੇ ਲੋਕ ਪਾਗਲ ਹੀ ਨਾ ਸਮਝਣ। ਫਿਰ ਉਹ ਸਾਹਿਤ ਵੱਲ ਰੁੱਖ ਕਰਦਾ ਹੈ। ਆਪਣੀਆਂ ਕੋਮਲ ਭਾਵਨਾ, ਸੂਖ਼ਮ ਵਿਚਾਰਾਂ ਦੇ ਨਾਲ ਰਲਦੇ ਮਿਲਦੇ ਹਾਣੀ ਨੂੰ ਲੱਭਣ ਲਈ, ਪਰ ਇਹ ਹਾਣੀ ਕਿਤੇ ਵੀ ਨਹੀਂ ਮਿਲਦੇ। ਸਿਰਫ਼ ਤੇ ਸਿਰਫ਼ ਕਵਿਤਾਵਾਂ ਕਹਾਣੀਆਂ, ਲੇਖ, ਨਾਟਕ, ਨਾਵਲ ਹੀ ਅਜਿਹੇ ਸਮੇਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਖ਼ੜਦੇ ਹਨ ਅਤੇ ਉਨ੍ਹਾਂ ਦਾ ਸਾਥ ਦਿੰਦੇ ਹਨ ਅਤੇ ਭਾਵਨਾਵਾਂ ਦੇ ਵਹਿਣ (ਵੇਗ) ਦੀ ਸਹੀ ਤਰਜ਼ਮਾਨੀ ਕਰਦੇ ਹਨ।

ਇਹ ਪਲ ਜਿੰਦਗੀ ਦਾ ਬਹੁਤ ਨਾਜ਼ੁਕ ਪਲ ਹੁੰਦਾ ਹੈ। ਇਸ ਸਮੇਂ ਤੇ ਜੋ ਵੀ ਮਨ ਵਿਚ ਕੋਈ ਤਸਵੀਰ ਬਣ ਜਾਂਦੀ ਹੈ, ਉਹ ਪੱਥਰ ‘ਤੇ ਲਕੀਰ ਹੁੰਦੀ ਹੈ। ਗਲਤ ਭਾਸ਼ਾ, ਗਲਤ ਸ਼ਬਦਾਵਲੀ, ਗਲਤ ਵਿਚਾਰ, ਹਲਕੇ ਪੱਧਰ ਦਾ ਸਾਹਿਤ ਵਿਅਕਤੀਆਂ ਦੀ ਜਿੰਦਗੀ ਨੂੰ ”ਆਰ. ਡੀ. ਐਕਸ” ਦੇ ਵਿਸਫੋਟ ਦੀ ਤਰ੍ਹਾਂ ਬਰਬਾਦ ਕਰਦਾ ਹੈ। ਪਰ ਜੇਕਰ ਇਸ ਸਮੇਂ ਵਧੀਆ ਸਾਹਿਤ, ਚੰਗੀ ਸ਼ਬਦਾਵਲੀ, ਉਤਮ ਵਿਚਾਰ ਤੇ ਉਚ ਕੋਟੀ ਦੇ ਲੇਖਕਾਂ ਦੁਆਰਾ ਸਮਾਜ ਨੂੰ ਦਿੱਤੇ ਜਾਣ ਤਾਂ ਸਮਾਜ ਦੀ ਨੁਹਾਰ ਹੀ ਬਦਲ ਸਕਦੀ ਹੈ। ਹਰ ਵਿਅਕਤੀ ਆਪਣੀ ਜਿੰਦਗੀ ਦੀ ਸਿਰਜਣਾ ਖੁਦ ਕਰਦਾ ਸਕਦਾ ਹੈ। ਇਕ ਉਚ ਕੋਟੀ ਦੀ ਉਚੀ ਸੁੱਚੀ ਜਿੰਦਗੀ ਬਤੀਤ ਕਰ ਸਕਦਾ ਹੈ।

ਸਾਹਿਤ ਤੋਂ ਬਿਨ੍ਹਾਂ ਜਿੰਦਗੀ ਅਧੂਰੀ ਹੈ, ਕਿਉਂਕਿ ਸਾਨੂੰ ਆਪਣੇ ਭੂਤਕਾਲ ਦੇ ਬਾਰੇ ਵੀ ਜਾਨਣਾ ਬਹੁਤ ਜਰੂਰੀ ਹੁੰਦਾ ਹੈ। ਜੇਕਰ ਸਾਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ ਤਾਂ, ਅਸੀਂ ਕੁਝ ਵੀ ਨਹੀਂ ਕਰ ਸਕਦੇ। ਜਿਵੇਂ ਕਿਹਾ ਜਾਂਦਾ ਹੈ ਕਿ ”ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਕੌਮਾਂ ਨਸ਼ਟ ਹੋ ਜਾਂਦੀਆਂ ਹਨ।” ਹਰ ਵਿਅਕਤੀ ਨੂੰ ਸਾਹਿਤ ਪੜ੍ਹਨ ਵਿਚ ਰੁਚੀ ਰੱਖਣੀ ਚਾਹੀਦੀ ਹੈ। 

ਜਿਹੜੇ ਵਿਅਕਤੀ ਸਾਹਿਤ ਨਹੀਂ ਪੜ੍ਹਦੇ, ਉਹ ਕਦੇ ਵੀ ਆਪਣੀ ਜਿੰਦਗੀ ਅੱਗੇ ਨਹੀਂ ਵੱਧ ਸਕਦੇ। ਉਨ੍ਹਾਂ ਦੀ ਵਿਚਾਰਧਾਰਾ ਮਨੁੱਖਾਂ ਪ੍ਰਤੀ, ਹਾਂ ਪੱਖੀ ਤੋਂ ਨਾ ਪੱਖੀ ਹੋ ਕੇ ਰਹਿ ਜਾਂਦੀ ਹੈ। ਜਿਸ ਵਿਅਕਤੀ ਅੰਦਰ, ਕੋਮਲ ਭਾਵਨਾਵਾਂ ਤੇ ਸੁਖਮ ਕਲਾਵਾਂ ਲਈ ਕੋਈ ਥਾਂ ਨਹੀਂ ਉਹ ਵਿਅਕਤੀ, ਵਿਅਕਤੀ ਨਾ ਹੋ ਕੇ ਰਾਖਸ਼ ਪ੍ਰਵਿਰਤੀ ਧਾਰਨ ਕਰ ਲੈਂਦਾ ਹੈ। ਉਸ ਦੇ ਹਰ ਵਿਚਾਰ ਵਿਚੋਂ ਇਨਸਾਨੀ ਹਿੰਸਾ ਦੀ ਬਦਬੂ ਆਉਣ ਲੱਗ ਜਾਂਦੀ ਹੈ। ਮਨੁੱਖ ਉਸ ਨੂੰ ਕੀੜੇ ਮਕੌੜੇ ਜਾਪਣ ਲੱਗ ਜਾਂਦੇ ਹਨ, ਉਸ ਦਾ ਆਪਣੇ ਵਿਚਾਰਾਂ ਤੇ ਆਪਣੀਆਂ ਭਾਵਨਾਵਾਂ ਉਪਰ ਕਾਬੂ ਹੀ ਨਹੀਂ ਰਹਿੰਦਾ, ਉਹ ਸਖ਼ਤ ਦਿਲ ਸ਼ੈਤਾਨ ਬਣ ਜਾਂਦਾ ਹੈ। ਰੱਬ ਨਾ ਦੀ ਹੋਂਦ ਉਸ ਦੀ ਜਿੰਦਗੀ ਵਿਚੋਂ ਲਗਭਗ ਖ਼ਤਮ ਹੀ ਹੋ ਜਾਂਦੀ ਹੈ। ਉਸ ਲਈ ਉੱਚ ਕੋਟੀ ਦੀ ਜੀਵਨ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਸਾਹਿਤ ਦੀ ਅਣਹੋਂਦ ਜਿਥੇ ਜਿੰਦਗੀ ਵਿਚ ਖਾਲੀ ਥਾਂ ਬਣਾ ਦਿੰਦੀ ਹੈ। ਸਾਹਿਤ ਦੀ ਹੋਂਦ ਮਨੁੱਖ ਅੰਦਰ ਮਨੁੱਖੀ ਮਾਦਾ, ਮਨੁੱਖਤਾ ਤੇ ਚੰਗੇ ਵਿਚਾਰਾਂ ਨੂੰ ਜਨਮ ਦਿੰਦੀ ਹੈ, ਜੋ ਸਾਹਿਤ ਹੀ ਜੀਵਨ ਹੈ। ਇਹ ਜਿੰਦਗੀ ਦੀ ਸਚਾਈ ਹੈ। 

(ਵਿਜੈ ਗਰਗ)

ਸੇਵਾ ਮੁਕਤ ਪਿ੍ੰਸਪਲ –ਮਲੋਟ vkmalout@gmail.com

Install Punjabi Akhbar App

Install
×